ਤਾਈ ਦਾ ਅੱਡਾ (ਕਹਾਣੀ) – ਸਰਦਾਰ ਬਸਰਾ

ਇਹ ਸੜਕ ਮੇਰੇ ਘਰ ਤੋਂ ਬਹੁਤ ਦੂਰ ਨਹੀਂ। ਗੱਡੀ ਦੀਆਂ ਲਾਈਨਾਂ ਪਾਰ ਕਰਕੇ ਇਹ ਸੜਕ ਆ ਜਾਂਦੀ ਏ ਤੇ ਗੱਡੀ ਦੀਆਂ ਲਾਈਨਾਂ ਮੇਰੇ ਘਰੋਂ ਸਿਰਫ 5 ਮਿੰਟ ਦੀ ਵਾਟ ‘ਤੇ ਨੇ, ਪਰ ਮੈਂ ਇਸ ਸੜਕ ‘ਤੇ ਕਦੇ ਗਿਆ ਨਹੀਂ। ਮੇਰਾ ਮਤਲਬ ਸੜਕ ਦੇ ਸੱਜੇ ਪਾਸੇ ਕਦੇ ਨਹੀਂ ਮੁੜਿਆ, ਕਿਉਂਕਿ ਕਿੰਗ ਸਰਕਲ ਰੇਲਵੇ ਸਟੇਸ਼ਨ ਜਾਣ ਲਈ, ਬੱਸ ਸਟਾਪ ‘ਤੇ ਜਾਣ ਲਈ ਜਾਂ ਹਸਪਤਾਲ ਜਾਣ ਲਈ ਸੜਕ ਦੇ ਖੱਬੇ ਪਾਸੇ ਮੁੜਨਾ ਪੈਂਦਾ ਹੈ ਤੇ ਕੋਸੀਵਾੜਾ ਸਟੇਸ਼ਨ, ਜੋ ਹੁਣ ਗੁਰੂ ਤੇਗ ਬਹਾਦਰ ਨਗਰ ਜਾਂ “ਜੀ.ਟੀ.ਬੀ. “ਸਟੇਸ਼ਨ ਹੈ ਤੇ ਲਾਈਨਾਂ ਦੇ ਨਾਲ਼ ਹੀ ਹੈ, ਜਿਸ ‘ਤੇ ਜਾਣ ਲਈ ਕਿਸੇ ਪਾਸੇ ਵੀ ਨਹੀਂ ਮੁੜਨਾ ਪੈਂਦਾ।
ਸੜਕ ਦੇ ਸੱਜੇ ਪਾਸੇ ਮੋਟਰ ਸਪੇਅਰ-ਪਾਰਟਸ ਦੀਆਂ ਦੁਕਾਨਾਂ ਸਨ ਤੇ ਉਨ੍ਹਾਂ ਦੇ ਸਾਹਮਣੇ ਸੜਕ ਦੇ ਦੂਜੇ ਪਾਸੇ ਮੋਟਰ ਮਕੈਨਿਕਾਂ ਦੇ ਲੱਕੜ ਦੇ ਖੋਖੇ ਸਨ। ਮੇਰਾ ਇਨ੍ਹਾਂ ਨਾਲ਼ ਵੀ ਵਾਹ ਨਹੀਂ ਪੈਂਦਾ। ਸੋ ਸੜਕ ਦੇ ਸੱਜੇ ਪਾਸੇ ਮੁੜਨ ਵਾਲ਼ੀ ਕੋਈ ਵਜ੍ਹਾ ਹੀ ਨਹੀਂ ਤੇ ਰਹਿੰਦੀ-ਖੂੰਹਦੀ ਕਸਰ ਕਸਤੂਰੀ ਭਾਪੇ ਨੇ ਕੱਢ ਦਿੱਤੀ ਹੋਈ ਸੀ। ਕਸਤੂਰੀ ਭਾਪਾ ਕਵਿਤਾ ਲਿਖਦਾ ਤੇ ਮੈਨੂੰ ਉਸ ਦੀ ਕਵਿਤਾ ਤੋਂ ਬਹੁਤ ਡਰ ਲੱਗਦਾ।
“ਕਸਤੂਰੀ ਭਾਪਾ ਤੇਰੀ ਕਵਿਤਾ ਸੁਣਨ ਵਾਲ਼ੀ ਨਹੀਂ ਸਰਵਣ ਕਰਨ ਵਾਲ਼ੀ ਏ।” ਪਰ ਕਸਤੂਰੀ ਭਾਪੇ ਨੂੰ ਜੇ ਮੇਰਾ ਮਖੋਲ਼ ਸਮਝ ਆਵੇ ਤਾਂ ਫੇਰ ਉਹ ਕਵਿਤਾ ਹੀ ਕਾਹਨੂੰ ਲਿਖੇ। ਮੈਂ ਤੇ ਉਹਨੂੰ ਕਈ ਵਾਰ ਇਹ ਵੀ ਕਹਿ ਚੁੱਕਾਂ, “ਕਸਤੂਰੀ ਭਾਪਾ ਮੈਨੂੰ ਉਹ ਕਵਿਤਾ ਸਰਵਣ ਕਰਾਓ, ਜੋ ਤੁਸਾਂ ਅੱਠਵੀਂ ਪਾਸ ਕਰਨ ਦੇ ਬਾਅਦ ਲਿਖੀ ਏ।” ਪਰ ਭਾਪੇ ਨੇ ਅੱਠਵੀਂ ਪਾਸ ਕੀਤੀ ਹੀ ਨਹੀਂ ਤੇ ਅੱਠਵੀਂ ਜਮਾਤ ਤੱਕ ਵੀ ਉਹ ਇਸ ਕਰਕੇ ਪਹੁੰਚਿਆ ਕਿ ਅਠਾਰਾਂ ਸਾਲ ਦੀ ਉਮਰ ਤੋਂ ਪਹਿਲਾਂ ਡਰਾਈਵਿੰਗ ਲਾਈਸੰਸ ਬਣਦਾ ਨਹੀਂ, ਸੋ ਭਾਪੇ ਹੁਰਾਂ ਨੂੰ ਮਜ਼ਬੂਰਨ ਸਕੂਲ ਜਾਣਾ ਪਿਆ। ਪਹਿਲੇ ਦੋ-ਤਿੰਨ ਸਾਲ ਕਸਤੂਰੀ ਦੇ ਮਾਪਿਆਂ ਨੇ ਰਿਵਾਜ ਮੁਤਾਬਕ ਇੰਗਲਿਸ਼ ਮੀਡੀਅਮ ਦੇ ਖਰਾਬ ਕਰਵਾਏ ਤੇ ਫਿਰ ਹਿੰਦੀ ਮੀਡੀਅਮ ਰਾਹੀਂ ਅੱਠਵੀਂ ਤੱਕ ਪਹੁੰਚ ਗਿਆ, ਅਠਾਰਾਂ ਸਾਲ ਦਾ ਵੀ ਹੋ ਗਿਆ ਤੇ ਡਰਾਈਵਿੰਗ ਲਾਈਸੰਸ ਬਣਾ ਕੇ ਟੈਕਸੀ ਚਲਾਉਣ ਲੱਗ ਪਿਆ ਤੇ ਫੇਰ ਭਗਵਾਨ ਦੀ ਕ੍ਰਿਪਾ ਨਾਲ਼ ਮੋਟਰ-ਪਾਰਟਸ ਦੀ ਦੁਕਾਨ ਖੋਲ਼੍ਹ ਲਈ। ਕਸਤੂਰੀ ਦੇ ਹਲਫੀਆ ਬਿਆਨ ਮੁਤਾਬਕ ਭਗਵਾਨ ਜੀ ਦੀ ਉਸ ‘ਤੇ ਬਹੁਤ ਕ੍ਰਿਪਾ ਹੈ। ਭਗਵਾਨ ਜੀ ਨੇ ਸਰਸਵਤੀ ਦੀ ਦਾਤ ਵੀ ਕਸਤੂਰੀ ਨੂੰ ਬਖਸ਼ੀ ਹੋਈ ਏ ਤੇ ਏਸੇ ਕਾਰਨ ਉਹ ਕਵਿਤਾ ਲਿਖਦਾ ਹੈ।
ਸੜਕ ਦੇ ਸੱਜੇ ਪਾਸੇ ਪਹਿਲੀ ਦੁਕਾਨ ਹੀ ਕਸਤੂਰੀ ਭਾਪੇ ਦੀ ਏ ਤੇ ਰਜਿਸਟਰ ਉਹਦੇ ਸਾਹਮਣੇ ਪਿਆ ਹੀ ਰਹਿੰਦਾ, ਜਿਹਦੇ ‘ਚ ਉਹ ਕਵਿਤਾ ਤੇ ਦੁਕਾਨ ਦਾ ਹਿਸਾਬ-ਕਿਤਾਬ ਦੋਵੇਂ ਲਿਖਦਾ, “ਐਦਾਂ ਮੈਂ ਦੋਵੇਂ ਟੈਪ ਦੀਆਂ ਕਵਿਤਾਵਾਂ ਲਿਖ ਲੈਨਾਂ, ਧਾਰਮਿਕ ਤੇ ਸਮਾਜਿਕ।”
“ਸ਼ੇਰਾਂ ਵਾਲ਼ੀ ਮਾਤਾ”, ਉਹ ਧਾਰਮਿਕ ਕਵਿਤਾ ਲਿਖ ਰਿਹਾ ਸੀ, ਕਿ ਕੋਈ ਮਕੈਨਿਕ ਗੱਡੀ ਦੇ ਬੋਲਟ ਲੈਣ ਆ ਗਿਆ, ਜੋ ਉਸ ਰਜਿਸਟਰ ‘ਤੇ ਨੋਟ ਕਰ ਲਿਆ। ਵਿਲਿਅਮ 6 ਬੋਲਟ ਅਠਾਰਾਂ ਰੁਪਏ ਤੇ ਫੇਰ ਉਹਨੂੰ ਸਮਾਜੀ ਕਵਿਤਾ ਉਤਰ ਆਈ (ਉਹ ਕਵਿਤਾ ਲਿਖਣ ਨੂੰ ਕਵਿਤਾ ਉੱਤਰ ਆਈ ਕਹਿੰਦਾ ਸੀ, ਜਿਵੇਂ ਮੱਝ ਨੂੰ ਦੁੱਧ ਉਤਰ ਆਉਂਦਾ) ਤੇ ਉਸ ਲਿਖਿਆ ਗਰੀਬ ਦੇ ਆਂਸੂ। ਸੋ ਰਜਿਸਟਰ ਦੇ 27 ਸਫੇ ‘ਤੇ 14-5-98 ਨੂੰ ਇਹ ਲਿਖਿਆ ਹੋਇਆ ਸੀ।
“ਸ਼ੇਰਾਂ ਵਾਲ਼ੀ ਮਾਤਾ ਨੂੰ ਚੁੰਨੀਆਂ ਚੜਾਵਾਂ। ਵਿਲਿਅਮ ਮਕੈਨਿਕ 6 ਬੋਲਟ ਅਠਾਰਾਂ ਰੁਪਏ ਗਰੀਬ ਦੇ ਆਂਸੂ, ਹਾਏ ਰੱਬਾ।”
ਕਈ ਵਾਰੀ ਬੜਾ ਬੋਰ ਦਿਨ ਚੜ੍ਹਦਾ ਅਖ਼ਬਾਰ ਪੜ੍ਹਨ ਨੂੰ ਜੀ ਨਹੀਂ ਕਰਦਾ ਤੇ ਉਸ ‘ਤੇ ਜੇ ਕੋਈ ਕੰਮ ਵੀ ਨਾ ਹੋਵੇ ਤਾਂ ਬੜੀ ਆਫਤ ਆ ਜਾਂਦੀ ਹੈ। ਏਸੇ ਤਰ੍ਹਾਂ ਦਾ ਇੱਕ ਬੋਰ ਦਿਨ ਮੇਰੇ ਲਈ ਚੜ੍ਹਿਆ ਬਸ ਅਖਬਾਰ ਦੀਆਂ ਮਸਾਂ ਸੁਰਖੀਆਂ ਹੀ ਦੇਖੀਆਂ, ਲਿਖਣ-ਪੜ੍ਹਨ ਨੂੰ ਤਾਂ ਉੱਕਾ ਹੀ ਜੀ ਨਾ ਕਰੇ। ਉਸ ਦਿਨ ਕੋਈ ਅਪਾਇੰਟਮੈਂਟ ਵੀ ਨਹੀਂ ਸੀ, ਸੋਚਿਆ ਵੀ.ਟੀ. ‘ਤੇ ਇੱਕ ਵਜੇ ਦੀ ਕੋਈ ਇੰਗਲਿਸ਼ ਫ਼ਿਲਮ ਦੇਖਾਂਗਾ, ਫੇਰ ਫੁੱਟਪਾਥ ‘ਤੇ ਵਿਕਦੀਆਂ ਪੁਰਾਣੀਆਂ ਕਿਤਾਬਾਂ ਦੀ ਫੋਲਾ-ਫਾਲੀ ਕਰਾਂਗਾ। ਕਈ ਵਾਰੀ ਬਹੁਤ ਵਧੀਆ ਕਿਤਾਬਾਂ ਮਿਲ ਜਾਂਦੀਆਂ ਨੇ ਤੇ ਇਸ ਤਰ੍ਹਾਂ ਇਹ ਬੋਰ ਦਿਨ ਬੀਤ ਜਾਏਗਾ, ਸੋ ਮੈਂ ਗਿਆਰਾਂ ਵਜੇ ਨਾਲ਼ ਤਿਆਰ ਹੋਣ ਲੱਗ ਪਿਆ। ਤਿਆਰ ਹੁੰਦਿਆਂ ਮੈਨੂੰ ਬਿਜਲੀ ਦੇ ਬਿੱਲ ਦਾ ਖਿਆਲ ਆ ਗਿਆ। ਚਲੋ ਬੈਂਕ ‘ਚ ਬਿਜਲੀ ਦਾ ਬਿੱਲ ਦੇ ਕੇ ਕੋਸੀਵਾੜਾ ਸਟੇਸ਼ਨ ਤੋਂ ਗੱਡੀ ਫੜ ਵੀ.ਟੀ. ਚਲਾ ਜਾਵਾਂਗਾ।
ਮੈਂ ਬੈਂਕ ‘ਚ ਗਿਆ ਤੇ ਅੱਗੇ ਕਸਤੂਰੀ ਭਾਪਾ ਵੀ ਬਿੱਲ ਦੇਣ ਆਇਆ ਹੋਇਆ ਸੀ। ਮੈਨੂੰ ਦੇਖ ਕੇ ਉਹ ਇਸ ਤਰ੍ਹਾਂ ਖੁਸ਼ ਹੋਇਆ ਜਿੱਦਾਂ ਪੁਲਸ ਵਾਲੇ ਹਵਾਲਾਤ ‘ਚੋਂ ਭੱਜਾ ਮੁਜਰਮ ਫੜ ਕੇ ਖੁਸ਼ ਹੁੰਦੇ ਨੇ, ਪਰ ਅੱਜ ਡਰਿਆ ਮੈਂ ਵੀ ਨਹੀਂ। ਸੋਚਿਆ ਇਸ ਗਰਮੀ ‘ਚ ਕਿਹੜਾ ਵੀ.ਟੀ. ਜਾਵੇਗਾ, ਏਥੇ ਹੀ ਕਸਤੂਰੀ ਦੀਆਂ ਕਵਿਤਾਵਾਂ ਸੁਣ-ਸੁਣ ਹੱਸਦਾ ਰਹਾਂਗਾ, ਚੰਗਾ ਵਕਤ ਨਿਕਲ ਜਾਏਗਾ। ਅਸਾਂ ਦੋਵਾਂ ਬਿੱਲ ਜਮ੍ਹਾਂ ਕਰਾਏ ਤੇ ਕਸਤੂਰੀ ਭਾਪਾ ਮੈਨੂੰ ਆਪਣੀ ਦੁਕਾਨ ਵੱਲ ਲੈ ਤੁਰਿਆ। ਅਜੇ ਅਸੀਂ ਦੁਕਾਨ ਕੋਲ਼ ਪਹੁੰਚੇ ਹੀ ਸਾਂ ਕਿ ਇੱਕ ਆਵਾਜ਼ ਸੁਣਾਈ ਦਿੱਤੀ, “ਸਾਬ ਜੀ” ਆਵਾਜ਼ ਫੇਰ ਆਈ। ਆਵਾਜ਼ ‘ਚ ਅਪਣੱਤ ਸੀ, ਮੈਂ ਸਾਹਮਣੇ ਦੇਖਿਆ, ਸਾਹਮਣੇ ਪੰਜਾਬੀ ਟੈਕਸੀ ਡਰਾਈਵਰ ਤੇ ਸਾਊਥ ਇੰਡੀਅਨ ਮਕੈਨਿਕ ਸਨ। ਮੇਰਾ ਇਨ੍ਹਾਂ ‘ਚ ਕੋਈ ਵਾਕਫ਼ ਨਹੀਂ ਸੀ। ਏਨੇ ਨੂੰ ਕਿਸੇ ਨੇ ਬੜੇ ਪਿਆਰ ਨਾਲ਼ ਮੇਰਾ ਹੱਥ ਆ ਫੜਿਆ। ਵੇਖਿਆ ਇਹ ਇਕ ਮਦਰਾਸੀ ਮੁੰਡਾ ਸੀ, ਉਹ ਮੇਰਾ ਹੱਥ ਫੜੀ ਸਾਹਮਣੇ ਖੋਖਿਆਂ ਵੱਲ ਲੈ ਗਿਆ ਤੇ ਇਕ ਲੋਹੇ ਦੇ ਸਟੂਲ ‘ਤੇ ਕੱਪੜਾ ਮਾਰ ਮੈਨੂੰ ਉਸ ‘ਤੇ ਬਿਠਾ ਕੇ ਚਾਹ ਲਈ ਕਿਹਾ, “ਚਾਹ ਰਹਿਣ ਦੇ ਬਹੁਤ ਗਰਮੀ ਏ।”
ਕਟਿੰਗ ਕਟਿੰਗ (ਅੱਧਾ-ਅੱਧਾ ਕੱਪ)
“ਮੈਨੂੰ ਪਛਾਣਿਆ ਨਹੀਂ।”
“ਨਹੀਂ।”
ਪਛਾਣੋਗੇ ਵੀ ਕਿੱਦਾਂ ਬਹੁਤ ਚਿਰ ਦੀ ਗੱਲ ਏ। ਹੁਣ ਜਿੱਥੇ ਬਾਲਾ ਜੀ ਦਾ ਮੰਦਰ ਏ, “ਇੱਥੇ ਕਦੇ ਤਾਈ ਦਾ ਦਾਰੂ ਦਾ ਅੱਡਾ ਸੀ।”
“ਹਾਂ ਹੁੰਦਾ ਸੀ।”
“ਤੁਸੀਂ ਉੱਥੇ ਦਾਰੂ ਪੀਣ ਆਇਆ ਕਰਦੇ ਸੀ, ਤੁਹਾਡੇ ਨਾਲ਼ ਇੱਕ ਸਰਦਾਰ ਜੀ ਵੀ ਹੁੰਦੇ ਸਨ।”
“ਹਾਂ, ਕੁਲਦੀਪ ਸਿੰਘ।”
“ਉਸ ਅੱਡੇ ‘ਤੇ ਇੱਕ ਨਿੱਕਾ ਜਿਹਾ ਮੁੰਡਾ ਬਟਾਟਾ (ਆਲੂ) ਬੜੇ ਵੇਚਿਆ ਕਰਦਾ ਸੀ, ਜਿਸ ਨੂੰ ਸਾਰੇ ਕਾਲੀਆ ਕਹਿੰਦੇ ਸਨ।”
“ਓਏ! ਤੂੰ ਕਿਤੇ ਉਹ ਕਾਲੀਆ ਤਾਂ ਨਹੀਂ?”
“ਹਾਂ, ਮੈਂ ਉਹੋ ਕਾਲੀਆ ਹਾਂ।” ਉਹ ਮੁੰਡਾ ਹੱਸ ਪਿਆ।
ਮੇਰੇ ਸਾਹਮਣੇ ਤਾਈ ਦਾ ਅੱਡਾ ਘੁੰਮਣ ਲੱਗ ਪਿਆ। ਇੱਕ ਵੱਡਾ ਸਾਰਾ ਹਾਤਾ, ਚਾਲੀ-ਪੰਜਾਹ ਬੰਦੇ ਚਟਾਈਆਂ ਵਿਛਾ ਦਾਰੂ ਪੀ ਰਹੇ ਨੇ, ਪੰਜਾਬੀ ਟੈਕਸੀ ਡਰਾਈਵਰ ਗਲੀਆਂ-ਮੁਹੱਲਿਆਂ ‘ਚ ਫਿਰ ਤੁਰ ਕੇ ਕੱਪੜੇ ਵੇਚਣ ਵਾਲੇ ਸਿੰਧੀ-ਗੁਜਰਾਤੀ ਆਪਣੀਆਂ ਗਠੜੀਆਂ ਕੋਲ਼ ਰੱਖੀ ਬੜੇ ਮਜ਼ੇ ਨਾਲ਼ ਦਾਰੂ ਪੀ ਰਹੇ ਨੇ। ਮੋਟਰ-ਮਕੈਨਿਕ ਮੁਸਲਮਾਨ ਮੁੰਡਾ ਮਦਰਾਸੀ ਮੁੰਡੇ ਕਈ ਫ਼ਿਲਮਾਂ ਵਾਲੇ। ਪਾਕਿਟ ਮਾਰ ਆਪਣੀ ਢਾਣੀ ਜਮਾਈ ਬੈਠੇ ਨੇ। ਬੁੱਢੀਆਂ ਕ੍ਰਿਸ਼ਨ ਤੇ ਮਰਾਟੀ ਔਰਤਾਂ ਆਉਂਦੀਆਂ ਦੋ-ਦੋ ਰੁਪਏ ਦੀ ਗਲਾਸੀ ਪੀਂਦੀਆਂ ਤੇ ਚਲਦੀਆਂ ਬਣਦੀਆਂ। ਖੁਸਰੇ ਤੇ ਆਲੇ-ਦੁਆਲੇ ਦੀਆਂ ਕੁਝ ਅਵਾਰਾ ਔਰਤਾਂ ਆਉਂਦੀਆਂ ਤਾਂ ਚਾਂਗਰਾਂ ਵੱਜਣ ਲੱਗ ਪੈਂਦੀਆਂ। ਖੁਸਰੇ ਅੱਡੀ ਨੱਚ ਕੇ ਅਵਾਰਾ ਔਰਤਾਂ ਘੜੀ ਨਖਰਾ ਵਿਖਾ ਦਾਰੂ ਪੀ ਕੇ ਚੱਲਦੀਆਂ ਬਣਦੀਆਂ।
ਤਾਈ ਦਾ ਅੱਡਾ ਆਪਣੇ-ਆਪ ‘ਚ ਇੱਕ ਦੁਨੀਆ ਸੀ ਤੇ ਦੁਨੀਆ ਦਾ ਇੱਕ ਅਹਿਮ ਵਸਨੀਕ ਇਹ ਨਿੱਕਾ ਕਾਲੀਆ ਸੀ। ਕਾਲੀਏ ਦੀ ਉਮਰ ਕੋਈ ਅੱਠ-ਨੌਂ ਸਾਲਾਂ ਦੀ ਹੋਵੇਗੀ। ਉਹ ਰੋਜ਼ ਸ਼ਾਮ ਨੂੰ ਸਿਲਵਰ ਦੀ ਪਰਾਤ ਆਲੂ-ਵੜਿਆਂ ਦੀ ਭਰ ਕੇ ਲਿਆਉਂਦਾ ਤੇ ਜਿੰਨਾ ਚਿਰ ਸਾਰੇ ਵਿਕ ਨਾ ਜਾਣ, ਉਹ ਘਰ ਨਹੀਂ ਸੀ ਜਾਂਦਾ। ਕਾਲੀਏ ਨੂੰ ਅਕਸਰ ਰਾਤ ਦੇ ਬਾਰਾਂ-ਸਾਢੇ-ਬਾਰਾਂ ਵੱਜ ਜਾਂਦੇ। ਪਰਾਤ ਵਿੱਚ ਉਹ ਰੋਜ਼ 50 ਵੜੇ ਲੈ ਕੇ ਆਉਂਦਾ ਤੇ 25 ਰੁਪਏ ਰੋਜ਼ ਉਸ ਦੀ ਮਾਂ ਉਸ ਤੋਂ ਗਿਣ ਕੇ ਲੈ ਲੈਂਦੀ ਅੱਠ ਆਨੇ ਵੀ ਘਟ ਜਾਣ, ਤਾਂ ਕਾਲੀਏ ਨੂੰ ਚੱਪਲਾਂ ਨਾਲ਼ ਕੁੱਟ ਪੈਂਦੀ। ਕਾਲੀਏ ਦੀ ਮਾਂ ਮਤਰੇਈ ਸੀ ਤੇ ਬਾਪ ਗਿਆ ਗੁਜ਼ਰਿਆ। ਉਹ ਅਜ਼ੀਜ਼ ਪੋਟਾਰੀ ਦੇ ਮੁਰਗੇ ਵੱਢਣ ਦਾ ਕੰਮ ਕਰਦਾ ਸੀ। ਮੁਰਗੇ ਦੀ ਧੌਣ ਵੱਢ ਕੇ ਕੋਲ਼ ਪਏ ਪਲਾਸਟਿਕ ਦੇ ਡਰੰਮ ਵਿੱਚ ਸੁਟ ਦਿੰਦਾ। ਮੁਰਗਾ ਕੁਝ ਚਿਰ ਤੜਪਦਾ ਰਹਿੰਦਾ ਤੇ ਉਹ ਆਰਾਮ ਨਾਲ਼ ਕੋਲ਼ ਬੀੜੀ ਪੀਂਦਾ ਰਹਿੰਦਾ ਤੇ ਫੇਰ ਮੁਰਗੇ ਦੇ ਠੰਡੇ ਹੋਣ ‘ਤੇ ਡਰੰਮ ‘ਚੋਂ ਕੱਢਦਾ, ਛਿੱਲਦਾ ਤੇ ਕੱਟ-ਵੱਢ ਕਰਦਾ। ਉਸ ਨੂੰ ਇੱਕ ਮੁਰਗਾ ਵੱਢਣ-ਛਿੱਲਣ ਦੇ ਦੋ ਰੁਪਏ ਮਿਲਦੇ ਸਨ ਤੇ ਉਹ ਦਿਹਾੜੀ ‘ਚ 20-25 ਮੁਰਗੇ ਝਟਕਾ ਦਿੰਦਾ ਸੀ। ਬਸ ਥੋੜ੍ਹੇ-ਥੋੜ੍ਹੇ ਚਿਰ ਪਿੱਛੋਂ ਦੋ ਰੁਪਏ ਦੀ ਗਲਾਸੀ ਤਾਈ ਦੇ ਅੱਡੇ ਤੋਂ ਮਾਰ ਲੈਂਦਾ ਤੇ ਆਪਣੇ ਕੰਮ ‘ਚ ਜੁਟਿਆ ਰਹਿੰਦਾ। ਇਸ ਤਰ੍ਹਾਂ ਉਹ 20-25 ਰੁਪਏ ਦਿਹਾੜੀ ਦੇ ਖਰਚ ਲੈਂਦਾ ਤੇ ਬਾਕੀ ਬਚੇ ਪੈਸੇ ਕਾਲੀਏ ਦੀ ਮਾਂ ਸ਼ਾਮ ਨੂੰ ਅਜ਼ੀਜ਼ ਤੋਂ ਲੈ ਲੈਂਦੀ।
ਇਹ ਨਹੀਂ ਕਿ ਕਾਲੀਏ ਦੇ ਵੜਿਆਂ ਤੋਂ ਬਿਨ੍ਹਾਂ ਤਾਈ ਦੇ ਅੱਡੇ ਤੋਂ ਹੋਰ ਕੁਝ ਸਲੂਣਾ ਨਹੀਂ ਸੀ ਮਿਲਦਾ। ਉੱਥੇ ਮੱਛੀ ਮਿਲਦੀ ਸੀ, ਆਂਡੇ ਮਿਲਦੇ ਸਨ, ਛੋਲੇ, ਉੱਬਲੀ ਹੋਈ ਮੂੰਗਫਲੀ, ਸਲਾਦ, ਰੈਤਾ ਸਭ ਮਿਲਦੇ ਸਨ। ਇਨ੍ਹਾਂ ਚੀਜ਼ਾਂ ਦੀਆਂ ਦੋ-ਤਿੰਨ ਦੁਕਾਨਾਂ ਤਾਈ ਦੀਆਂ ਹੀ ਸਨ, ਪਰ ਉਹ ਫੇਰ ਵੀ ਕਾਲੀਏ ਨੂੰ ਵੜੇ ਵੇਚ ਲੈਣ ਦਿੰਦੀ ਸੀ। ਤਾਈ ਤੋਂ ਇਲਾਵਾ ਹੋਰ ਵੀ ਕਈ ਜਣੇ ਜਾਣਦੇ ਸਨ। ਪਰ ਕਾਲੀਏ ਦੀ ਮਾਂ ਮਤਰੇਈ ਏ ਤੇ ਉਹ ਕਾਲੀਏ ਤੋਂ ਵੜੇ ਲੈ ਕੇ ਇੱਕ ਵੜਾ ਉਹਨੂੰ ਵੀ ਖਾਣ ਨੂੰ ਦੇ ਦਿੰਦੀ। ਇੰਝ ਕਾਲੀਆ ਬਾਰਾਂ ਵਜੇ ਤੱਕ ਪੰਜ-ਸੱਤ ਵੜੇ ਖਾ ਕੇ ਆਪਣਾ ਢਿੱਡ ਝੁਲਸਾ ਲੈਂਦਾ। ਕਾਲੀਏ ਨੂੰ ਕਦੇ ਉਧਰੋਂ ਆਵਾਜ਼ ਆਉਂਦੀ ਤੇ ਨਿੱਕਾ ਜਿਹਾ ਕਾਲੀਆ ਆਪਣੀ ਪਰਾਤ ਚੁੱਕ ਕੇ ਸਾਰੇ ਅੱਡੇ ‘ਚ ਭੱਜਿਆ ਫਿਰਦਾ। ਸ਼ਾਮ ਦੇ 6 ਵਜੇ ਤੋਂ ਰਾਤ ਦੇ ਬਾਰਾਂ ਵਜੇ ਤੱਕ ਕਾਲੀਆ ਏਸ ਭੱਜ-ਦੌੜ ਨਾਲ਼ ਦੋ ਕੁ ਮੀਲ ਦਾ ਸਫ਼ਰ ਤੈਅ ਕਰ ਹੀ ਲੈਂਦਾ।
ਨਿੱਕਾ ਜਿਹਾ ਕਾਲੀਆ ਭੁੱਖਾ-ਭਾਣਾ ਕਾਲੀਆ, ਸਾਰੇ ਪਾਸੇ ਲੋਕ ਖਾ-ਪੀ ਰਹੇ ਹੁੰਦੇ, ਜਿਨ੍ਹਾਂ ਨੂੰ ਵੇਖ-ਵੇਖ ਉਹਦੀ ਭੁੱਖ ਹੋਰ ਵੀ ਮਚਦੀ, ਪਰ ਉਸ ਦੀ ਹਿੰਮਤ ਨਾ ਪੈਂਦੀ ਪਰਾਤ ‘ਚੋਂ ਚੁੱਕ ਕੇ ਵੜਾ ਖਾਣ ਦੀ। ਕਿੰਨਾ ਮਾਰਦੀ ਹੋਏਗੀ ਵਿਚਾਰੇ ਨੂੰ ਉਹਦੀ ਮਾਂ? ਕੋਈ ਹਮਦਰਦ ਨਹੀਂ, ਕਿਤੋਂ ਉਹਨੂੰ ਪਿਆਰ ਤੇ ਸੁਨੇਹ ਨਹੀਂ ਮਿਲਦਾ। ਭੋਲੀਆਂ ਜਿਹੀਆਂ ਅੱਖਾਂ ‘ਚ ਨਿੱਕੀ ਜਿਹੀ ਮੁਸਕਾਨ ਜਿੱਦਾਂ ਕਹਿ ਰਿਹਾ ਹੋਵੇ ਤੁਸੀਂ ਕਾਹਨੂੰ ਗਲ ਪਾਈ ਝੁਰਦੇ ਹੋ ਮੇਰੀ ਤੇ ਇਹੋ ਕਿਸਮਤ ਏ। ਹਾੜ੍ਹ ਜਾਵੇ ਸਿਆਲ ਜਾਵੇ, ਪਾਟੀ ਜਿਹੀ ਬਨੈਣ ਤੇ ਤੇੜ ਪੁਰਾਣੀ ਅੱਧੋਰਾਣੀ ਨਿੱਕਰ। ਮੁੰਬਈ ‘ਚ ਭਾਵੇ ਪਾਲ਼ਾ ਨਹੀਂ ਪੈਂਦਾ, ਪਰ ਦਸੰਬਰ-ਜਨਵਰੀ ਦੀ ਰਾਤ ਨੂੰ ਠੰਢ ਤੇ ਲੱਗਦੀ ਹੀ ਏ ਨਾ।
ਇਸ ਅੱਡੇ ਦੀ ਦੁਨੀਆ ਦਾ ਇੱਕ ਅਹਿਮ ਅੰਗ ਹੈ ਪੁਲਸ। ਪੈਂਦੇ ਥਾਣੇ ਦੀ ਪੁਲਸ, ਸਪੈਸ਼ਲ ਪੁਲਸ ਤੇ ਐਕਸਾਈਜ਼ ਵਾਲੇ। ਸ਼ਾਮ ਪੈਣ ਨਾਲ਼ ਹੀ ਤਾਈ ਆਪਣਾ ਆਸਣ ਅੱਡੇ ਦੀ ਇੱਕ ਨੁੱਕਰੇ ਜਮਾ ਲੈਂਦੀ। ਸੌ ਦੇ ਨੋਟ ਇੱਕ ਪਾਸੇ, ਪੰਜਾਹ ਦੇ ਨੋਟ ਇੱਕ ਪਾਸੇ, ਦਸਾਂ ਦੇ ਨੋਟ ਇੱਕ ਪਾਸੇ, ਵੀਹ ਦੇ ਨੋਟ ਇੱਕ ਪਾਸੇ ਦਰੀ ਥੱਲੇ ਰੱਖ ਲੈਂਦੀ। ਪੁਲਸ ਵਾਲੇ ਆਉਂਦੇ ਤੇ ਆਪਣੇ ਅਹੁਦੇ ਤੇ ਡੀਪਾਰਟਮੈਂਟ ਦੀ ਅਹਿਮੀਅਤ ਮੁਤਾਬਕ ਪੈਸੇ ਲੈਂਦੇ ਤੇ ਚਲਦੇ ਬਣਦੇ। ਸਿਰਫ ਸਿਪਾਹੀਆਂ ਨੂੰ ਲਾਈਨ ਲਾਉਣੀ ਪੈਂਦੀ ਤੇ ਤਾਈ ਦੋ-ਦੋ ਰੁਪਏ ਸਾਰਿਆਂ ਨੂੰ ਦਈ ਜਾਂਦੀ ਤੇ ਜਦ ਕਦੇ ਬਹੁਤੀ ਹੀ ਗੱਲ ਆ ਬਣਦੀ ਤਾਂ ਮਾਮਾ (ਮਰਾਠੀ ਦੇ ਭਲੇਮਾਣਸ ਬੰਦੇ ਨੂੰ ਕਹਿੰਦੇ ਨੇ) ਦਾ ਚਲਾਨ ਕਰਾ ਦਿੰਦੀ। ਕਦੇ ਮਾਮਾ ਛੁੱਟ ਜਾਂਦਾ ਕਦੇ ਛੇ ਮਹੀਨੇ ਕੈਦ ਹੋ ਜਾਂਦੀ।
ਖੈਰ! ਅਸੀਂ ਤੇ ਗੱਲ ਕਾਲੀਏ ਦੀ ਕਰ ਰਹੇ ਸਾਂ, ਉਹ ਆਪਣੇ 50 ਵੜੇ ਵੇਚ ਕੇ 25 ਰੁਪਏ ਵੱਟ ਕੇ ਬਾਰਾਂ-ਸਾਢੇ-ਬਾਰਾਂ ਵਜੇ ਘਰ ਜਾਂਦਾ, 25 ਰੁਪਏ ਮਾਂ ਨੂੰ ਦਿੰਦਾ ਤੇ ਮਾਂ ਠੰਢੇ ਚੌਲ ਤੇ ਸਾਂਬਰ (ਇਮਲੀ ਤੇ ਮਿੱਠੇ ਕੱਦੂ ਪਾ ਕੇ ਤਿਆਰ ਕੀਤੀ ਦਾਲ) ਥਾਲੀ ‘ਚ ਪਾ ਦਿੰਦੀ ਤੇ ਕਾਲੀਆ ਖਾ ਕੇ ਚੱਟਾਈ ਵਿਛਾ ਕੇ ਸੌਂ ਜਾਂਦਾ, ਫੇਰ ਸਵੇਰੇ ਛੇ ਵਜੇ ਉੱਠ ਕੇ ਪਾਣੀ ਭਰਦਾ ਤੇ ਅੱਠ ਵਜੇ ਤੱਕ ਵਰਤਣ ਜੋਗਾ ਪਾਣੀ ਭਰ ਲੈਂਦਾ, ਫੇਰ ਚਾਹ ਨਾਲ਼ ਮਾੜਾ-ਮੋਟਾ ਨਾਸ਼ਤਾ ਕਰਕੇ ਮਾਂ ਨਾਲ਼ ਕੱਪੜੇ ਧੋਣ ਲੱਗ ਪੈਂਦਾ। ਇਸ ਕੰਮ ‘ਚ ਗਰੀਬੀ ਕਾਲੀਏ ਦੀ ਮਦਦ ਕਰਦੀ, ਧੋਣ ਵਾਲੇ ਕੱਪੜੇ ਬਹੁਤੇ ਨਹੀਂ ਸਨ ਹੁੰਦੇ, ਕੱਪੜਿਆਂ ਦੇ ਬਾਅਦ ਦੁਪਹਿਰ ਦੀ ਰੋਟੀ ਦਾ ਅਮਲ ਸ਼ੁਰੂ ਹੋ ਜਾਂਦਾ। ਕਾਲੀਆ ਚੌਲ ਚੁਣਦਾ। ਮਾਂ ਮੱਛੀ ਵਾਲੇ ਤੋਂ 5 ਰੁਪਏ ਦੀ ਮੱਛੀ ਲੈਣ ਲਈ ਬਹਿਸਦੀ, ਨਿਆਣਿਆਂ ਨੂੰ ਗਾਲਾਂ ਕੱਢਦੀ, ਨਿਆਣਿਆਂ ਤੋਂ ਉੱਠ ਕੇ ਕਿਸੇ ਜ਼ਨਾਨੀ ਨਾਲ਼ ਆਹਡਾ ਲੈ ਬਹਿੰਦੀ। ਖੈਰ ਦੁਪਹਿਰ ਦਾ ਖਾਣਾ ਤਿਆਰ ਹੋ ਜਾਂਦਾ। ਖਾਣਾ ਖਾ ਕੇ ਮਾਂ ਆਪਣੇ ਨਿੱਕੇ ਬੱਚੇ ਲੈ ਕੇ ਸੌਂ ਜਾਂਦੀ ਤੇ ਕਾਲੀਆ ਗਲ਼ੀ ‘ਚ ਖੇਡਣ ਚਲਾ ਜਾਂਦਾ। ਕਾਲੀਏ ਨੂੰ 24 ਘੰਟਿਆਂ ‘ਚੋਂ ਸਿਰਫ 6 ਘੰਟੇ ਸੌਣ ਦੇ, ਦੋ-ਤਿੰਨ ਘੰਟੇ ਖੇਡਣ ਲਈ ਮਿਲਦੇ। ਬਾਕੀ 16 ਘੰਟੇ ਕੰਮ, ਉਮਰ ਸਿਰਫ 8-9 ਸਾਲ।
ਚਾਰ ਵੱਜਦੇ ਤਾਂ ਮਾਂ ਆਲੂ ਉਬਲਣੇ ਰੱਖ ਦਿੰਦੀ, ਕਾਲੀਆ ਆਲੂ ਮਾਂ ਨਾਲ਼ ਛਿਲਾਂਦਾ, ਫੇਰ ਮਾਂ ਵੇਸਣ ਘੋਲਦੀ, ਕਾਲੀਆ ਵੜੇ ਤਲਣ ‘ਚ ਮਦਦ ਕਰਦਾ ਤੇ 25 ਵੜੇ ਲੈ ਕੇ 6ਵਜੇ ਅੱਡੇ ਨੂੰ ਤੁਰ ਪੈਂਦਾ। ਤੁਰਨ ਲੱਗਿਆਂ ਉਹਨੂੰ ਦੋ ਵੜੇ ਖਾਣ ਨੂੰ ਮਿਲ ਜਾਂਦੇ ਸਨ।
ਮੇਰੀ ਸੋਚ ਟੁੱਟੀ। ਕਾਲੀਆ ਇੱਕ ਟੈਕਸੀ ਦੇ ਬੋਲਟ ਕੱਸ ਰਿਹਾ ਸੀ।
“ਤੂੰ ਇਹ ਮਕੈਨਿਕੀ ਕਿੱਥੋਂ ਸਿੱਖ ਲਈ।”
“ਸਾਬ ਜੀ ਮੈਂ ਬਹੁਤ ਦੁਖੀ ਸਾਂ। ਦੁਖੀ ਬੋਲੋ ਤੋਂ ਬਹੁਤ ਦੁਖੀ ਸਾਡੀ ਗਲ਼ੀ ਦਾ ਇੱਕ ਮੁੰਡਾ ਘਾਟ ਕਪੂਰ ਕਿਸੇ ਗੈਰਿਜ ‘ਚ ਕੰਮ ਕਰਦਾ ਸੀ, ਮੈਂ ਉਹਦੇ ਨਾਲ਼ ਗੱਲ ਕੀਤੀ। ਉਸ ਕਿਹਾ ਕਿ ਮੈਂ ਗੈਰਿਜ ਦੇ ਮਾਲਕ ਸਰਦਾਰ ਜੀ ਨੂੰ ਪੁੱਛਾਂਗਾ। ਇੱਕ ਦਿਨ ਉਸ ਮੈਨੂੰ ਕਿਹਾ ਸਰਦਾਰ ਤੈਨੂੰ ਆਪਣੇ ਗੈਰਿਜ ‘ਤੇ ਰੱਖ ਲਵੇਗਾ। 7 ਰੁਪਏ ਤੈਨੂੰ ਰੋਜ਼ ਮਿਲਣਗੇ ਉੱਤੋਂ 5-6 ਰੁਪਏ ਬਖਸ਼ਿਸ਼ ਵੀ ਹੋ ਜਾਂਦੀ ਏ, ਗੁਜ਼ਾਰਾ ਹੋ ਜਾਂਦਾ। ਬੇਸ਼ੱਕ ਗੈਰਿਜ ‘ਚ ਹੀ ਸੌਂ ਜਾਇਆ ਕਰੀਂ, ਫਿਕਰ ਨਾ ਕਰ ਜੇ ਤੇਰੀ ਮਾਂ ਤੈਨੂੰ ਗੈਰਿਜ ‘ਚ ਲੈਣ ਆਈ, ਤਾਂ ਸਰਦਾਰ ਡੰਡਾ ਮਾਰ ਕੇ ਉਸ ਨੂੰ ਭਜਾ ਦੇਵੇਗਾ, ਬੜਾ ਕੜਕ ਬੰਦਾ। ਮੈਨੂੰ ਉਸ ਗੈਰਾਜ ਦਾ ਰਾਹ ਸਮਝਾ ਦਿੱਤਾ ਤੇ ਇੱਕ ਦੁਪਹਿਰ ਮੈਂ ਘਰੋਂ ਭੱਜ ਉਸ ਗੈਰਾਜ ‘ਚ ਚਲਾ ਗਿਆ, ਗੈਰਾਜ ‘ਚ ਜਾ ਕੇ ਮੇਰੀ ਕਿਸਮਤ ਹੀ ਬਦਲ ਗਈ। ਰੱਜ ਕੇ ਸੌਣ ਨੂੰ ਮਿਲਦਾ ਸੀ ਤੇ ਗਰਮ ਸਾਂਬਰ ਨਾਲ਼ ਚੌਲ। ਰੋਜ਼ ਬਖਸ਼ਿਸ਼ ਪਾ ਕੇ 12-13 ਰੁਪਏ ਹੋ ਜਾਂਦੇ ਸਨ। ਸਾਹਮਣੇ “ਅਨਾ ਜੀ” ਦੇ ਹੋਟਲ ਤੋਂ 6 ਰੁਪਏ ਦੀ ਥਾਲੀ ਸਾਂਬਰ ਚੌਲ ਦੀ, ਦੋ-ਤਿੰਨ ਵਾਰ ਚਾਹ ਵੀ ਪੀਣ ਨੂੰ ਮੁਫਤ ਮਿਲ ਜਾਂਦੀ ਸੀ। ਜਿਹੜਾ ਵੀ ਗੈਰਜ ‘ਚ ਗੱਡੀ ਲੈ ਕੇ ਆਉਂਦਾ ਚਾਹ ਮੰਗਵਾ ਲੈਂਦਾ ਸੀ। ਸਾਲ ਬਾਅਦ ਸਰਦਾਰ ਨੇ ਦਸ ਰੁਪਏ ਦੇਣੇ ਸ਼ੁਰੂ ਕਰ ਦਿੱਤੇ। ਕੰਮ ਨੂੰ ਮੈਂ ਸਿਆਣਾ ਸਾਂ।
ਫੇਰ ਤਿੰਨ ਸਾਲ ਬਾਅਦ ਮੈਨੂੰ 1500 ਰੁਪਏ ਮਹੀਨਾ ਮਿਲਣ ਲੱਗ ਪਿਆ। ਫੇਰ ਮੇਰੇ ਕੋਲ਼ ਨਵੀਆਂ ਦੋ ਪੈਂਟਾ-ਕਮੀਜ਼ਾਂ ਵੀ ਹੋ ਗਈਆਂ। ਹਫਤੇ ‘ਚ ਇੱਕ ਦਿਨ ਛੁੱਟੀ ਕਰਕੇ ਨਵੇਂ ਕੱਪੜੇ ਪਾ ਕੇ ਮੈਂ ਬੜੇ ਟੌਰ੍ਹ ਨਾਲ਼ ਫਿਰਦਾ ਸਾਂ। ਫੇਰ ਇਸ ਕੁੜੀ ਨਾਲ਼ ਮੇਰਾ ਟਾਂਕਾ ਫਿੱਟ ਹੋ ਗਿਆ। ਇਹਦੀ ਮਾਂ ਗੈਰਜ ਦੇ ਕੋਲ਼ ਹੀ ਚਾਹ ਵੇਚਦੀ ਸੀ। ਪਹਿਲਾਂ ਤੇ ਇਹਦੀ ਮਾਂ ਮੰਨੇ ਨਾ ਆਖੇ ਅਸੀਂ ਮਰੇਠ ਤੇ ਕਾਲੀਆ ਮਦਰਾਸੀ, ਪਰ ਸਰਦਾਰ ਜੀ ਨੇ ਵਿੱਚ ਪੈ ਕੇ ਸਾਡਾ ਵਿਆਹ ਕਰਾ ਦਿੱਤਾ। ਫੇਰ ਮੈਂ ਆਪਣੀ ਖੋਲ਼ੀ (ਝੌਂਪੜੀ) ਕਿਰਾਏ ‘ਤੇ ਲੈ ਲਈ ਤੇ ਹੁਣ ਇਹ ਆਪਣਾ ਕੰਮ ਵੀ ਖੋਲ਼੍ਹ ਲਿਆ। ਮੇਰਾ ਹੁਣ ਇੱਕ ਪੁੱਤਰ ਵੀ ਏ।
“ਕਾਲੀਆ ਇਹ ਤੇ ਬੜੀ ਵਧੀਆ ਗੱਲ ਏ, ਪਰ ਤੂੰ ਵਿਆਹ ਕੁਝ ਛੇਤੀ ਨਹੀਂ ਕਰ ਲਿਆ? ਤੇਰੀ ਉਮਰ ਮਸਾਂ 20-22 ਸਾਲ ਦੀ ਹੋਣੀ ਏਂ?”
“23 ਸਾਲ ਦੀ।”
“ਹਾਂ ਕੁਝ ਛੇਤੀ ਹੀ ਕਰ ਲਿਆ ਸਾਬ ਜੀ, ਅਸਲ ‘ਚ ਗੱਲ ਇਹ ਹੈ ਕਿ ਮੈਂ ਬੱਚੇ ਨੂੰ ਬਹੁਤ ਪਿਆਰ ਕਰਨਾ ਚਾਹੁੰਦਾ ਹਾਂ।” ਏਸੇ ਫਿਕਰੇ ‘ਚ ਮੈਨੂੰ ਕਾਲੀਆ ਦਾ ਕੁਰਲਾਂਦਾ ਬਚਪਨ ਸੁਣਾਈ ਦਿੱਤਾ।

Advertisements
This entry was posted in ਕਹਾਣੀ. Bookmark the permalink.

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s