ਇੱਕ ਹਉਕਾ (ਕਹਾਣੀ)-ਅੰਮ੍ਰਿਤਾ ਪ੍ਰੀਤਮ

ਕਰਮੋ ਨੇ ਗੜਵੇ ਵਿਚ ਲੱਸੀ ਪੁਆਈ ਤੇ ਫੇਰ ਅਧਿਉਂ ਵੀ ਬਹੁਤੇ ਖਾਲੀ ਗੜਵੇ ਨੂੰ ਵੇਂਹਦੀ ਹੋਈ ਆਖਣ ਲੱਗੀ,
“ਅਜ ਵਡੀ ਸਰਦਾਰਨੀ ਨਹੀਂ ਦਿਸੀ, ਕਿਤੇ ਸੁਖ ਨਾਲ ਰਾਜੀ ਤੇ ਹੈ?” ਸਰਦਾਰਨੀ ਨਿਹਾਲ ਕੌਰ ਹੁਣੇ ਘੜੀ ਕੁ ਪਹਿਲਾਂ ਚੌਂਕੇ ਵਿਚ ਆਈ ਸੀ। ਚੁਲ੍ਹੇ ਉਤੇ ਰਿਝਦੀ ਖੀਰ ਹੇਠਾਂ ਅਗ ਦਾ ਭਾਂਬੜ ਵੇਖ ਕੇ ਉਸ ਲਕੜਾਂ ਪਿਛਾਂਹ ਖਿਚ ਦਿਤੀਆਂ ਸਨ। “ਵੀਰੋ ਕੁੜੀਏ! ਖੀਰਾਂ ਕਦੇ ਏਡੀ ਅੱਗ ਤੇ ਵੀ ਰਿਝਦੀਆਂ ਨੇ? ਖੀਰ ਹੇਠਾਂ ਡਾਢੀ ਮਠੀ ਅੱਗ ਬਾਲੀ ਦੀ ਏ,” ਉਸ ਨੇ ਆਖਿਆ ਸੀ ਤੇ ਫੇਰ ਚੁਲ੍ਹੇ ਦੇ ਕੋਲ ਲਕੜ ਦੀ ਪਟੜੀ ਡਾਹ ਕੇ, ਉਹ ਪਟੜੀ ਉਤੇ ਬਹਿੰਦੀ ਖੀਰ ਦੇ ਪਤੀਲੇ ਵਿਚ ਕੜਛੀ ਫੇਰਨ ਲਗ ਪਈ ਸੀ। ਸਵੇਰੇ ਦਹੀਂ ਦੀ ਚਾਟੀ ਉਸ ਨੇ ਆਪ ਰਿੜਕੀ ਸੀ, ਪਰ ਲੱਸੀ ਪੁਣਦੀ ਨੇ ਵੀਰੋ ਨੂੰ ਆਖਿਆ ਸੀ ਕਿ ਉਹ ਹੁਣ ਘੜੀ ਕੁ ਆਰਾਮ ਕਰੇਗੀ, ਜਿਹੜਾ ਵੀ ਕੰਮੀ ਕਮੀਣ ਆਵੇ ਵੀਰੋ ਉਸ ਨੂੰ ਲੱਸੀ ਦੇ ਦੇਵੇ। ਸ਼ਾਇਦ ਹੋਰਨਾਂ ਕੰਮੀਆਂ ਨੇ ਵੀ ਲੱਸੀ ਲੈਣ ਲਗਿਆਂ ਇਹ ਗੱਲ ਪੁਛੀ ਹੋਵੇਗੀ, ਪਰ ਨਿਹਾਲ ਕੌਰ ਨੂੰ ਪਤਾ ਨਹੀਂ, ਉਹ ਅੰਦਰਲੇ ਕਮਰੇ ਵਿਚ ਸੀ। ਪਰ ਇਸ ਵੇਲੇ ਜਦੋਂ ਉਹ ਚੌਂਕੇ ਵਿਚ ਬੈਠੀ ਹੋਈ ਸੀ, ਤਾਂ ਦਹਿਲੀਜ਼ਾਂ ਤੋਂ ਬਾਹਰ ਬੈਠੀ ਹੋਈ ਕਰਮੋ ਦੀ ਆਵਾਜ਼ ਉਸ ਨੇ ਆਪ ਸੁਣੀ।
“ਰਾਜ਼ੀ ਆਂ ਕਰਮੋ! ਤੂੰ ਰਾਜ਼ੀ ਏਂ?” ਨਿਹਾਲ ਕੌਰ ਨੇ ਅੰਦਰੋਂ ਆਵਾਜ਼ ਦਿਤੀ। ਕਰਮੋ ਨੇ ਛੇਤੀ ਨਾਲ ਦਹਿਲੀਜ਼ਾਂ ਦੇ ਕੋਲ ਆ ਕੇ ਅੰਦਰ ਵਲ ਝਾਕਿਆ ਤੇ ਆਪਣੇ ਇਕ ਹੱਥ ਨੂੰ ਮੱਥੇ ਨਾਲ ਛੁਹਾਂਦੀ ਆਖਣ ਲੱਗੀ, “ਤੈਨੂੰ ਸੱਤੇ ਖੈਰਾਂ ਸਰਦਾਰਨੀ! ਅੱਜ ਤੈਨੂੰ ਡਿੱਠਾ ਨਹੀਂ ਸੀ। ਮੈਂ ਆਖਿਆ ਮੇਰੀ ਸਰਦਾਰਨੀ ਵੱਲ ਹੋਵੇ ਸਹੀ!”
ਕੰਮੀ ਕਮੀਣ ਸਾਰੇ ਹੀ ਨਿਹਾਲ ਕੌਰ ਦੀਆਂ ਬਲਾਈਂ ਲੈਂਦੇ ਸਨ, ਇਹ ਨਵੀਂ ਗੱਲ ਨਹੀਂ ਸੀ, ਪਰ ਤਾਂ ਵੀ ਨਿਹਾਲ
ਕੌਰ ਨੂੰ ਜਾਪਿਆ ਕਿ ਕਰਮੋ ਨੇ ਲੱਸੀ ਲੈਂਦਿਆਂ ਹੀ ਜਿਹੜਾ ਉਹਨੂੰ ਜਾਂਦ ਕੀਤਾ ਸੀ, ਜ਼ਰੂਰ ਕੋਈ ਹੋਰ ਗੱਲ ਸੀ। ਤਾਂਹੀਉਂ ਜੁ ਨਿਹਾਲ ਕੌਰ ਨੇ ਕਰਮੋ ਵਲ ਵੇਖਿਆ ਤਾਂ ਕਰਮੋ ਨੇ ਗੜਵੇ ਦਾ ਮੂੰਹ ਉੜਾ ਕੇ ਉਹਦੇ ਵਲ ਕੀਤਾ ਹੋਇਆ ਸੀ। ਨਿਹਾਲ ਕੌਰ ਸਮਝ ਗਈ, ਤੇ ਵੀਰੋ ਵਲ ਵੇਖਦੀ ਆਖਣ ਲੱਗੀ, “ਮਖੇ! ਕਰਮੋ ਨੂੰ ਗੜਵਾ ਭਰ ਦਿਆ ਕਰ, ਇਹਦੇ ਨਿਕੇ ਨਿਕੇ ਜੀਅ ਨੇ ਲੱਸੀ ਪੀਣ ਵਾਲੇ।”
“ਰੱਬ ਤੈਨੂੰ ਬਹੁਤ ਦਏ! ਤੇਰੇ ਹਥ ਏਨੇ ਸਬਰ-ਕੱਤੇ ਨੇ ਕਿ ਅੰਜਾਣੇਂ ਦੋ-ਦੋ ਵਾਰਾਂ ਲੱਸੀ ਚਾੜ੍ਹ ਜਾਂਦੇ ਨੇ,” ਹੋਰ ਲੱਸੀ ਲੈਂਦੀ ਕਰਮੋ ਨੇ ਆਖਿਆ। ਤੇ ਭਾਵੇਂ ਇਸ ਵੇਲੇ ਉਸ ਨੂੰ ਲੱਸੀ ਦੇਂਦੇ ਹੱਥ ਵੀਰੋ ਦੇ ਸਨ ਪਰ ਕਰਮੋ ਜੋ ਕੁਝ ਆਖਦੀ ਪਈ ਸੀ, ਉਹ ਨਿਹਾਲ ਕੌਰ ਦੇ ਹਥਾਂ ਨੂੰ ਆਖਦੀ ਪਈ ਸੀ। ਕਰਮੋ ਚਲੀ ਗਈ ਤਾਂ ਨਿਹਾਲ ਕੌਰ ਨੂੰ ਉਹਦੀਆਂ ਅਸੀਸਾਂ ਭੁਲ ਗਈਆਂ। ਸਿਰਫ ਉਹਦਾ ਆਖਿਆ ਹੋਇਆ ਇਕੋ ਲਫਜ਼ ਚੇਤੇ ਰਹਿ ਗਿਆ “ਵਡੀ ਸਰਦਾਰਨੀ….।”
ਨਿਹਾਲ ਕੌਰ ਇਕ ਦਿਨ ਵਿਚ ਸਰਦਾਰਨੀ ਤੋਂ ਵਡੀ ਸਰਦਾਰਨੀ ਬਣ ਗਈ ਸੀ। ਪਤਾ ਨਹੀਂ ਉਸ ਨੂੰ ਵਡੀ
ਸਰਦਾਰਨੀ ਕਹਿਣ ਦਾ ਖਿਆਲ ਸਭ ਤੋਂ ਪਹਿਲਾਂ ਕਿਸ ਨੂੰ ਆਇਆ ਸੀ। ਸ਼ਾਇਦ ਸਾਰਿਆਂ ਨੂੰ ਇਕਠਿਆਂ ਹੀ ਆ ਗਿਆ ਸੀ। ਘਰ ਦੀ ਮਹਿਰੀ ਤੋਂ ਲੈ ਕੇ ਕਾਰਖਾਨੇ ਦੇ ਸਾਰੇ ਮੁਨਸ਼ੀ ਮੁਨੀਮ ਤੇ ਕੰਮੀ ਕਮੀਣ ਉਸ ਨੂੰ ਵਡੀ ਸਰਦਾਰਨੀ ਕਹਿਣ ਲਗ ਪਏ ਸਨ। ਏਥੋਂ ਤਕ ਕਿ ਘਰ ਦੇ ਮਾਲਕ ਸਰਦਾਰ ਨੇ ਵੀ ਕਲ੍ਹ ਉਸਨੂੰ ਵਡੀ ਸਰਦਾਰਨੀ ਆਖ ਕੇ ਬੁਲਾਇਆ ਸੀ। ਤੇ ਫੇਰ ਨਿਹਾਲ ਕੌਰ ਨੂੰ ਖਿਆਲ ਆਇਆ ਕਿ ਪਰਸੋਂ ਉਸਨੇ ਆਪ ਹੀ ਤਾਂ ਮਹਿਰੀ ਨੂੰ ਆਖਿਆ ਸੀ ਕਿ ਜਾਹ ਛੋਟੀ ਸਰਦਾਰਨੀ ਨੂੰ ਉਹਦੇ ਕਮਰੇ ਵਿਚੋਂ ਬੁਲਾ ਲਿਆ। “ਸੋ ਜੇ ਕੋਈ ਛੋਟੀ ਸਰਦਾਰਨੀ ਹੋਵੇ ਤਾਂ ਵਡੀ ਸਰਦਾਰਨੀ ਆਪੇ ਹੀ ਬਣ ਜਾਣੀ ਸੀ।” ਨਿਹਾਲ ਕੌਰ ਨੂੰ ਖਿਆਲ ਆਇਆ, ਤੇ ਫੇਰ ਕਿੰਨੇ ਹੀ ਖਿਆਲ ਨਿੱਕੇ ਨਿੱਕੇ ਚੌਲਾਂ ਵਾਂਗ ਉਹਦੇ ਮਨ ਦੇ ਦੁਧ ਵਿਚ ਰਿਝਣ ਲਗ ਪਏ। ਰਿਝਦੇ ਖਿਆਲਾਂ ਵਿਚੋਂ ਇਕ ਖਿਆਲ ਇਹ ਵੀ ਸੀ ਕਿ ਵੀਰੋ ਜਦੋਂ ਦੀ ਇਸ ਘਰ ਵਿਚ ਛੋਟੀ ਸਰਦਾਰਨੀ ਬਣ ਕੇ ਆਈ ਸੀ, ਉਦੋਂ ਦੀ ਉਹ ਰਾਤ ਨੂੰ ਸੌਣ ਲਗਿਆਂ ਇਕ ਨੇਮ ਵਾਂਗ ਨਿਹਾਲ ਕੌਰ ਦੇ ਕਮਰੇ ਵਿਚ ਆਉਂਦੀ ਸੀ ਤੇ ਉਹਦੀ ਮੰਜੀ ਦੀ ਹੀਂਹ ਉਤੇ ਬਹਿ ਕੇ ਉਹਦੇ ਪੈਰ ਘੁਟਦੀ ਸੀ। ਨਿਹਾਲ ਕੌਰ ਨੇ ਨਾ ਧੀ ਦੀ ਡੋਲੀ ਤੋਰੀ ਸੀ ਤੇ ਨਾ ਪੁਤਰ ਦੀ ਡੋਲੀ ਲਿਆਉਣੀ ਸੀ, ਪਰ ਜਦੋਂ ਉਹਦੇ ਹਥੀਂ ਵਿਆਹੀ ਸੌਕਣ ਉਹਦੇ ਪੈਰ ਘੁਟਦੀ ਸੀ ਤਾਂ ਨਿਹਾਲ ਕੌਰ ਨੂੰ ਜਾਪਦਾ ਸੀ ਕਿ ਉਹਨੇ ਧੀ ਵੀ ਵੇਖ ਲਈ ਤੇ ਨੂੰਹ ਵੀ। ਤੇ ਨਿਹਾਲ ਕੌਰ ਨੇ ਇਕ ਡੂੰਘਾ ਸਾਹ ਭਰ ਕੇ ਬੜੇ ਹਸਦੇ ਹੋਠਾਂ ਨਾਲ ਆਪਣੇ ਆਪ ਨੂੰ ਮਨਾ ਲਿਆ ਸੀ ਕਿ ਵੀਰੋ ਉਹਦੀ ਧੀ ਵੀ ਸੀ ਤੇ ਨੂੰਹ ਵੀ। ਨਿਹਾਲ ਕੌਰ ਨੇ ਆਪਣੇ ਸਰਦਾਰ ਦੇ ਦੂਜੇ ਵਿਆਹ ਲਈ ਇਹ ਕੁੜੀ ਵੀਰੋ ਆਪ ਹੀ ਲਭੀ ਸੀ। ਸਾਕ ਚੰਗੇ ਘਰਾਂ ਤੋਂ ਵੀ ਮਿਲਦੇ ਸਨ, ਪਰ ਉਹ ਸਾਰੇ ਸਰਦਾਰ ਨੂੰ ਨਹੀਂ ਸਰਦਾਰ ਦੀ ਹਵੇਲੀ ਨੂੰ ਮਿਲਦੇ ਸਨ। ਸਰਦਾਰ ਦੀ ਸਿਆਣੀ ਉਮਰ ਤੋਂ
ਡਰਦੇ, ਜਿਹੜੇ ਵੀ ਸਾਕ ਲੈ ਕੇ ਆਉਂਦੇ ਸਨ, ਉਹ ਸਾਕ ਕਰਨ ਤੋਂ ਪਹਿਲਾਂ ਹਵੇਲੀ ਨੂੰ ਆਪਣੀ ਧੀ ਦੇ ਨਾਂ ਕਰਵਾ ਲੈਣਾ ਚਾਹੁੰਦੇ ਸਨ। ਸਰਦਾਰ ਆਪਣੀ ਹਵੇਲੀ ਦਾ ਵਾਰਸ ਜ਼ਰੂਰ ਲਭਦਾ ਸੀ ਪਰ ਹਵੇਲੀ ਨੂੰ ਉਸ ਔਰਤ ਦੇ ਨਾਂ ਨਹੀਂ ਸੀ ਕਰ ਸਕਦਾ, ਜਿਹਦੀ ਕੁਖ ਨੇ ਵਾਰਸ ਤੇ ਪਤਾ ਨਹੀਂ ਕਦੋਂ ਜੰਮਣਾ ਸੀ, ਹਾਲ ਦੀ ਘੜੀ ਸਿਰਫ ਉਹਦੀ ਭਵਿਖਵਾਣੀ ਕਰਨੀ ਸੀ। ਤੇ ਸਰਦਾਰ ਨੇ ਦੂਜਾ ਵਿਆਹ ਕਰਨ ਤੋਂ ਨਾਂਹ ਕਰ ਦਿਤੀ ਸੀ। ਪਰ ਇਸ ਨਾਂਹ ਵਿਚ ਇਕ ਹਉਕਾ ਰਲਿਆ ਹੋਇਆ ਸੀ। ਨਿਹਾਲ ਕੌਰ ਨੇ ਇਹ ਹਉਕਾ ਸੁਣਿਆ ਸੀ ਤੇ ਇੰਜ ਉਸਨੇ
ਇਕ ਬੜੇ ਨਿਮਾਣੇ ਜਿਹੇ ਘਰ ਦੀ ਇਹ ਵੀਰੋ ਲਭ ਕੇ ਆਪਣੇ ਸਰਦਾਰ ਨੂੰ ਦੇ ਦਿਤੀ ਸੀ ਤੇ ਉਹਦੇ ਬਦਲੇ ਵਿਚ ਉਹਦਾ ਹਉਕਾ ਆਪ ਲੈ ਲਿਆ ਸੀ।
ਇਕ ਦਿਨ ਸਰਦਾਰ ਨੇ ਕੰਧ ਵਿਚ ਲਗੀ ਹੋਈ ਆਪਣੀ ਲੋਹੇ ਦੀ ਅਲਮਾਰੀ ਖੋਲ੍ਹੀ ਤਾਂ ਕਿੰਨਾ ਚਿਰ ਖੁਲ੍ਹੀ ਅਲਮਾਰੀ ਦੇ ਅਗੇ ਖਲੋਤਾ ਕੁਝ ਸੋਚਦਾ ਰਿਹਾ। “ਵਡੀ ਸਰਦਾਰਨੀ ਕਿਥੇ ਗਈ ਏ?” ਸਰਦਾਰ ਨੇ ਵੀਰੋ ਨੂੰ ਕਾਹਲਿਆਂ ਪੈ ਕੇ ਪੁਛਿਆ। ਵੱਡੀ ਸਰਦਾਰਨੀ ਘਰ ਨਹੀਂ ਸੀ। ਸਰਦਾਰ ਨੇ ਅਲਮਾਰੀ ਬੰਦ ਕਰਕੇ ਚਾਬੀ ਬੋਝੇ ਵਿਚ ਪਾ ਲਈ ਤੇ ਕਾਰਖਾਨੇ ਜਾਂਦਾ ਵੀਰੋ ਨੂੰ ਆਖ ਗਿਆ ਕਿ ਨਿਹਾਲ ਕੌਰ ਜਿਸ ਵੇਲੇ ਵੀ ਘਰ ਆਵੇ ਉਹ ਹੇਠਾਂ ਮੁਨਸ਼ੀ ਨੂੰ ਆਵਾਜ਼ ਦੇ ਕੇ ਮੈਨੂੰ ਕਾਰਖਾਨੇ ਵਿਚ ਸੁਨੇਹਾ ਭੇਜ ਦੇਵੇ। ਨਿਹਾਲ ਕੌਰ ਜਿਸ ਵੇਲੇ ਆਈ ਵੀਰੋ ਬਾਹਰਲੇ ਖੁਰੇ ਉਤੇ ਬੜੀ ਘਾਬਰੀ ਹੋਈ ਬੈਠੀ ਹੋਈ ਸੀ। ਉਸ ਨੂੰ ਹੁਣੇ ਇਕ ਉਲਟੀ ਆਈ ਸੀ।
ਨਿਹਾਲ ਕੌਰ ਨੇ ਵੀਰੋ ਦੀ ਬਾਂਹ ਥੰਮੀ, ਉਹਦੇ ਮੋਢੇ ਘੁਟੇ ਤੇ ਉਹਨੂੰ ਮੰਜੀ ਉਤੇ ਲਿਟਾਇਆ। ਪਰ ਵੀਰੋ ਨੇ ਕੰਬਦੇ
ਕੰਬਦੇ ਪੈਰ ਮੰਜੀ ਤੋਂ ਥਲੇ ਲਾਹੇ ਤੇ ਉੜ ਕੇ ਨਿਹਾਲ ਕੌਰ ਦੇ ਪੈਰ ਫੜ ਲਏ।
“ਸਰਦਾਰਨੀ! ਤੂੰ ਮੈਨੂੰ ਇਕ ਦਿਨ ਆਖਿਆ ਸੀ ਕਿ ਮੈਂ ਤੇਰੀ ਧੀ ਵੀ ਹਾਂ ਤੇ ਨੂੰਹ ਵੀ। ਅਜ ਮੈਨੂੰ ਭਾਵੇਂ ਆਪਣੀ ਧੀ ਸਮਝ ਕੇ ਬਚਾ ਲੈ ਭਾਵੇਂ ਨੂੰਹ ਸਮਝ ਕੇ”। ਵੀਰੋ ਵਿਲਕ ਉਠੀ ਤੇ ਵਿਲਕਦੀ ਵਿਲਕਦੀ ਵੀਰੋ ਨੇ ਨਿਹਾਲ ਕੌਰ ਨੂੰ ਦਸਿਆ ਕਿ ਪਿਛੇ ਜਦੋਂ ਉਹਦਾ ਭਰਾ ਉਹਨੂੰ ਮਿਲਣ ਆਇਆ ਸੀ ਤਾਂ ਉਹਦੇ ਭਰਾ ਨੂੰ ਪੈਸਿਆਂ ਦੀ ਡਾਢੀ ਲੋੜ ਸੀ। ਵੀਰੋ ਨੇ ਉਸ ਨੂੰ ਕੁਝ ਪੈਸੇ ਵੀ ਦਿਤੇ ਸਨ ਪਰ ਪੈਸੇ ਉਹਦੇ ਕੋਲ ਬੜੇ ਥੋੜੇ ਸਨ, ਇਸ ਲਈ ਉਸਨੇ ਸਰਦਾਰ ਦੇ ਬੋਝੇ ਵਿਚੋਂ ਅਲਮਾਰੀ ਦੀ ਚਾਬੀ ਚੁਰਾ ਕੇ ਲੋਹੇ ਦੀ ਅਲਮਾਰੀ ਖੋਲ੍ਹੀ ਸੀ ਤੇ ਅਲਮਾਰੀ ਵਿਚੋਂ ਚਾਂਦੀ ਦੇ ਭਾਂਡੇ ਕਢ ਕੇ ਆਪਣੇ ਭਰਾ ਨੂੰ ਦੇ ਦਿਤੇ ਸਨ। “ਇਹ ਤੇਰਾ ਆਪਣਾ ਘਰ ਏ ਵੀਰੋ! ਜੇ ਤੂੰ ਆਪਣੇ ਘਰ
ਨੂੰ ਆਪਣੇ ਹਥੀਂ ਉਜਾੜੇਂਗੀ…..।” ਗੱਲ ਅਜੇ ਨਿਹਾਲ ਕੌਰ ਦੇ ਮੂੰਹ ਵਿਚ ਸੀ, ਵੀਰੋ ਤਮਕ ਉਠੀ, “ਇਹ ਘਰ ਨਾ ਮੈਨੂੰ ਕਦੇ ਆਪਣਾ ਲੱਗਾ ਏ, ਨਾ ਲਗਣਾ ਏ, ਪਰ ਇਹ ਮੈਂ ਤੇਰੇ ਨਾਲ ਇਕਰਾਰ ਕਰਨੀ ਆਂ ਸਰਦਾਰਨੀ ਕਿ ਅਗੋਂ ਮੈਂ ਕਦੀ ਇਸ ਘਰ ਦੀ ਕੋਈ ਚੀਜ਼ ਕਿਸੇ ਨੂੰ ਨਹੀਂ ਦਿਆਂਗੀ। ਮੈਂ ਉਸ ਦਿਨ ਵੀ ਗਲਤੀ ਕੀਤੀ ਸੀ। ਐਵੇਂ ਕਰ ਬੈਠੀ, ਪਿਛੋਂ ਪਛਤਾ ਗਈ ਸਾਂ। ਤੈਨੂੰ ਪਤਾ ਏ ਮੇਰਾ ਵਿਆਹ ਕਰਨ ਲਗਿਆਂ ਮੇਰੇ ਪਿਉ ਨੇ ਮੇਰੇ ਭਰਾ
ਦੇ ਕਾਰੋਬਾਰ ਦਾ ਵਾਸਤਾ ਪਾ ਕੇ ਤੇਰੇ ਕੋਲੋਂ ਦੋ ਹਜਾਰ ਰੁਪਿਆ ਮੰਗਿਆ ਸੀ। ਤੂੰ ਦੋ ਹਜਾਰ ਰੁਪਿਆ ਦੇ ਦਿਤਾ। ਮੇਰੇ ਪਿਉ ਨੇ ਵਿਆਹ ਕਰ ਦਿਤਾ। ਮੈਨੂੰ ਵੇਚਣ ਵਿਚ ਕੀ ਕਸਰ ਰਹਿ ਗਈ? ਦੋ ਹਜਾਰ ਪਿਛੇ ਮੈਨੂੰ ਇਸ ਬੁਢੇ ਸਰਦਾਰ ਦੇ ਪੱਲੇ ਪਾ ਦਿਤਾ। ਮੇਰੇ ਪਿਉ ਤੇ ਭਰਾ ਕਾਹਦੇ ਸੱਕੇ ਨੇ…ਮੈਂ ਕਿਸੇ ਦਾ ਘਰ ਉਜਾੜ ਕੇ ਉਨ੍ਹਾਂ ਦਾ ਘਰ ਕਿਉਂ ਭਰਾਂ…।”
“ਵੀਰੋ…।” ਨਿਹਾਲ ਕੌਰ ਤ੍ਰਭਕ ਕੇ ਵੀਰੋ ਦੇ ਮੂੰਹ ਵਲ ਵੇਖਣ ਲਗ ਪਈ।
ਨਿਹਾਲ ਕੌਰ ਨੇ ਵੀਰੋ ਦੀ ਲਾਜ ਰਖ ਲਈ। ਸਰਦਾਰ ਨੂੰ ਕਹਿ ਦਿਤਾ ਕਿ ਅਲਮਾਰੀ ਵਿਚ ਪਏ ਹੋਏ ਚਾਂਦੀ ਦੇ ਭਾਂਡੇ ਬੜੇ ਪੁਰਾਣੇ ਢੰਗ ਦੇ ਸਨ, ਉਹਨੇ ਉਹ ਭਾਂਡੇ ਕਢ ਕੇ ਤੇ ਕੁਝ ਚਾਂਦੀ ਆਪਣੇ ਕੋਲੋਂ ਪਾ ਕੇ ਸੁਨਿਆਰੇ ਨੂੰ ਨਵੇਂ ਭਾਂਡੇ ਘੜਨੇ ਦਿਤੇ ਹੋਏ ਸਨ। ਸਰਦਾਰ ਦਾ ਫਿਕਰ ਮੁਕ ਗਿਆ ਪਰ ਨਿਹਾਲ ਕੌਰ ਜਦੋਂ ਵੀ ਵੀਰੋ ਦੇ ਮੂੰਹ ਵਲ ਵੇਖਦੀ, ਉਹਦੇ ਮਨ ਵਿਚ ਇਕ ਫਿਕਰ ਛਿੜ ਪੈਂਦਾ। ਵੀਰੋ ਦੀਆਂ ਕਾਲੀਆਂ ਭੌਰਿਆਂ ਵਰਗੀਆਂ ਅੱਖਾਂ ਸਨ। ਰੰਗ ਜ਼ਰਾ ਕੁ ਸੌਲਾ ਸੀ ਪਰ ਸੌਲੇ ਰੰਗ ਵਿਚ ਜਵਾਨੀ ਪੀਡੇ ਆਟੇ ਵਾਂਗ ਗੁਝੀ ਹੋਈ ਸੀ। ਉਹਦੀਆਂ ਬਾਹਵਾਂ ਵੇਲਣਿਆਂ ਵਾਂਗ ਗੋਲ ਤੇ ਪੀਡੀਆਂ ਸਨ, ਮਾਸ ਉਤੇ ਚੂੰਢੀ ਨਹੀਂ ਸੀ ਭਰੀ ਜਾਂਦੀ। ਨਿਹਾਲ ਕੌਰ ਨੂੰ ਜਾਪਣ ਲਗ ਪਿਆ ਕਿ ਸਰਦਾਰ ਕੋਲੋਂ ਜਿਹੜਾ ਹਉਕਾ ਲੈ ਕੇ ਉਸ ਨੇ ਆਪਣੇ ਜਿੰਮੇ ਪਾ ਲਿਆ ਸੀ, ਵੀਰੋ ਨੇ ਉਹੀ ਹਉਕਾ ਉਹਦੇ ਕੋਲੋਂ ਲੈ ਕੇ ਆਪਣੀ ਛਾਤੀ ਵਿਚ ਪਾ ਲਿਆ ਸੀ। ਤੇ ਫੇਰ ਵੀਰੋ ਨੂੰ ਦਿਨ ਚੜ੍ਹ ਗਏ। ਹਵੇਲੀ ਬਹੁਤ ਵਡੀ
ਸੀ, ਪਰ ਮੁਬਾਰਕਾਂ ਏਨੀਆਂ ਸਨ ਕਿ ਕਿ ਹਵੇਲੀ ਵਿਚ ਮਿਉਂਦੀਆਂ ਨਹੀਂ ਸਨ। ਸਰਦਾਰ ਦਾ ਪੈਰ ਭੋਏਂ ਤੇ ਨਹੀਂ ਸੀ ਲਗਦਾ, ਤੇ ਨਿਹਾਲ ਕੌਰ ਵੀਰੋ ਨੂੰ ਪੈਰ ਭੋਏਂ ਤੇ ਨਹੀਂ ਸੀ ਲਾਉਣ ਦੇਂਦੀ ਪਰ ਲੋਕ ਨਾ ਸਰਦਾਰ ਨੂੰ ਏਨੀਆਂ ਮੁਬਾਰਕਾਂ ਦੇਂਦੇ ਸਨ, ਨਾ ਵੀਰੋ ਨੂੰ, ਜਿੰਨੀਆਂ ਨਿਹਾਲ ਕੌਰ ਨੂੰ।
“ਮੈਂ ਜੰਮਦਾ ਝੋਲੀ ਪੁਆ ਲੈਣਾ ਏ, ਪਿਛੋਂ ਨਾ ਆਖੀਂ। ਮੈਂ ਵਡੀ ਸਰਦਾਰਨੀ ਆਂ, ਤੂੰ ਛੋਟੀ ਸਰਦਾਰਨੀ ਏਂ, ਸੋ ਪਹਿਲਾ ਪੁਤਰ ਵੀ ਵਡੀ ਦਾ। ਪਿਛੋਂ ਹੋਰ ਜਿਹੜੇ ਜੰਮੇਂਗੀ ਉਹ ਤੇਰੇ,” ਨਿਹਾਲ ਕੌਰ ਹੱਸ ਕੇ ਵੀਰੋ ਨੂੰ ਆਖਦੀ। ਨਿਹਾਲ ਕੌਰ ਨੂੰ ਆਪ ਨਹੀਂ ਸੀ ਪਤਾ ਲਗਦਾ ਪਿਆ ਕਿ ਉਹਦੇ ਮਨ ਵਿਚ ਕੋਈ ਗੁਝਾ ਛਿਪਾ ਵੀ ਮਲਾਲ ਕਿਉਂ ਨਹੀਂ ਸੀ। ਉਹਨੇ ਆਪਣੇ ਹਥੀਂ ਆਪਣਾ ਖਾਵੰਦ ਇਕ ਪਰਾਈ ਔਰਤ ਨੂੰ ਦੇ ਦਿਤਾ ਸੀ ਤੇ ਹੁਣ ਉਸ ਨੇ ਸਾਰੀ ਜ਼ਮੀਨ ਜਾਇਦਾਦ ਵੀ ਇਕ ਪਰਾਈ ਔਰਤ ਦੇ ਪੁੱਤਰ ਨੂੰ ਦੇ ਦੇਣੀ ਸੀ।
“ਟੂਣੇਹਾਰੀਏ! ਮੈਂ ਕਿਹੜੇ ਵੇਲੇ ਤੈਨੂੰ ਆਪਣੀ ਨੂੰਹ ਤੇ ਧੀ ਆਖਿਆ ਸੀ। ਮੈਂ ਸਚੀ ਮੁਚੀਂ ਇਕ ਸੱਸ ਮਾਂ ਵਾਂਗ ਖੁਸ਼
ਹਾਂ। ਮੈਨੂੰ ਕਦੀ ਇਹ ਚੇਤਾ ਨਹੀਂ ਰਹਿੰਦਾ ਕਿ ਤੂੰ ਮੇਰੀ…,” ਨਿਹਾਲ ਕੌਰ ਦੀ ਇਸ ਗੱਲ ਨੂੰ ਵੀਰੋ ਟੁਕ ਦਿੰਦੀ ਤੇ ਹੱਸ ਕੇ ਆਖਦੀ, “ਸਰਦਾਰਨੀ ਮੈਂ ਭਾਵੇਂ ਤੇਰੀ ਕੁਝ ਲਗਨੀ ਆਂ ਤੇ ਭਾਂਵੇ ਨ੍ਹੀਂ, ਪਰ ਇਹ ਮੈਨੂੰ ਪਤਾ ਏ ਕਿ ਮੈਂ ਤੇਰੀ ਸੌਂਕਣ ਨਹੀਂ ਲਗਦੀ।”
ਨਿਹਾਲ ਕੌਰ ਨੇ ਤਰਖਾਣ ਕੋਲੋਂ ਜਿਹੜਾ ਭੰਗੂੜਾ ਬਣਵਾਇਆ ਉਸ ਭੰਗੂੜੇ ਨੂੰ ਚਾਂਦੀ ਦੀਆਂ ਘੰਟੀਆਂ ਬੰਨ੍ਹੀਆਂ,
ਸੁਚੇ ਪਟ ਦੀ ਉਸ ਨੇ ਨਿਕੀ ਜਿਹੀ ਰਜਾਈ ਬਣਵਾਈ। ਸ਼ਹਿਰ ਦਾ ਇਕ ਅੰਗ੍ਰੇਜ਼ ਅਫਸਰ ਇਕ ਮਹੀਨੇ ਛੁਟੀ ਵਲਾਇਤ ਚਲਿਆ ਸੀ, “ਵਲੈਤੀ ਸਵੈਟਰ ਰੇਸ਼ਮ ਵਰਗੇ ਹੁੰਦੇ ਨੇ,” ਨਿਹਾਲ ਕੌਰ ਨੇ ਆਖਿਆ ਸੀ ਤੇ ਉਸ ਅੰਗ੍ਰੇਜ਼ ਅਫਸਰ ਨੂੰ ਪੱਕੀ ਕੀਤੀ ਕਿ ਉਹ ਨਿਕੇ ਨਿਕੇ ਦੋ ਸਵੈਟਰ ਉਥੋਂ ਖਰੀਦ ਕੇ ਜ਼ਰੂਰ ਲਿਆਵੇ। ਆਪਣੇ ਵੇਲੇ ਨਿਹਾਲ ਕੌਰ ਨੇ ਸਿਆਣੀਆਂ ਦਾਈਆਂ ਨੂੰ ਵੀ ਵਿਖਾਇਆ ਸੀ ਤੇ ਵਡੇ ਸ਼ਹਿਰਾਂ ਵਿਚ ਜਾ ਕੇ ਡਾਕਟਰਾਂ ਨੂੰ ਵੀ ਪਰ ਆਪਣੇ ਵੇਲੇ ਕਦੇ ਕਿਸੇ ਦੇ ਦੇਵਤੇ ਦੀ ਮੰਨਤ ਨਹੀਂ ਸੀ ਮੰਨੀ। ਵੀਰੋ ਨੂੰ ਜਦੋਂ ਪੂਰੇ ਤਿੰਨ ਦਿਨ ਲਕ ਵਿਚ ਪੀੜ ਹੁੰਦੀ ਰਹੀ, ਤੇ ਇਕ ਦਿਨ ਜ਼ਰਾ ਕੁ ਖੂਨ ਦਾ ਦਾਗ ਵੀ ਲਗ ਗਿਆ ਤਾਂ ਨਿਹਾਲ ਕੌਰ ਨੇ ਉਸ ਦਿਨ ਆਪਣੀ ਜਿੰਦਗੀ ਵਿਚ ਪਹਿਲੀ ਵਾਰ ਸੁਖਣਾ ਸੁਖੀ।
ਇਹ ਨਾਜ਼ ਕਰਨ ਦਾ ਵੇਲਾ ਸੀ। ਵੀਰੋ ਚਾਹੁੰਦੀ ਤਾਂ ਦੂਰ ਦਸੌਰ ਦੀਆਂ ਫਰਮਾਇਸ਼ਾਂ ਵੀ ਪਾ ਸਕਦੀ ਸੀ। ਸਰਦਾਰ ਹੁਣ ਉਹਦੇ ਮੂੰਹ ਵਲ ਵੇਖਦਾ ਉਹਦੇ ਮੂੰਹ ਦਾ ਬੋਲ ਉਡੀਕਦਾ ਸੀ। ਪਰ ਨਿਹਾਲ ਕੌਰ ਨੂੰ ਪਤਾ ਸੀ ਕਿ ਵੀਰੋ ਦੀ ਸੰਗ ਅਜੇ ਵੀ ਏਨੀ ਸੀ ਕਿ ਉਹਨੇ ਨਿਗੂਣੀ ਆਚਾਰ ਦੀ ਫਾੜੀ ਵੀ ਮੰਗਣੀ ਹੁੰਦੀ ਤਾਂ ਦੋ ਵਾਰੀ ਝਕ ਕੇ ਨਿਹਾਲ ਕੌਰ ਦੇ ਮੂੰਹ ਵਲ ਵੇਖਦੀ। ਇਸ ਲਈ ਨਿਹਾਲ ਕੌਰ ਆਪ ਹੀ ਵੀਰੋ ਦੇ ਮਨ ਦਾ ਖਿਆਲ ਰਖਦੀ ਸੀ। ਏਸ ਸਾਰੇ ਵੇਲੇ ਵਿਚ ਵੀਰੋ ਨੇ ਆਪਣੇ ਮੂੰਹੋਂ ਜੇ ਕੁਝ ਜ਼ੋਰ ਨਾਲ ਆਖਿਆ ਸੀ ਤਾਂ ਇਕੋ ਗੱਲ ਆਖੀ ਸੀ ਕਿ
“ਵਿਹੜੇ ਵਿਚ ਰੱਸੀ ਨਾਲ ਟੰਗੇ ਹੋਏ ਗੋਂਗਲੂਆਂ ਦੇ ਹਾਰ ਲਾਹ ਕੇ ਪਰ੍ਹਾਂ ਰਖ ਦਿਉ। ਇਹਨਾਂ ਨੂੰ ਵੇਖ ਕੇ ਮੇਰੇ ਜੀਅ ਨੂੰ ਕੁਝ ਹੁੰਦਾ ਏ। ਗੋਂਗਲੂਆਂ ਦੀਆਂ ਕਚਰੀਆਂ ਇਸ ਤਰ੍ਹਾਂ ਜਾਪਦੀਆਂ ਨੇ ਜਿਵੇਂ ਕਿਸੇ ਦਾ ਮਾਸ ਪਿਲ ਪਿਲ ਕਰਦਾ ਹੋਵੇ,” ਵੀਰੋ ਨੇ ਆਖਿਆ ਸੀ ਤੇ ਸੁਕਦੇ ਗੋਂਗਲੂਆਂ ਵਲ ਵੇਖਦੀ ਉਬਾਕਣ ਲਗ ਪਈ ਸੀ।
ਫੇਰ ਵੀਰੋ ਦੇ ਮਨ ਵਿਚ ਪਤਾ ਨਹੀਂ ਕੀ ਆਇਆ। ਜਦੋਂ ਉਸ ਨੂੰ ਨੌਵਾਂ ਮਹੀਨਾ ਲਗ ਪਿਆ ਤਾਂ ਉਸ ਨੇ ਜਿਦ ਫੜ ਲਈ ਕਿ ਉਹ ਆਪਣੇ ਪੇਕੇ ਘਰ ਆਪਣਾ ਜਣੇਪਾ ਕਟੇਗੀ। ਸਰਦਾਰ ਉਹਦੀ ਜਿਦ ਨਹੀਂ ਸੀ ਮੰਨਦਾ। ਨਿਹਾਲ ਕੌਰ ਉਹਦੇ ਵਾਸਤੇ ਪਾਂਦੀ ਸੀ ਪਰ ਵੀਰੋ ਨੇ ਇਕੋ ਹੀ ਹਠ ਫੜ ਲਿਆ ਸੀ ਕਿ ਉਹਦੇ ਪਿੰਡ ਇਕ ਬੁਢੀ ਦਾਈ ਬੜੀ ਸਿਆਣੀ ਏ। ਉਹਨੂੰ ਸਿਰਫ ਉਸੇ ਦਾਈ ਉਤੇ ਇਤਬਾਰ ਹੈ, ਹੋਰ ਕਿਸੇ ਉਤੇ ਨਹੀਂ ਤੇ ਉਸ ਨੂੰ ਯਕੀਨ ਹੈ ਕਿ ਜੇ ਉਹ ਇਥੇ ਰਹੀ ਤਾਂ ਸ਼ਹਿਰੀ ਡਾਕਟਰਨੀਆਂ ਦੇ ਹਥੋਂ ਜ਼ਰੂਰ ਮਰ ਜਾਏਗੀ।
“ਇਹ ਡਰ ਬੜਾ ਮਾੜਾ ਹੁੰਦਾ ਏ” ਡਾਕਟਰਾਂ ਨੇ ਵੀ ਸਰਦਾਰ ਨੂੰ ਸਲਾਹ ਦਿਤੀ। ਪਰ ਸਰਦਾਰ ਦੇ ਮਨ ਵਿਚ ਕੁਝ ਹੋਰ ਹੀ ਡਰ ਸੀ। ਉਹ ਨਿਹਾਲ ਕੌਰ ਨੂੰ ਇੱਕਲਵਾਂਝੇ ਲਿਜਾ ਕੇ ਆਖਣ ਲੱਗਾ, “ਮੈਨੂੰ ਡਰ ਏ ਕਿ ਜੇ ਇਹਨੂੰ ਉਥੇ ਕੁੜੀ ਹੋਈ ਤਾਂ ਇਹਦੇ ਮਾਪਿਆਂ ਨੇ ਕਿਸੇ ਦੇ ਮੁੰਡੇ ਨਾਲ ਉਹ ਕੁੜੀ ਵਟਾ ਦੇਣੀ ਏਂ। ਮੈ ਅਗੇ ਇਹੋ ਜਿਹੀਆਂ ਕਈ ਗੱਲਾਂ ਸੁਣੀਆਂ ਹੋਈਆਂ ਨੇ। ਉਨ੍ਹਾਂ ਨੂੰ ਲਾਲਚ ਹੁੰਦਾ ਏ ਕਿ ਮੁੰਡਾ ਹੋਵੇਗਾ ਤਾਂ ਵਡਾ ਹੋ ਕੇ ਜਾਇਦਾਦ ਦਾ ਵਾਰਸ ਬਣੇਗਾ।”
“ਫੇਰ ਇਹਦਾ ਤੇ ਇਹੋ ਇਲਾਜ ਏ ਕਿ ਮੈਂ ਇਹਦੇ ਨਾਲ ਚਲੀ ਜਾਨੀ ਆਂ। ਮੇਰੇ ਕੋਲ ਹੁੰਦਿਆਂ ਉਹ ਕੁਝ ਨਹੀਂ ਕਰ ਸਕਣਗੇ,” ਨਿਹਾਲ ਕੌਰ ਨੇ ਸੋਚ ਸੋਚ ਕੇ ਆਖਿਆ। ਸਰਦਾਰ ਮੰਨ ਗਿਆ। ਵੀਰੋ ਨੇ ਵੀ ਕੋਈ ਉਜਰ ਨਾ ਕੀਤਾ। ਨਿਹਾਲ ਕੌਰ ਨੇ ਘਰ ਦੀ ਮਹਿਰੀ ਨੂੰ ਵੀ ਸੇਵਾ ਕਰਨ ਲਈ ਨਾਲ ਲੈ ਲਿਆ, ਤੇ ਵੀਰੋ ਨੂੰ ਲੈ ਕੇ ਵੀਰੋ ਦੇ ਪੇਕੇ ਚਲੀ ਗਈ। ਵੀਰੋ ਦਾ ਜਣੇਪਾ ਔਖਾ ਨਹੀਂ ਸੀ। ਉਹ ਭਰ ਜਵਾਨ ਸੀ, ਤੰਦਰੁਸਤ ਵੀ ਬੜੀ ਸੀ। ਉਹਦੀ ਮਾਂ ਤੇ ਭਰਜਾਈ ਵੀ ਉਹਨੂੰ ਮਜਾਕ ਕਰਦੀਆਂ ਸਨ। “ਇਹ ਤੇ ਐਵੇਂ ਡਰਦੀ ਏ। ਪੁਤਰ ਜੰਮਣ ਦਾ ਕੀ ਹੁੰਦਾ ਏ, ਇਕ ਚੀਕ ਮਾਰੀ ਤੇ ਪੁਤਰ ਜੰਮ ਛਡਿਆ।”
ਨਿਹਾਲ ਕੌਰ ਨੇ ਵੀਰੋ ਦੇ ਪੇਕਿਆਂ ਤੇ ਕਿਸੇ ਤਰ੍ਹਾਂ ਦਾ ਵੀ ਭਾਰ ਨਹੀਂ ਸੀ ਪੈਣ ਦਿਤਾ। ਖੁਲ੍ਹੇ ਹਥੀਂ ਖਰਚ ਕਰਦੀ ਸੀ। ਸਾਰੇ ਉਸ ਨੂੰ ਸਰਦਾਰਨੀ ਸਰਦਾਰਨੀ ਆਖਦੇ ਥਕਦੇ ਨਹੀਂ ਸਨ। ਨਿਹਾਲ ਕੌਰ ਹਸ ਕੇ ਆਖਦੀ “ਇਕ ਚੀਕ ਮਾਰੀ ਤਾਂ ਪੁਤਰ ਜੰਮ ਛਡਿਆ, ਪਰ ਜੇ ਧੀ ਜੰਮਣੀ ਹੋਵੇ ਤਾਂ…।”
ਵੀਰੋ ਦੀ ਭਰਜਾਈ ਖਿੜ ਖਿੜ ਹਸਦੀ ਆਖਦੀ “ਦੋ ਚੀਕਾਂ ਮਾਰੀਆਂ ਤੇ ਧੀ ਜੰਮ ਛਡੀ”।
“ਧੀ ਦੀ ਵਾਰੀ ਦੋ ਚੀਕਾਂ?” ਨਿਹਾਲ ਕੌਰ ਹਸ ਕੇ ਪੁਛਦੀ।
“ਇਕ ਚੀਕ ਪੀੜ ਦੀ, ਤੇ ਇਕ ਚੀਕ ਗ਼ਮ ਦੀ,” ਵੀਰੋ ਦੀ ਭਰਜਾਈ ਆਖਦੀ, “ਖੁਸ਼ੀਆਂ ਤੇ ਪੁਤਰਾਂ ਦੀਆਂ ਹੁੰਦੀਆਂ ਨੇ ਧੀਆਂ ਦੀ ਕਾਹਦੀ ਖੁਸ਼ੀ!”
ਨਿਹਾਲ ਕੌਰ ਨੂੰ ਭਾਵੇਂ ਆਪਣੇ ਮਨ ਵਿਚ ਇਕ ਵਾਰੀ ਡਾਢੀ ਚੀਸ ਪਈ, “ਮੈਂ ਤਾਂ ਜਿੰਦਗੀ ਵਿਚ ਨਾ ਇਕ ਚੀਕ ਮਾਰ ਕੇ ਵੇਖੀ ਨਾ ਦੋ” ਪਰ ਉਸ ਨੇ ਆਪਣੇ ਹਸਦੇ ਹੋਠਾਂ ਨਾਲ ਆਪਣੀ ਚੀਸ ਨੂੰ ਇਸ ਤਰ੍ਹਾਂ ਪੀ ਲਿਆ ਕਿ ਉਸ ਦੀ ਚੀਸ ਵੀ ਉਹਦੇ ਮੂੰਹ ਵਲ ਵੇਖ ਕੇ ਸ਼ਰਮਿੰਦੀ ਹੋ ਗਈ। ਤੇ ਫਿਰ ਜਿਸ ਰਾਤ ਵੀਰੋ ਨੂੰ ਪੀੜਾਂ ਛਿੜੀਆਂ ਉਹਦੇ
ਦੰਦਾਂ ਹੇਠਾਂ ਦਿਤੇ ਹੋਏ ਜਵਾਨ ਹੋਠਾਂ ਨੇ ਉਹਨਾਂ ਪੀੜਾਂ ਨੂੰ ਇਸ ਤਰ੍ਹਾਂ ਜਰ ਲਿਆ ਕਿ ਦੂਜੇ ਕੰਨ ਆਵਾਜ਼ ਨਾ ਪਹੁੰਚੀ। ਸਿਰਫ ਇਕੋ ਵਾਰੀ ਉਹਦੀ ਇਕ ਚੀਕ ਸੁਣਾਈ ਦਿਤੀ ਤੇ ਫੇਰ ਦਾਈ ਨੇ ਵੀਰੋ ਦੀ ਸਰਹਾਂਦੀ ਵਲ ਬੈਠੀ ਹੋਈ ਨਿਹਾਲ ਕੌਰ ਵਲ ਵੇਖ ਕੇ ਆਖਿਆ “ਸਰਦਾਰਨੀ ! ਮੁਬਾਰਖਾਂ ਹੋਣ! ਆ ਤੇਰੀ ਝੋਲੀ ਪੁਤਰ ਨਾਲ ਭਰ ਦਿਆਂ!”
ਨਿਹਾਲ ਕੌਰ ਨੇ ਮੁੰਡੇ ਨੂੰ ਵੀ ਝੋਲੀ ਵਿਚ ਪਾਇਆ, ਮੁਬਾਰਕਾਂ ਨੂੰ ਵੀ। ਪਰ ਸਵੇਰ ਸਾਰ ਜਿਸ ਵੇਲੇ ਉਹ ਸਰਦਾਰ ਨੂੰ ਤਾਰ ਦੇਣ ਲਗੀ ਤਾਂ ਵੀਰੋ ਨੇ ਨਿਹਾਲ ਕੌਰ ਨੂੰ ਆਪਣੇ ਕੋਲ ਬੁਲਾ ਕੇ ਆਪਣੇ ਦੋਵੇਂ ਹਥ ਉਹਦੇ ਪੈਰਾਂ ਉਤੇ ਰਖ ਦਿਤੇ।
“ਸਰਦਾਰਨੀ! ਮੈਂ ਜੱਗ ਜਹਾਨ ਅਗੇ ਝੂਠ ਬੋਲ ਸਕਨੀ ਆਂ, ਪਰ ਤੇਰੇ ਅਗੇ ਨਹੀਂ। ਇਹ ਮੁੰਡਾ ਤੇਰੇ ਸਰਦਾਰ ਦਾ ਨਹੀਂ।”
“ਵੀਰੋ” ਨਿਹਾਲ ਕੌਰ ਨੂੰ ਜਾਪਿਆ ਉਹਦੀ ਜੀਭ ਥਥਲਾਂਦੀ ਪਈ ਸੀ। “ਮੈਂ ਸਰਦਾਰ ਦੀ ਦੇਣਦਾਰ ਨਹੀਂ ਪਰ ਤੇਰੀ ਦੇਣਦਾਰ ਹਾਂ। ਇਹ ਮੁੰਡਾ ਜੇ ਨਿਰਾ ਸਰਦਾਰ ਦੇ ਵਿਹੜੇ ਵਿਚ ਖੇਡਣਾ ਹੁੰਦਾ, ਮੈਨੂੰ ਕੋਈ ਉਜਰ ਨਹੀਂ ਸੀ, ਪਰ ਮੈਂ ਇਹ ਤੇਰੀ ਝੋਲੀ ਨਹੀਂ ਪਾ ਸਕਦੀ। ਇਹ ਤੇਰੀ ਝੋਲੀ ਦੇ ਕਾਬਲ ਨਹੀਂ।”
“ਕੀ ਪਈ ਆਖਣੀ ਏਂ ਵੀਰੋ…?”
“ਕੀਤਾ ਤਾਂ ਮੈਂ ਹਾਸੇ ਭਾਣੇ ਸੀ, ਪਰ ਹਾਸੇ ਦਾ ਵਿਨਾਸਾ ਖੌਰੇ ਇੰਜ ਹੀ ਹੁੰਦਾ ਏ। ਪਰ ਤੈਨੂੰ ਸਚੀਂ ਦੱਸਾਂ, ਮੈਨੂੰ ਆਪਣੇ ਲਈ ਕੋਈ ਪਛਤਾਵਾ ਨਹੀਂ। ਜੇ ਕੋਈ ਪਛਤਾਵਾ ਏ ਤਾਂ ਤੇਰੇ ਲਈ।”
“ਵੀ…ਰੋ…।”
“ਤੈਨੂੰ ਜਾਂਦ ਏ ਮੈਂ ਇਕ ਫੇਰਾ ਪੇਕੇ ਆਈ ਸਾਂ। ਪਿਛਲੇ ਵਰ੍ਹੇ…ਤੁਹਾਡਾ ਮੁਨਸ਼ੀ ਮੇਰੇ ਨਾਲ ਆਇਆ ਸੀ, ਮੈਨੂੰ ਪੇਕਿਆਂ ਨੂੰ ਮਿਲਾਣ ਲਈ…ਇਥੇ ਸਾਰੇ ਪਿੰਡ ਵਿਚ ਇਕ ਗੱਲ ਫੈਲੀ ਹੋਈ ਸੀ ਕਿ ਮੇਰੇ ਮਾਪਿਆਂ ਨੇ ਰੁਪਈਆ ਲੈ ਕੇ ਮੈਨੂੰ ਇਕ ਬੁਢੇ ਸਰਦਾਰ ਨਾਲ ਵਿਆਹ ਦਿਤਾ ਸੀ। ਸਰਦਰ ਕਦੇ ਇਸ ਪਿੰਡ ਨਹੀਂ ਆਇਆ। ਮੇਰਾ ਪਿਉ ਹੀ ਮੈਨੂੰ ਤੁਹਾਡੇ ਸ਼ਹਿਰ ਲੈ ਗਿਆ ਸੀ, ਤੇ ਗੁਰਦੁਆਰੇ ਵਿਚ ਲਾਵਾਂ ਪੜ੍ਹਾ ਕੇ ਤੁਹਾਡੇ ਘਰ ਛਡ ਆਇਆ ਸੀ…ਮੈਂ ਜਦੋਂ ਪਿੰਡ ਆਈ, ਜਣੀ ਖਣੀ ਨੇ ਮੈਨੂੰ ਪੁਛਿਆ ਕਿ ਸਰਦਾਰ ਕਿੰਨਾ ਕੁ ਬੁਢਾ ਸੀ। ਮੈਨੂੰ ਕੀ ਸੁਝੀ, ਮੈਂ ਉਨ੍ਹਾਂ ਨੂੰ ਗਲੋਂ ਲਾਹਣ ਲਈ ਆਖ ਦਿਤਾ ਕਿ ਮੇਰਾ ਵਿਆਹ ਬੁਢੇ ਨਾਲ ਨਹੀਂ ਹੋਇਆ। ਤੁਹਾਡਾ ਮੁਨਸ਼ੀ ਬੜਾ ਜਵਾਨ
ਸੀ, ਸੋਹਣਾ ਵੀ ਸੀ। ਮੈਂ ਉਨ੍ਹਾਂ ਨੂੰ ਵਿਖਾਇਆ ਤੇ ਆਖਿਆ ਕਿ ਉਹ ਮੇਰਾ ਘਰਵਾਲਾ ਸੀ। ਸਾਰੀਆਂ ਮੇਰੀ ਕਿਸਮਤ ਤੇ ਹੈਰਾਨ ਹੋ ਗਈਆਂ। ਮੁਨਸ਼ੀ ਨੂੰ ਮੈਂ ਇਹ ਗੱਲ ਦੱਸ ਦਿਤੀ। ਉਹਨੇ ਵੀ ਮਚਲ ਮਾਰ ਛਡੀ ਤੇ ਜਦੋਂ ਮੇਰੀਆਂ ਸਹੇਲੀਆਂ ਨੇ ਉਹਦੇ ਕੋਲੋਂ ਕਲੀਚੜੀਆਂ ਮੰਗੀਆਂ ਤਾਂ ਉਹਨੇ ਸੁਨਿਆਰੇ ਕੋਲੋਂ ਚਾਂਦੀ ਦੀਆਂ ਕਲੀਚੜੀਆਂ ਖਰੀਦ ਕੇ ਉਨ੍ਹਾਂ ਨੂੰ ਵੰਡ ਦਿਤੀਆਂ। ਪੰਜ ਛੇ ਦਿਨ ਮੈਂ ਇਥੇ ਰਹੀ। ਰੋਜ਼ ਹਾਸਾ ਠੱਠਾ ਕਰਦਿਆਂ ਮੈਨੂੰ ਵੀ ਇਹ ਜਾਪਣ ਲਗ ਪਿਆ ਕਿ ਮੇਰਾ ਵਿਆਹ ਉਹਦੇ ਨਾਲ ਹੀ ਹੋਇਆ ਸੀ, ਹੋਰ ਕਿਸੇ ਨਾਲ ਨਹੀਂ।”
“ਸਾਡਾ ਮੁਨਸ਼ੀ ਮਦਨ ਸਿੰਘ!”
“ਮੈਂ ਹੁਣ ਪਰਤ ਕੇ ਸਰਦਾਰ ਦੇ ਘਰ ਨਹੀਂ ਜਾਣਾ, ਨਾ ਏਸ ਮੁੰਡੇ ਨੂੰ ਲਿਜਾਣਾ ਏ। ਮੈਂ ਇਸ ਲਈ ਜਿਦ ਬੰਨ੍ਹ ਕੇ ਏਥੇ ਆਈ ਸਾਂ। ਮੇਰੀ ਕੀਤੀ ਮੇਰੇ ਅਗੇ। ਮੈਂ ਹੋਰ ਤੇਰੇ ਕੋਲੋਂ ਕੁਝ ਨਹੀਂ ਮੰਗਦੀ, ਸਰਦਾਰਨੀ! ਬਸ ਇਕੋ ਗੱਲ ਮੰਗਨੀ ਆਂ ਕਿ ਸਰਦਾਰ ਨੂੰ ਉਸ ਮੁਨਸ਼ੀ ਦਾ ਨਾਂ ਨਾ ਦਸੀਂ, ਨਹੀਂ ਤੇ ਉਹ ਮੁਨਸ਼ੀ ਨੂੰ ਨੌਕਰੀ ਤੋਂ ਕਢ ਦੇਵੇਗਾ।”
“ਪਰ ਮਦਨ ਸਿੰਘ ਦਾ ਵਿਆਹ ਹੋਇਆ ਏ। ਵੀਰੋ ਉਹਦੇ ਘਰ ਦੋ ਬਾਲ ਨੇ।”
“ਏਸੇ ਲਈ ਉਹ ਡਰਦਾ ਏ ਕਿ ਜੇ ਸਰਦਾਰ ਨੂੰ ਪਤਾ ਲਗ ਗਿਆ ਤਾਂ ਉਹਦੀ ਨੌਕਰੀ ਜਾਂਦੀ ਰਹੇਗੀ। ਉਹਨੇ ਕਿਹੜਾ ਮੈਨੂੰ ਆਪਣੇ ਘਰ ਵਸਾਣਾ ਏਂ ਜੁ ਮੈਂ ਉਹਦੀ ਨੌਕਰੀ ਛੁੜਵਾਵਾਂ…ਉਹ ਜਿਥੇ ਰਵ੍ਹੇ ਰਾਜੀ ਰਵ੍ਹੇ…ਉਹ ਜਾਣੇ, ਮੈਂ ਇਕ ਵਾਰੀ ਵੇਖਿਆ ਤੇ ਸਹੀ ਕਿ ਜਵਾਨ ਆਦਮੀ ਕਿਹੋ ਜਿਹਾ ਹੁੰਦਾ ਏ…।”
ਨਿਹਾਲ ਕੌਰ ਨੇ ਘਬਰਾ ਕੇ ਅੱਖਾਂ ਮੀਟ ਲਈਆਂ ਤੇ ਫੇਰ ਜਿਸ ਵੇਲੇ ਉਹਨੇ ਅਖਾਂ ਖੋਲ੍ਹੀਆਂ, ਵੀਰੋ ਦੀ ਝੋਲੀ ਪਿਆ
ਪਿਆ ਉਹਦਾ ਪੁਤਰ ਉਹਦੀ ਛਾਤੀ ਵਿਚੋਂ ਦੁਧ ਪੀਣ ਲਈ ਮੂੰਹ ਮਾਰਦਾ ਪਿਆ ਸੀ। ਨਿਹਾਲ ਕੌਰ ਨੂੰ ਜਾਪਿਆ-ਸਰਦਾਰ ਦਾ ਜਿਹੜਾ ਹਉਕਾ ਉਸ ਨੇ ਆਪਣੇ ਜ਼ਿੰਮੇ ਲੈ ਲਿਆ ਸੀ, ਤੇ ਵੀਰੋ ਨੇ ਉਹੀ ਹਉਕਾ ਉਹਦੇ ਕੋਲੋਂ ਲੈ ਕੇ ਆਪਣੀ ਛਾਤੀ ਵਿਚ ਪਾ ਲਿਆ ਸੀ: ਇਹ ਮੁੰਡਾ ਐਸ ਵੇਲੇ ਉਸੇ ਹਉਕੇ ਨੂੰ ਵੀਰੋ ਦੀ ਛਾਤੀ ਵਿਚੋਂ ਪੀਣ ਦੀ ਕੋਸ਼ਿਸ਼ ਕਰਦਾ ਪਿਆ ਸੀ।

Advertisements
This entry was posted in ਕਹਾਣੀ and tagged . Bookmark the permalink.

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s