ਪੇਮੀ ਦੇ ਨਿਆਣੇ (ਕਹਾਣੀ)-ਸੰਤ ਸਿੰਘ ਸੇਖੋਂ

ਵੀਹ ਕੁ ਸਾਲ ਪਹਿਲਾਂ ਦੀ ਗੱਲ ਹੈ, ਮੈਂ ਸੱਤ ਵਰ੍ਹੇ ਦਾ ਸੀ ਤੇ ਮੇਰੀ ਵੱਡੀ ਭੈਣ ਗਿਆਰਾਂ ਵਰ੍ਹੇ ਦੀ। ਸਾਡਾ ਖੇਤ ਘਰੋਂ
ਮੀਲ ਕੁ ਦੀ ਵਿਥ ‘ਤੇ ਸੀ। ਅੱਧ ਵਿਚਕਾਰ ਇਕ ਜਰਨੈਲੀ ਸੜਕ ਲੰਘਦੀ ਸੀ, ਜਿਸ ਵਿਚੋਂ ਜਾਂਗਲੀਆਂ, ਪਠਾਣਾਂ, ਰਾਸ਼ਿਆਂ ਤੇ ਹੋਰ ਪਰਦੇਸੀਆਂ ਦਾ ਕਾਫੀ ਲਾਂਘਾ ਸੀ। ਅਸੀਂ ਸਭ ਨਿਆਣੇ , ਜਿਨ੍ਹਾਂ ਨੂੰ ਰਾਸ਼ਿਆਂ ਤੋਂ ਘਰ ਬੈਠਿਆਂ ਵੀ ਡਰ ਆਉਂਦਾ ਸੀ, ਇਸ ਸੜਕ ਵਿਚੋਂ ਦੀ ਕਿਸੇ ਸਿਆਣੇ ਤੋਂ ਬਗੈਰ ਲੰਘਣ ਤੋਂ ਬਹੁਤ ਭੈ ਖਾਂਦੇ ਸਾਂ। ਪਰ ਟੰਟਾ ਇਹ ਸੀ ਕਿ ਦਿਨੇ ਇਕ ਦੋ ਵੇਲੇ ਸਾਨੂੰ ਖੇਤ ਬਾਪੂ ਤੇ ਕਾਮੇ ਦੀ ਰੋਟੀ ਫੜਾਣ ਜ਼ਰੂਰ ਜਾਣਾ ਪੈਂਦਾ ਸੀ ਤੇ ਸਾਡੀ ਅਵਸਥਾ ਹਰ ਰੋਜ਼ ਇਕ ਮੁਸ਼ਕਲ ਘਾਟੀ ਲੰਘਣ ਵਾਲੀ ਹੁੰਦੀ ਸੀ। ਅਸੀਂ ਆਮ ਤੌਰ ‘ਤੇ ਘਰੋਂ ਤਾਂ ਹੌਂਸਲਾ ਕਰ ਕੇ ਇਕੱਲੇ ਹੀ ਤੁਰ ਪੈਂਦੇ, ਪਰ ਜਦ ਸੜਕ ਦੋ ਤਿੰਨ ਘੁਮਾਂ ਦੀ ਵਿਥ ਉਤੇ ਰਹਿ ਜਾਂਦੀ ਤਾਂ ਨਹਿਰ ਸੂਆ ਟੱਪਣ ਲਗੇ ਪਠੋਰਿਆਂ ਵਾਂਗ ਖਲੋ ਕੇ ਆਸੇ-ਪਾਸੇ ਤੱਕਣ ਲੱਗ ਜਾਂਦੇ, ਤਾਂ ਜੁ ਕਿਸੇ ਪਿੰਡੋਂ ਆਉਂਦੇ ਜਾਂਦੇ ਸਿਆਣੇ ਦੀ ਸ਼ਰਨ ਲੈ ਕੇ ਇਸ ਭੈ-ਸਾਗਰ ਨੂੰ ਤਰਨ ਜੋਗੇ ਹੋ ਜਾਈਏ। ਸਾਡੀ ਮਜ਼ਹਬੀ ਤਬੀਅਤ ਵੀ ਕੁਝ ਇਸ ਕਿਸਮ ਦੀ ਸੀ ਕਿ ਅਜਿਹੇ ਡਰ ਸਾਡੇ ਸੁਭਾਵਾਂ ਦਾ ਹਿੱਸਾ ਬਣ ਗਏ ਸਨ। ਅਸੀਂ ਘਰ ਸਿਆਣਿਆਂ ਕੋਲੋਂ ਨਰਕ ਸਵਰਗ ਦੀਆਂ ਕਹਾਣੀਆਂ ਹਰ ਰੋਜ਼ ਸ਼ਾਮ ਨੂੰ ਸੁਣਦੇ। ਸਵਰਗ ਤਾਂ ਸਾਨੂੰ ਖੇਡ ਤੋਂ ਬਾਹਰ ਕਿਤੇ ਘਟ ਹੀ ਪ੍ਰਾਪਤ ਹੁੰਦਾ ਪਰ ਨਰਕ ਦੇ ਹਰ ਥਾਂ ਖੁਲ੍ਹੇ ਗੱਫੇ ਮਿਲਦੇ। ਸਭ ਤੋਂ ਵੱਡਾ ਨਰਕ ਮਦਰਸਾ ਸੀ ਤੇ ਜੇ ਉਸਤੋਂ ਕਿਸੇ ਦਿਨ ਛੁਟ ਜਾਂਦੇ ਤਾਂ ਖੇਤ ਰੋਟੀ ਦੇਣ ਜਾਣ ਦਾ ਨਰਕ ਪੇਸ਼ ਆ ਜਾਂਦਾ। ਗੱਲ ਕੀ ਸਾਡੇ ਇੰਵਾਣੇ ਰਾਹ ਦੇ ਹਰ ਇਕ ਮੋੜ ਤੇ ਜਾਣੋ ਨਰਕ ਘਾਤ ਲਾਈ ਖਲੋਤੇ ਹੁੰਦੇ। ਖ਼ਬਰੇ ਇਸ ਸੜਕ ਦਾ ਭੈ-ਸਾਗਰ ਲੰਘਣ ਕਰਕੇ ਸਾਨੂੰ ਖੇਤ ਜਾਣਾ ਨਰਕ ਲਗਦਾ ਸੀ ਜਾਂ ਖੇਤ ਰੋਟੀ ਲੈ ਜਾਣ ਲੱਗੇ  ਇਸ ਸੜਕ ਨੂੰ ਲੰਘਣਾ ਸਾਨੂੰ ਭੈ ਸਾਗਰ ਦਿਖਾਈ ਦਿੰਦਾ ਸੀ, ਮੈਂ ਇਸ ਦੀ ਬਾਬਤ ਯਕੀਨ ਨਾਲ ਕੁਝ ਨਹੀਂ ਕਹਿ ਸਕਦਾ। ਇਹ ਮੈਨੂੰ ਪਤਾ ਹੈ ਕਿ ਖੇਤ ਸਵਰਗ ਸੀ ਤੇ ਖੇਤ ਰੋਟੀ ਲੈ ਜਾਣ ਦੀ ਖੇਚਲ ਨਰਕ ਅਤੇ ਉਹ ਜਰਨੈਲੀ ਸੜਕ ਵਿਚਕਾਰਲਾ ਭੈ-ਸਾਗਰ। ਸਿਆਲ ਦੇ ਦਿਨ ਸਨ। ਅਸੀਂ ਦੋਵੇਂ ਭੈਣ-ਭਰਾ ਦੁਪਹਿਰ ਦੀ ਰੋਟੀ ਲੈ ਕੇ ਖੇਤ ਨੂੰ ਚਲ ਪਏ। ਨਿੱਘੀ ਨਿੱਘੀ ਧੁੱਪ ਪੈ ਰਹੀ
ਸੀ ਤੇ ਅਸੀਂ ਟੁਰੇ ਜਾਂਦੇ ਵੀ ਸਿਆਲ ਦੀ ਧੁੱਪ ਦੀ ਨੀਂਦ ਦਾ ਨਿੱਘ ਲੈ ਰਹੇ ਸਾਂ, ਪਰ ਦਿਲ ਵਿਚ ਸੜਕ ਲੰਘਣ ਦਾ ਡਰ ਚੂਹੇ ਵਾਂਗਰ ਕੁਤਰ ਰਿਹਾ ਸੀ। ਅਸੀਂ ਡਰ ਨੂੰ ਦਬਾਣ ਦਾ ਇਕ ਆਮ ਤਰੀਕਾ ਵਰਤਣਾ ਚਾਹਿਆ। ਭੈਣ ਮੈਨੂੰ ਇਕ ਕਹਾਣੀ ਸੁਣਾਣ ਲਗ ਪਈ। ”ਇਕ ਸੀ ਰਾਜਾ, ਉਹਦੀ ਰਾਣੀ ਮਰ ਗਈ। ਮਰਨ ਲੱਗੀ ਰਾਣੀ ਨੇ ਰਾਜੇ ਨੂੰ ਕਿਹਾ, ‘ਤੂੰ ਮੈਨੂੰ ਇਕ ਕਰਾਰ ਦੇਹ।’ ਰਾਜੇ ਨੇ ਪੁੱਛਿਆ, ‘ਕੀ’? ਮੈਂ ਕਹਾਣੀ ਵਲੋਂ ਧਿਆਨ ਮੋੜ ਕੇ ਪਿਛਾਂਹ ਪਿੰਡ ਵਲ ਨੂੰ ਦੇਖਿਆ ਕਿ ਕਿਤੇ ਕੋਈ ਆਦਮੀ ਸਾਡੇ ਰਾਹ ਜਾਣ ਵਾਲਾ ਆ ਰਿਹਾ ਹੋਵੇ।
”ਤੂੰ ਸੁਣਦਾ ਨਹੀਂ, ਬੀਰ!” ਭੈਣ ਨੇ ਮੇਰੇ ਮੋਢੇ ਨੂੰ ਹਲੂਣ ਕੇ ਆਖਿਆ।
”ਨਹੀਂ, ਮੈਂ ਸੁਣਦਾਂ”, ਮੈਂ ਭਰਾਵਾਂ ਵਾਲੀ ਗੁਸਤਾਖ਼ੀ ਨਾਲ ਜਵਾਬ ਦਿੱਤਾ।
”ਅੱਛਾ, ਜਦ ਉਹ ਰਾਣੀ ਮਰਨ ਲੱਗੀ ਤਾਂ ਉਸਨੇ ਰਾਜੇ ਨੂੰ ਸੱਦ ਕੇ ਕਿਹਾ, ਤੂੰ ਮੇਰੇ ਨਾਲ ਕਰਾਰ ਕਰ। ਰਾਜੇ ਨੇ
ਪੁੱਛਿਆ, ‘ਕੀ?’ ਰਾਣੀ ਨੇ ਕਿਹਾ, ”ਤੂੰ ਹੋਰ ਵਿਆਹ ਨਾ ਕਰਾਈਂ।’ ਸੱਚ, ਦੱਸਣਾ ਭੁਲ ਗਈ, ਰਾਣੀ ਦੇ ਦੋ ਪੁੱਤ ਤੇ
ਇਕ ਧੀ ਸੀਗੇ। ਸਾਨੂੰ ਰਾਜਾ ਤੇ ਰਾਣੀ ਆਪਣੇ ਮਾਂ ਪਿਉ ਵਰਗੇ ਹੀ ਭਾਸਦੇ ਸਨ। ਜੇ ਸਾਡੀ ਮਾਂ ਮਰਨ ਲੱਗੇ ਤਾਂ ਅਸਾਡੇ ਪਿਉ ਨੂੰ ਵੀ ਇਹ ਬਚਨ ਦੇਣ ਲਈ ਆਖੇ-ਇਹ ਖ਼ਿਆਲ ਸਾਡੇ ਅਚੇਤ ਮਨ ਵਿਚ ਕੰਮ ਕਰ ਰਿਹਾ ਹੋਵੇਗਾ। ਮੈਨੂੰ ਉਹ ਧੀ ਆਪਣੀ ਭੈਣ ਲੱਗੀ ਤੇ ਉਹ ਦੋ ਪੁੱਤ ਮੇਰਾ ਆਪਣਾ ਆਪ।
ਮੇਰੀ ਭੈਣ ਪਿੰਡ ਵਲ ਦੇਖ ਰਹੀ ਸੀ। ”ਸੁਣਾ ਵੀ ਗਾਹਾਂ”, ਮੈਂ ਉਸਨੂੰ ਪਹਿਲੀ ਤਰ੍ਹਾਂ ਖਰ੍ਹਵੇ ਬੋਲ ਨਾਲ ਆਖਿਆ।
”ਰਾਣੀ ਨੇ ਕਿਹਾ, ਬਈ ਮੇਰੇ ਪੁੱਤਾਂ ਤੇ ਧੀ ਨੂੰ ਮਤ੍ਰੇਈ ਦੁਖ ਦੇਊਗੀ”, ਭੈਣ ਨੇ ਹੋਰ ਵੀ ਮਿੱਠੀ ਤੇ ਹੋਰ ਵੀ ਤ੍ਰੀਮਤ
ਬਣ ਕੇ ਦਸਿਆ। ”ਇਸ ਕਰਕੇ ਉਸਨੇ ਰਾਜੇ ਤੋਂ ਇਹ ਕਰਾਰ ਮੰਗਿਆ। ਰਾਜੇ ਨੇ ਕਿਹਾ, ‘ਚੰਗਾ ਮੈਂ ਕਰਾਰ ਦਿੰਨਾ।” ਜਿਵੇਂ ਕਿਤੇ ਜੇ ਰਾਜਾ ਇਹ ਕਰਾਰ ਨਾ ਦੇਂਦਾ ਤਾਂ ਰਾਣੀ ਮਰਨ ਤੋਂ ਨਾਂਹ ਕਰ ਦੇਂਦੀ। ”ਹੂੰ!”
ਭਾਵੇਂ ਸਾਨੂੰ ਦੋਹਾਂ ਨੂੰ ਪਤਾ ਸੀ ਕਿ ਦਿਨੇ ਕਹਾਣੀਆਂ ਪਾਣ ਨਾਲ ਰਾਹੀ ਰਾਹ ਭੁਲ ਜਾਂਦੇ ਹਨ, ਅਸਾਂ ਇਕ ਦੂਜੇ ਨੂੰ
ਇਹ ਚੇਤਾਵਨੀ ਨਾ ਕਰਵਾਈ, ਤੇ ਇਸ ਸੂਝ ਨੂੰ ਆਪਣੇ ਦਿਲਾਂ ਤੇ ਵਿਚਾਰਾਂ ਉਤੇ ਅਸਰ ਨਾ ਕਰਨ ਦਿੱਤਾ।
”ਪਰ ਰਾਜੇ ਨੇ ਝਟ ਹੀ ਦੂਜਾ ਵਿਆਹ ਕਰਵਾ ਲਿਆ।”
”ਹੂੰ!”
ਪਿਛਲੇ ਮੋੜ ਤੇ ਸਾਨੂੰ ਇਕ ਆਦਮੀ ਆਉਂਦਾ ਦਿਸਿਆ। ਅਸਾਂ ਸੁਖ ਦਾ ਸਾਹ ਭਰਿਆ ਤੇ ਉਸਦੇ ਨਾਲ ਰਲਣ ਲਈ ਖਲੋ ਗਏ। ਸਾਡੀ ਬਾਤ ਵੀ ਖਲੋ ਗਈ। ਪਰ ਉਹ ਆਦਮੀ ਕਿਸੇ ਹੋਰ ਪਾਸੇ ਨੂੰ ਜਾ ਰਿਹਾ ਸੀ ਤੇ ਸਾਡੇ ਵਲ ਨਾ ਮੁੜਿਆ। ਜਿਸ ਮੰਤਵ ਨੂੰ ਪੂਰਾ ਕਰਨ ਲਈ ਅਸਾਂ ਇਹ ਬਾਤ ਦਾ ਪਖੰਡ ਰਚਿਆ ਸੀ, ਉਹ ਪੂਰਾ ਨਾ ਹੋ ਸਕਿਆ। ਸਾਡਾ ਖ਼ਿਆਲ ਸੀ, ਬਾਤ ਦੇ ਰੁਝੇਵੇਂ ਵਿਚ ਅਸੀਂ ਅਚੇਤ ਹੀ ਸੜਕ ਪਾਰ ਹੋ ਜਾਵਾਂਗੇ। ਪਰ ਹੁਣ ਜਦ ਸੜਕ ਥੋੜ੍ਹੀ ਕੁ ਦੂਰ ਰਹਿ ਗਈ ਤਾਂ ਸਾਡੀ ਕਹਾਣੀ ਵੀ ਠਠੰਬਰ ਕੇ ਖਲੋ ਗਈ ਤੇ ਕਿਸੇ ਸਿਆਣੇ
ਸਾਥੀ ਦੇ ਆ ਰਲਣ ਦੀ ਆਸ ਵੀ ਟੁੱਟ ਗਈ, ਅਸੀਂ ਦੋਵੇਂ ਸਹਿਮ ਕੇ ਖਲੋ ਗਏ। ਦਸ ਵੀਹ ਕਦਮ ਹੋਰ ਪੁਟੇ ਤਾਂ ਸਾਡਾ ਡਰ ਹੋਰ ਵਧ ਗਿਆ। ਸੜਕ ਵਿਚ ਇਕ ਪਾਸੇ ਇਕ ਕਾਲੇ ਸੂਟ ਦੀ ਵਾਸਕਟ ਤੇ ਪਠਾਣਾਂ ਵਰਗੀ ਖੁਲ੍ਹੀ ਸਲਵਾਰ ਵਾਲਾ ਆਦਮੀ ਲੰਮਾ ਪਿਆ ਸੀ।
”ਔਹ ਦੇਖ ਬੀਬੀ! ਰਾਸ਼ਾ ਪਿਆ।” ਉਸ ਆਦਮੀ ਨੇ ਪਾਸਾ ਪਰਤਿਆ।
”ਇਹ ਤਾਂ ਹਿਲਦੈ, ਜਾਗਦੈ”, ਮੇਰੀ ਭੈਣ ਨੇ ਸਹਿਮ ਕੇ ਆਖਿਆ, ”ਹੁਣ ਕੀ ਕਰੀਏ?”
”ਇਹ ਆਪਾਂ ਨੂੰ ਫੜ ਲਊ?”
”ਹੋਰ ਕੀ?” ਉਸਨੇ ਜਵਾਬ ਦਿੱਤਾ।
ਅਸੀਂ ਰਾਤ ਘਰੋਂ ਬਾਹਰ ਤਾਂ ਘਟ ਹੀ ਕਦੀ ਨਿਕਲੇ ਸਾਂ, ਪਰ ਇਹ ਸੁਣਿਆ ਹੋਇਆ ਸੀ ਕਿ ਜੇ ਡਰ ਲਗੇ ਤਾਂ ਵਾਹਿਗੁਰੂ ਦਾ ਨਾਮ ਲੈਣਾ ਚਾਹੀਦਾ ਹੈ, ਫਿਰ ਡਰ ਹਟ ਜਾਂਦਾ ਹੈ। ਸਾਡੀ ਮਾਂ ਸਾਨੂੰ ਮਾਮੇ ਦੀ ਗੱਲ ਸੁਣਾਂਦੀ ਹੁੰਦੀ ਸੀ। ਇਕ ਵਾਰੀ ਸਾਡਾ ਮਾਮਾ ਤੇ ਇਕ ਬ੍ਰਾਹਮਣ ਕਿਤੇ ਰਾਤ ਨੂੰ ਕਿਸੇ ਪਿੰਡ ਦਿਆਂ ਸਿਵਿਆਂ ਵਿਚੋਂ ਲੰਘ ਰਹੇ ਸਨ ਕਿ ਉਨ੍ਹਾਂ ਦੇ ਪੈਰਾਂ ਵਿਚ ਵੱਡੇ ਵੱਡੇ ਦਗਦੇ ਅੰਗਿਆਰ ਡਿਗਣ ਲਗ ਪਏ। ਬ੍ਰਾਹਮਣ ਨੇ ਸਾਡੇ ਮਾਮੇ ਨੂੰ ਪੁਛਿਆ, ‘ਕੀ ਕਰੀਏ?’ ਉਸਨੇ ਕਿਹਾ, ‘ਪੰਡਤ ਜੀ, ਰੱਬ ਰੱਬ ਕਰੋ।’ ਸਾਡਾ ਮਾਮਾ ‘ਵਾਹਿਗੁਰੂ ਵਾਹਿਗੁਰੂ’ ਕਰਨ ਲੱਗ ਪਿਆ, ਪੰਡਤ ‘ਰਾਮ, ਰਾਮ’।ਅੰਗਆਿਰ ਡਗਿਦੇ ਤਾਂ ਰਹੇ , ਪਰ ਓਨ੍ਹਾਂ ਤੋਂ ਦੂਰ ।ਸਾੰਨੂ ਇਸ ਗੱਲ ਕਰਕੇ ਆਪਨੇ ਮਾਮੇ ਉੱਤੇ ਬੜਾ ਮਨ ਸੀ

”ਆਪਾਂ ਵਾਹਿਗੁਰੂ ਵਾਹਿਗੁਰੂ ਕਰੀਏ”, ਮੈਂ ਦੱਸਿਆ ।

”ਵਾਹਿਗੁਰੂ ਤੋਂ ਤਾਂ ਭੂਤ ਪਰੇਤ ਈ ਡਰਦੇ ਨੇ, ਆਦਮੀ ਨੀ ਡਰਦੈ”, ਮੇਰੀ ਭੈਣ ਨੇ ਕਿਹਾ।
ਮੈਂ ਮੰਨ ਗਿਆ। ਸੜਕ ਵਿਚ ਪਿਆ ਰਾਸ਼ਾ ਤਾਂ ਆਦਮੀ ਸੀ, ਉਹ ਰੱਬ ਤੋਂ ਕਦ ਡਰਨ ਲੱਗਾ ਸੀ?
”ਤਾਂ ਫੇਰ ਹੁਣ ਕੀ ਕਰੀਏ?” ਅਸੀਂ ਪੰਜ ਸੱਤ ਮਿੰਟ ਸਹਿਮ ਕੇ ਖਲੋਤੇ ਰਹੇ। ਹਾਲੇ ਵੀ ਸਾਡੇ ਦਿਲਾਂ ਵਿਚ ਆਸ ਸੀ ਕਿ ਕੋਈ ਆਦਮੀ ਇਸ ਰਾਸ਼ੇ ਆਦਮੀ ਨੂੰ ਡਰਾਣ ਵਾਲਾ ਸਾਡੇ ਨਾਲ ਆ ਮਿਲੇਗਾ। ਪਰ ਇਹ ਆਸ ਪੂਰੀ ਹੁੰਦੀ ਨਾ ਦਿਸੀ। ਅਸੀਂ ਇਕ ਦੂਜੇ ਦੇ ਮੂੰਹ ਵਲ ਤਕਦੇ ਰਹੇ, ਪਰ ਮੈਨੂੰ ਯਾਦ ਹੈ ਕਿ ਅਸੀਂ ਉਸ ਵੇਲੇ ਇਕ ਦੂਜੇ ਦੇ ਚਿਹਰਿਆਂ ਵਿਚ ਕੁਝ ਲੱਭ ਨਹੀਂ ਸਾਂ ਸਕਦੇ। ਸਾਡਾ ਭਰੱਪਣ, ਸਾਡੀ ਏਕਤਾ, ਬੇਕਾਰ ਹੋਏ ਖਲੋਤੇ ਸਨ। ਕੁਝ ਮਿੰਟਾਂ ਤਕ ਮੇਰਾ ਰੋਣ ਨਿਕਲ ਗਿਆ।
ਮੇਰੀ ਭੈਣ ਨੇ ਪੱਲੇ ਨਾਲ ਮੇਰੇ ਅੱਥਰੂ ਪੂੰਝਦਿਆਂ ਆਖਿਆ, ”ਨਾ ਬੀਰ! ਰੋਂਦਾ ਕਿਉਂ ਐਂ? ਆਪਾਂ ਇਥੇ ਖੜੋਨੇ
ਹਾਂ, ਹੁਣੇ ਪਿੰਡੋਂ ਕੋਈ ਆ ਜਾਊ।”
ਮੈਂ ਚੁਪ ਕਰ ਗਿਆ। ਅਸਾਂ ਕੁਝ ਕਦਮ ਸੜਕ ਵਲ ਪੁਟੇ, ਪਰ ਖਲੋ ਗਏ ਤੇ ਫਿਰ ਉਹ ਹੀ ਪੰਜ ਕਦਮ ਮੁੜ ਆਏ। ਅੰਤ ਮੇਰੀ ਭੈਣ ਨੇ ਕੁਝ ਵਿਚਾਰ ਬਾਅਦ ਕਿਹਾ, ”ਆਪਾਂ ਕਹਾਂਗੇ ਅਸੀਂ ਤਾਂ ਪੇਮੀ ਦੇ ਨਿਆਣੇ ਹਾਂ, ਸਾਨੂੰ ਨਾ ਫੜ।”
ਉਸਦੇ ਮੂੰਹੋਂ ਪੇਮੀ ਸ਼ਬਦ ਬੜਾ ਮਿੱਠਾ ਨਿਕਲਦਾ ਹੁੰਦਾ ਸੀ ਤੇ ਹੁਣ ਤਾਂ ਜਦ ਉਹ ਮੇਰੇ ਵਲ ਝੁਕ ਕੇ ਮੈਨੂੰ ਤੇ ਆਪਣੇ ਆਪ ਨੂੰ ਦਿਲਾਸਾ ਦੇ ਰਹੀ ਸੀ, ਉਹ ਖ਼ੁਦ ਪੇਮੀ ਬਣੀ ਹੋਈ ਸੀ।
ਮੇਰੇ ਦਿਲ ਨੂੰ ਢਾਰਸ ਬਝ ਗਈ। ਰਾਸ਼ੇ ਨੂੰ ਜਦ ਪਤਾ ਲਗੇਗਾ ਕਿ ਅਸੀਂ ਪੇਮੀ ਦੇ ਨਿਆਣੇ ਹਾਂ ਤਾਂ ਉਹ ਸਾਨੂੰ ਕੁਝ ਨਹੀਂ ਆਖੇਗਾ, ਨਹੀਂ ਫੜੇਗਾ।
ਜਿਵੇਂ ਕੰਬਦਾ ਹਿਰਦਾ ਤੇ ਥਿੜਕਦੇ ਪੈਰ ਰੱਬ ਰੱਬ ਕਰਦੇ ਸ਼ਮਸ਼ਾਨ ਭੂਮੀ ਵਿਚੋਂ ਗੁਜ਼ਰ ਜਾਂਦੇ ਹਨ, ਜਿਵੇਂ ਹਿੰਦੂ
ਗਊ ਦੀ ਪੂਛ ਫੜ ਕੇ ਭਵ-ਸਾਗਰ ਤਰ ਜਾਂਦਾ ਹੈ, ਅਸੀਂ ਪੇਮੀ ਦਾ ਨਾਮ ਲੈ ਕੇ ਸੜਕ ਪਾਰ ਹੋ ਗਏ। ਰਾਸ਼ਾ ਉਸੇ ਤਰ੍ਹਾਂ ਉਥੇ ਹੀ ਪਿਆ ਰਿਹਾ।
(‘ਸਮਾਚਾਰ’ ਵਿਚੋਂ)

Advertisements
This entry was posted in ਕਹਾਣੀ. Bookmark the permalink.

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s