ਸਿੰਘ ਸਭਾ ਅਤੇ ਗ਼ਦਰ ਲਹਿਰ – ਪ੍ਰੋ. ਹਰੀਸ਼ ਪੁਰੀ

ਪਰਸਪਰ ਵਿਰੋਧੀ ਸਿਆਸੀ ਰੁਝਾਨ

ਅਜੋਕੇ ਸਮਾਜ ਵਿਗਿਆਨੀ ਜਾਤੀ, ਧਰਮ ਤੇ ਨਸਲ ਦੇ ਸਿਆਸਤ ਨਾਲ ਸੰਬੰਧਾਂ ਨੂੰ ਸਮਝਣ ਵਿਚ ਡੂੰਘੀ ਦਿਲਚਸਪੀ ਰਖਦੇ ਹਨ ਕਿਉਂਕਿ ਸਮਝਿਆ ਜਾਂਦਾ ਹੈ ਕਿ ਇਹਨਾਂ ਦਾ ਸਿਆਸਤ ਨਾਲ ਜੋੜਮੇਲ ਆਦਿ-ਕਾਲੀਨ ਤੋਂ ਹੈ। ਸਭਿਆਚਾਰ-ਵਿਗਿਆਨ ਨਾਲ ਸੰਬੰਧਤ ਯੂਰੋ-ਕੇਂਦਰਿਤ ਪਹੁੰਚ, ਜਿਸ ਨਾਲ ਗੈਰ-ਮਾਰਕਸਿਸਟ ਸਕਾਲਰਸ਼ਿਪ ਬਹੁਤਾ ਕਰਕੇ ਬੱਝੀ ਹੋਈ ਹੈ, ਇਹ ਫਰਜ਼ ਕਰਕੇ ਤੁਰਦੀ ਹੈ ਕਿ ਕਿਸੇ ਥਾਂ ਦੇ ਉਲਿਖਿਤ “ਆਦਿ-ਕਾਲੀਨ” ਕਾਰਕ ਹੀ ਅਜਿਹੇ ਸਮਾਜੀ ਤੱਥ ਹੁੰਦੇ ਹਨ ਜਿਹੜੇ ਕਿਸੇ ਸਮਾਜ ਵਿਚ ਰਾਜਨੀਤਕ ਗਤੀਸ਼ੀਲਤਾ ਨੂੰ ਨਿਸਚਿਤ ਕਰਦੇ ਹਨ। ਇਹ ਸਮਝ ਵੀ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਸਭਿਆਚਾਰਕ ਤੌਰ ‘ਤੇ ਨਿੱਖੜਵੇਂ ਭਾਈਚਾਰੇ ਦੁਨਿਆਵੀ ਪਦਾਰਥਕ ਪ੍ਰਾਪਤੀਆਂ ਲਈ ਇਕ ਦੂਸਰੇ ਦੇ ਮੁਕਾਬਲੇ ਵਿਚ ਜਿਹੜੇ ਸੰਘਰਸ਼ ਚਲਾਉਂਦੇ ਹਨ ਉਹ ਆਪੋ ਆਪਣੀ ਵੱਖਰੀ ਸੰਪਰਦਾਇਕ ਪਛਾਣ ਦੇ ਆਲੇ ਦੁਆਲੇ ਹੀ ਚਲਾਉਂਦੇ ਹਨ। ਇਸ ਗੱਲ ਨੂੰ ਘੱਟ ਉੱਨਤ ਸਮਾਜਾਂ ਦੇ ਸੰਬੰਧ ਵਿਚ ਹੋਰ ਵੀ ਠੀਕ ਸਮਝਿਆ ਜਾਂਦਾ ਹੈ। ਪਰ ਬੁਨਿਆਦੀ ਸਵਾਲ ਇਹ ਉੱਠਦਾ ਹੈ ਕਿ ਕਿਹਨਾਂ ਇਤਹਾਸਕ ਪ੍ਰਸਥਿਤੀਆਂ ਵਿਚ, ਕਿਹੜੀਆਂ ਸਮਾਜੀ ਆਰਥਕ ਹਾਲਤਾਂ ਅਧੀਨ ਅਤੇ ਕਿਸ ਤਰ੍ਹਾਂ ਇਹ ਆਦਿ ਕਾਲੀਨ ਜੋੜਮੇਲ ਸਿਆਸਤ ਨਾਲ ਜਾਤੀ, ਧਰਮ ਤੇ ਨਸਲ ਦਾ ਵਧੇਰੇ ਪਰਸੰਗਕ ਬਣਦਾ ਹੈ ਤੇ ਰਾਜਨੀਤਕ ਪ੍ਰਕਿਰਿਆ ਵਿਚ ਇਹ ਮਹੱਤਤਾ ਅਖਤਿਆਰ ਕਰਦਾ ਹੈ। ਇਸ ਮੰਤਵ ਲਈ ਪੰਜਾਬ ਵਿਚ ਚੱਲੀਆਂ ਦੋ ਮਹੱਤਵਪੂਰਣ ਲਹਿਰਾਂ ਸਿੰਘ ਸਭਾ ਦੇ ਗ਼ਦਰ ਦਾ ਅਧਿਐਨ ਵੱਡਮੁਲਾ ਸਾਬਤ ਹੋਵੇਗਾ। ਇੱਕੋ ਹੀ ਭਾਈਚਾਰੇ ਦੇ ਲੋਕਾਂ ਵਿਚ ਲੱਗਭਗ ਇੱਕੋ ਵੇਲੇ ਚੱਲੀਆਂ ਦੋਹਾਂ ਸੰਗਠਿਤ ਲਹਿਰਾਂ ਨੇ ਰਾਜਨੀਤਕ ਮੰਤਵਾਂ ਪ੍ਰਤੀ ਮਾਨਸਕ ਝੁਕਾਵਾਂ ਦੇ ਉੱਕਾ ਹੀ ਅੱਡੋ ਅੱਡ ਅੰਦਾਜ਼ ਤੇ ਵਿਸ਼ਵਾਸਾਂ, ਕੀਮਤਾਂ ਵਤੀਰਿਆਂ ਦੇ ਦੋ ਰੂਪ ਅਖਤਿਆਰ ਕਰ ਲਏ। ਇਹ ਤੱਥ ਸਾਨੂੰ ਇਸ ਗੱਲ ਬਾਰੇ ਚੇਤੰਨ ਕਰਦਾ ਹੈ ਕਿ ਅਖੌਤੀ ਆਦਿ ਕਾਲੀਨ ਜੋੜਮੇਲ ਨੂੰ ਹਕੀਕਤ ਵਿਚ ਨਿਸ਼ਚਿਤ ਤੱਥ ਨਹੀਂ ਕਿਹਾ ਜਾ ਸਕਦਾ। ਇਹ ਸਮਾਜੀ ਤੱਥ ਉਦੋਂ ਬਣੇ ਜਦੋਂ ਇਹ ਇਤਹਾਸਕ ਸਥਿਤੀ ਨਾਲ ਸੰਬੰਧਤ ਆਰਥਕ ਤੇ ਰਾਜਨੀਤਕ ਕਾਰਕਾਂ ਵਿਚੋਂ ਲੰਘੇ। ਇਹ ਗੱਲ ਸਾਨੂੰ ਵਿਚਾਰਧਾਰਕ ਲਾਮਬੰਦੀ ਉਸ ਭੂਮਿਕਾ ਤੋਂ ਵੀ ਚੇਤੰਨ ਕਰਾਉਂਦ ਿਹੈ, ਜਿਹੜੇ ਇਹ ਰਾਜਨਤਿਕ ਭਰਮ ਪੈਦਾ ਕਰਨ ਵਿਚ ਹਿਸਾ ਪਾਉਂਦੀ ਹੈ ਅਤੇ ਇਸ ਦੇ ਨਾਲ ਨਾਲ ਜ਼ਹਰਾ ਤੌਰ ਤੇ ਦਿਸਦੀ ਬਣਤ ਅਤੇ ਵਾਸਤਵਿਕ ਬਣਤ ਵਿਚਕਾਰ ਅੰਤਰਕਿਰਿਆ ਦਾ ਮਾਧਿਆਮ ਬਣਦਿਆਂ ਇਸ ਸੰਬੰਧੀ ਪੈਦਾ ਹੋਣ ਵਾਲੇ ਧੁੰਦਲੇਪਨ ਨੂੰ ਵੀ ਦੂਰ ਕਰਦੀ ਹੈ।
ਮੋਟੇ ਤੌਰ ‘ਤੇ ਇਹ ਦੋਵੇਂ ਲਹਿਰਾਂ ਇਕੋ ਭਾਈਚਾਰੇ ਦੇ ਲੋਕਾਂ ਨਾਲ਼ ਜੁੜੀਆਂ ਹਨ। ਇਨ੍ਹਾਂ ਦੋਹਾਂ ਨੂੰ ਸਿੱਖ ਭਾਈਚਾਰੇ ਦੇ ਗੌਰਵ ਤੇ ਸ਼ਾਨ ਦਾ ਦਰਜਾ ਹਾਸਿਲ ਹੈ – ਇਕ ਨੂੰ ਸਿੱਖ ਪਛਾਣ ਦੀ ਬਹਾਲੀ ਲਈ ਤੇ ਦੂਜੀ ਨੂੰ ਉਸ ਦੀਆਂ ਕੁਰਬਾਨੀਆਂ ਤੇ ਬਹਦਾਰੀ ਦੇ ਕਾਰਨਾਮਿਆਂ ਲਈ, ਜੋ ਜਨਤਕ ਰਾਇ ‘ਚ ਇਸ ਭਾਈਚਾਰੇ ਦੀ ਪਰੰਪਰਾ ਦਾ ਹਿੱਸਾ ਸਨ। ਜਿਸ ਗੱਲ ਨੂੰ ਆਮ ਤੌਰ ‘ਤੇ ਬੜੀ ਆਸਾਨੀ ਨਾਲ਼ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ ਉਹ ਹੈ ਇਨ੍ਹਾਂ ਲਹਿਰਾਂ ਵੱਲੋਂ ਵਿਕਸਿਤ ਕੀਤਾ ਸਿਆਸੀ ਰੁਝਾਨਾਂ ਦਾ ਢਾਂਚਾ। ਇਕ ਹੋਰ ਅਹਿਮ ਸਵਾਲ ਇਹ ਹੈ ਕਿ ਆਖਿਰ ਇਹ ਅਖੌਤੀ ਪੀਡੀਆਂ ਗੰਢਾਂ ਕਿੰਨੀਆ ਕੁ ਪੀਡੀਆਂ ਹਨ ਤੇ ਉਹ ਕਿਹੜੀ ਚੀਜ਼ ਹੈ ਜੋ ਉਨ੍ਹਾਂ ਨੂੰ ਪ੍ਰਸੰਗਿਕ ਜਾਂ ਅਪ੍ਰਸੰਗਿਕ ਬਣਾਉਂਦੀ ਹੈ।
ਸਿੰਘ ਸਭਾ ਲਹਿਰ ਸਿੱਖਾਂ ਦੀ ਇਕ ਵੱਖਰੀ ਤੇ ਨਿਵੇਕਲੀ ਪਛਾਣ ਸਥਾਪਿਤ ਕਰਨ ਵਾਲੀ ਲਹਿਰ ਵੱਜੋਂ ਸਾਹਮਣੇ ਆਉਂਂਦੀ ਹੈ ਜੋ ਆਪਣੇ ਭਾਈਚਾਰੇ ਨੂੰ ਹਿੰਦੂਕਰਣ ਤੋਂ ਮੁਕਤ ਕਰਾਉਣ ਲਈ ਸਖਤ ਘਾਲਨਾਵਾਂ ਘਾਲ਼ਦੀ ਹੈ। ਇਸ ਲਈ ਇਸ ਦੇ ਉਭਾਰ ਨੂੰ ਭਾਈਚਾਰੇ ਦੇ ਉੱਚ-ਵਰਗ ਦੇ ਖਾਸ ਹਿਤਾਂ ਤੇ ‘ਪਛਾਣ ਦੇ ਸੰਕਟ’ ਦੇ ਸੰਦਰਭ ‘ਚ ਸਮਝਿਆ ਜਾ ਸਕਦਾ ਹੈ। ਇਹ ‘ਸੰਕਟ’ ਬ੍ਰਾਮਣਵਾਦੀ ਰਸਮਾਂ ਅਤੇ ਅਮਲਾਂ ਦੇ ਭ੍ਰਿਸ਼ਟ ਪ੍ਰਭਾਵ ਦਾ ਹੀ ਨਤੀਜਾ ਸੀ ਜੋ, ਕਿ ਰਣਜੀਤ ਸਿੰਘ ਦੇ ਸਮੇਂ ਤੋਂ ਹੀ ਭਾਰੂ ਹੋ ਚੁੱਕਾ ਸੀ। ਸਿੱਖ ਇਤਿਹਾਸਕਾਰੀ ਵਿਚ ਹੁਣ ਤਾਈਂ ਭਾਰੂ ਰਿਹਾ ਨਜ਼ਰੀਆ ਇਸ ਹਕੀਕਤ ਨੂੰ ਸਮਝਣ ਦੀ ਰਾਹ ‘ਚ ਧੁੰਦਲ਼ਾਪਣ ਪੈਦਾ ਕਰਦਾ ਹੈ।
ਉਹ ਕਿਹੜੀ ਗੱਲ ਸੀ ਜੋ 1873 ਵਿਚ ਨਾਮਧਾਰੀ ਲਹਿਰ ਦੇ ਇਕ ਬਦਲ ਵੱਜੋਂ ਇਸ ਸਿੰਘ ਸਭਾ ਦੀ ਸਥਾਪਨਾ ਵੱਲ ਨੂੰ ਲੈ ਗਈ? ਉਸ ਸਮੇਂ ਸਿੱਖ ਭਾਈਚਾਰੇ ਲਈ ਕਿਸੇ ਗੰਭੀਰ ਸੰਕਟ ਜਾਂ ਵੱਡੀ ਤਦਾਦ ‘ਚ ਧਰਮ ਨੂੰ ਛੱਡ ਕੇ ਜਾਣ ਦਾ ਵੀ ਕੋਈ ਖਾਸ ਸਬੂਤ ਨਹੀਂ ਮਿਲਦਾ। ਕੁਝ ਸਿੱਖਾਂ ਵੱਲੋਂ ਈਸਾਈ ਬਣਨਾ ਵੀ ਕੋਈ ਏਡਾ ਵੱਡਾ ਮਸਲਾ ਨਹੀਂ ਸੀ। ਆਰੀਆ ਸਮਾਜ ਨਾਲ਼ ਸ਼ੁਰੂ ਹੋਇਆ ਵਾਦ ਵਿਵਾਦ ਵੀ ਬਾਅਦ ‘ਚ ਸ਼ੁਰੂ ਹੋਇਆ ਸੀ। ਲਹਿਰ ਦੀ ਸ਼ੁਰੂਆਤ ਕਰਨ ਵਾਲ਼ਿਆਂ ‘ਚ ਵੱਡੇ ਜ਼ਿਮੀਂਦਾਰ, ਮਹੰਤ, ਪੁਜਾਰੀ ਤੇ ਭਾਈ ਸ਼ਾਮਿਲ ਸਨ। ਉਨ੍ਹਾਂ ‘ਚ ਸਹਿਜਧਾਰੀ ਵੀ ਸਨ। ਇਹ ਲੀਡਰ ਆਪਣੀ ਨਿੱਜੀ ਜ਼ਿੰਦਗੀ ਜਾਂ ਸਮਾਜਕ ਵਰਤਾਉ ਵਿਚ ਸਿੱਖ ਵਿਸ਼ਵਾਸਾਂ ਜਾਂ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ ‘ਤੇ ਸਾਬਤ-ਕਦਮੀ ਨਾਲ਼ ਪਹਿਰਾ ਦਿੰਦੇ ਹੋਣ ਇਸ ਗੱਲ ਦੇ ਵੀ ਕੋਈ ਠੋਸ ਸਬੂਤ ਨਹੀਂ ਮਿਲਦੇ। ਇਸ ਦੇ ਉਲਟ ਉਨ੍ਹਾਂ ਲੀਡਰਾਂ ‘ਤੇ ਜਾਤੀਵਾਦ ਨੂੰ ਮੰਨਣ ਅਤੇ ਬ੍ਰਾਮਣਵਾਦੀ ਕਦਰਾਂ ਕੀਮਤਾਂ ‘ਤੇ ਅਮਲ ਕਰਨ ਦਾ ਵੀ ਦੋਸ਼ ਲਗਦਾ ਸੀ। ਉਨ੍ਹਾਂ ਵਿਚ ਗੁਰਦੁਆਰਿਆਂ ਦੇ ਪੁਜਾਰੀ ਤੇ ਮਹੰਤ ਵੀ ਸਨ। ਇਹ ਲੋਕਾਂ ਦਾ ਉਹ ਹਿੱਸਾ ਸੀ ਜਿਸ ਦੇ ਭ੍ਰਿਸ਼ਟ ਆਚਰਣ, ਚਰਿਤਰਹੀਨਤਾ ਤੇ ਅਨੈਤਿਕ ਉਦੇਸ਼ਾਂ ਲਈ ਗੁਰਦੁਆਰਿਆਂ ਦੇ ਫੰਡਾਂ ਦੀ ਦੁਰਵਰਤੋਂ ਤੋਂ ਹੀ ਵਰਤਮਾਨ ਸਦੀ ਦੇ ਵੀਹਵਿਆਂ ‘ਚ ਇਕ ਤਿੱਖੀ ਗੁਰਦੁਆਰਾ ਸੁਧਾਰ ਲਹਿਰ ਦਾ ਮੁੱਢ ਬੁੱਝਾ ਸੀ। ਸੁਧਾਰ ਦੀਆਂ ਪਹਿਲੀਆਂ ਕੋਸ਼ਿਸ਼ਾਂ ਨਾਲ਼ੋਂ ਸਿੰਘ ਸਭਾ ਨੂੰ ਵਖਰਾਉਣ ਵਾਲਾ ਬਿੰਦੂ ਲਹਿਰ ਦੀ ਸਥਾਪਨਾ ਤੋਂ ਫੌਰੀ ਬਾਅਦ ਹੀ ਸਪਸ਼ਟ ਹੋ ਗਿਆ ਸੀ। ਇਸ ਦੇ ਆਗੂਆਂ ਦੇ ਇਕ ਹਿੱਸੇ ਨੇ ਬਾਕਾਇਦਾ ਦਸਤਸਖ਼ਤ ਕਰ ਕੇ ਇਕ ਮੈਮੋਰੰਡਮ ਪੰਜਾਬ ਦੇ ਲੈਫਟੀਨੈਂਟ ਗਵਰਨਰ ਨੂੰ ਦਿੱਤਾ, ਜਿਸ ਵਿਚ ਨਾਮਧਾਰੀਆਂ (ਕੂਕਿਆਂ) ਨੂੰ ਸਿੱਖਾਂ ਦੇ ਸੱਭ ਤੋਂ ਖਤਰਨਾਕ ਦੁਸ਼ਮਨ ਕਹਿ ਕੇ ਭੰਡਿਆ ਗਿਆ ਸੀ, ਸਰਕਾਰ ਵੱਲੋਂ ਕੂਕਿਆਂ ‘ਤੇ ਕੀਤੇ ਜਾ ਰਹੇ ਬੇਕਿਰਕ ਅੱਤਿਆਚਾਰ ਦੀ ਸ਼ਲਾਘਾ ਕੀਤੀ ਗਈ ਸੀ ਅਤੇ ਸਰਕਾਰ ਦੀ ਉਦਾਰਤਾ ਅਤੇ ਮਿਹਰਾਂ ਲਈ ਸ਼ੁਕਰੀਆ ਅਦਾ ਕੀਤਾ ਗਿਆ ਸੀ।
ਸਿੰਘ ਸਭਾਵਾਂ, ਦੀਵਾਨਾਂ ਤੇ ਚੀਫ਼ ਖਾਲਸਾ ਦੀਵਾਨ ਦੇ ਵਿਹਾਰ ਅਤੇ ਗਤੀਵਿਧੀਆਂ ਦਾ ਇਹ ਪੱਕਾ ਚਲਨ ਸੀ। ਜਦੋਂ ਗ਼ਦਰੀ ਅੰਗਰੇਜ਼ ਹਕੂਮਤ ਦੇ ਖਿਲਾਫ਼ ਪਰਚਾਰ ਕਰਨ ਅਤੇ ਗ਼ਦਰ ਕਰਨ ਲਈ ਵਾਪਿਸ ਪਰਤੇ ਤਾਂ ਅੰਗਰੇਜ਼ ਹਕੂਮਤ ਵੱਲੋਂ ਉਨ੍ਹਾਂ ਉੱਤੇ ਚਲਾਏ ਦਮਨ ਚਕਰ ਦੇ ਹਰਾਵਲਦਸਤੇ ਦੀ ਭੂਮਿਕਾ ਚੀਫ਼ ਖਾਲਸਾ ਦੀਵਾਨ ਨੇ ਹੀ ਨਿਭਾਈ ਸੀ। ਮਹੰਤਾਂ ਤੇ ਪੁਜਾਰੀਆਂ ਨੇ, ਜਿਨ੍ਹਾਂ ਦਾ ਸਿੱਖੀ ਦੀਆਂ ਕਦਰਾਂ ਕੀਮਤਾਂ ਤੋਂ ਡਿੱਗਾ ਹੋਇਆ ਆਚਰਣ ਭਾਈਚਾਰੇ ਅੰਦਰ ਰੋਹ ਤੇ ਘਿਰਣਾ ਦੇ ਭਾਵ ਪੈਦਾ ਕਰ ਰਿਹਾ ਸੀ, ਗ਼ਦਰੀਆਂ ਨੂੰ ਪਤਿਤ ਸਿੱਖ ਤੇ ਪੰਥ ਦੇ ਦੁਸ਼ਮਣ ਕਹਿ ਕੇ ਭੰਡਿਆ। ਦੀਵਾਨ ਦੀ ਹੀ ਅਗਵਾਈ ਵਿਚ ਜਨਰਲ ਡਾਇਰ ਨੂੰ ਸਿੱਖਾਂ ਦੇ ਸਰਵੁੱਚ/ਮੁਕੱਦਸ ਗੁਰੂਦੁਆਰੇ ਵਿਚ ਸਰੋਪਾ ਭੇਂਟ ਕਰ ਕੇ ਸਨਮਾਨਿਤ ਕੀਤਾ ਗਿਆ ਤੇ ਸਿੱਖ ਸਜਾਇਆ ਗਿਆ। ਸੋ ਸਿੰਘ ਸਭਾ ਲਹਿਰ ਦੀ ਸ਼ੁਰੂਆਤ ਦਾ ਤਰਕ ਅਖੌਤੀ ‘ਪਛਾਣ ਦੇ ਸੰਕਟ’ ਤੋਂ ਪਾਰ ਪਾਉਣ ਵਿਚ ਨਹੀਂ ਸਗੋਂ ਹੋਰ ਹੀ ਕਾਰਣਾਂ ਵਿਚ ਸੀ।
ਸਮਾਜ ਸੁਧਾਰ ਦੀਆਂ ਦੋ ਲਹਿਰਾਂ – ਨਿਰੰਕਾਰੀ ਤੇ ਨਾਮਧਾਰੀ – ਖਾਲਸਾ ਰਹਿਤ ਦੀ ਸ਼ੁੱਧਤਾ ਦੀ ਬਹਾਲੀ ਦੀਆਂ ਕੋਸ਼ਿਸ਼ਾਂ ਬਹੁਤ ਪਹਿਲਾਂ ਹੀ ਸ਼ੁਰੂ ਕਰ ਚੁੱਕੀਆਂ ਸਨ। ਬੁੱਤ ਪੂਜਾ ਦੀ ਕੁਰੀਤੀ ਤੇ ਬ੍ਰਾਹਮਣਵਾਦੀ ਰਸਮਾਂ ਨੂੰ ਭੰਡਿਆ ਗਿਆ ਸੀ। ਅੰਮ੍ਰਿਤ ਛਕਣ ਤੇ ਪੰਜ ਕਕਾਰਾਂ ਦੀ ਰਹਿਤ ਮਰਿਆਦਾ ਦੀ ਪਾਲਣਾ ਉੱਤੇ ਖਾਸ ਜ਼ੋਰ ਦਿੱਤਾ ਗਿਆ ਸੀ, ਤਾਂ ਜੋ ਸਿੱਖ ਕਿਤੇ ਹਿੰਦੂਆਂ ਵਿਚ ਹੀ ਜਜ਼ਬ ਹੋ ਕੇ ਨਾ ਰਹਿ ਜਾਣ।
ਰਾਮ ਸਿੰਘ ਦੀ ਅਗਵਾਈ ਵਿਚ ਨਾਮਧਾਰੀ ਲਹਿਰ ਹੋਰ ਵੀ ਜੁਝਾਰੂ ਤੇ ਖਾੜਕੂ ਹੋ ਗਈ ਸੀ। ਇਸ ਨੂੰ ਮੰਨਣ ਵਾਲਿਆਂ ਦਾ ਬਹੁਤ ਵੱਡਾ ਹਿੱਸਾ ਹੇਠਲੀਆਂ ਜਾਤਾਂ ਵਿਚੋਂ ਆਇਆ ਸੀ। ਉੱਚੀਆਂ ਜਾਤਾਂ ਤੇ ਅਮੀਰਾਂ ਹੱਥੋਂ ਹੁੰਦੀ ਉਨ੍ਹਾਂ ਦੀ ਸਮਾਜਕ ਤੇ ਆਰਥਿਕ ਲੁੱਟ ਨੇ ਉਨ੍ਹਾਂ ਨੂੰ ਉਸ ਵਰਗ ਦੇ ਵਿਸ਼ਵਾਸਾਂ ਅਤੇ ਅਮਲਾਂ ਦਾ ਅਲੋਚਕ ਬਣਾ ਦਿੱਤਾ ਸੀ। ਅੰਗਰੇਜ਼ ਹਕੂਮਤ ਦੇ ਸਭਿਆਚਾਰਕ ਪ੍ਰਭਾਵਾਂ ਦਾ ਵਿਰੋਧ ਤੇ ਪ੍ਰਬੰਧਕੀ ਢਾਂਚੇ ਦਾ ਬਾਈਕਾਟ ਕਰ ਕੇ ਉਹ ਗੁਰੂ ਗੋਬਿੰਦ ਸਿੰਘ ਦੇ ਜੁਝਾਰੂ ਪੂਰਣਿਆਂ ‘ਤੇ ਹੀ ਜ਼ੋਰ ਦੇ ਰਹੇ ਸਨ। ਨਵੇਂ ਹਾਕਮਾਂ ਅਤੇ ਭਾਈਚਾਰੇ ਦੇ ਉੱਚ ਵਰਗ ਦੇ ਹਿਤਾਂ ਨਾਲ਼ ਉਨ੍ਹਾਂ ਦੀ ਲਹਿਰ ਦਾ ਟਕਰਾ ਹੋਣਾ ਸੁਭਾਵਿਕ ਹੀ ਸੀ। ਮਹਾਰਾਜ ਸਿੰਘ ਅਤੇ ‘ਖਾਲਸਾ ਰਾਜ’ ਦੇ ਦੂਜੇ ਹੋਰ ਮੁਦਈ ਵੀ ਵਿਦੇਸ਼ੀ ਹਕੂਮਤ ਵਿਰੁੱਧ ਸੰਘਰਸ਼ ਦੀ ਤਿਆਰੀ ਕਰ ਰਹੇ ਸਨ। ਬਸਤੀਵਾਦੀ ਪ੍ਰਬੰਧ ਨੂੰ ਵੀ ਸਿੱਖ ਭਾਈਚਾਰੇ ਵਿਚੋਂ ਸਰਗਰਮ ਹਿਮਾਇਤ ਦੀ ਲੋੜ ਸੀ। ਸੂਬੇ ਦੀ ਸਰਕਾਰ ਵੱਲੋਂ ਮਲੇਰਕੋਟਲਾ ਵਿਖੇ ਕੂਕਿਆਂ ਉੱਤੇ ਕੀਤੇ ਵਹਿਸ਼ੀਆਨਾ ਐਕਸ਼ਨ ਤੋਂ ਫੌਰੀ ਬਾਅਦ ਸਿੰਘ ਸਭਾ ਲਹਿਰ ਦੀ ਸਥਾਪਨਾ, ਉਸੇ ਮਹਿਸੂਸ ਕੀਤੀ ਜ਼ਾਹਰੀ ਲੋੜ ਅਤੇ ਇਕ ਮੁਤਬਾਦਲ ਜੱਥੇਬੰਦਕ ਪਹਿਲਕਦਮੀ ਦਾ ਲਾਹਾ ਲੈਣ ਵਿਚੋਂ ਹੀ ਹੋਈ ਸੀ। ਪੰਜਾਬ ਅੰਦਰ ਬਸਤੀਵਾਦੀ ਹਕੂਮਤ ਦੇ ਸਿੱਟੇ ਵੱਜੋਂ ਪੈਦਾ ਹੋਏ ਸਿਆਸੀ ਤੇ ਆਰਥਕ ਹਾਲਤ ਵਿਚੋਂ ਪੈਦਾ ਹੋਈਆਂ ਮਜਬੂਰੀਆਂ ਨੂੰ ਨਜਿੱਠਣ ਲਈ ਇਹ ਲਾਹੇਵੰਦ ਰਣਨੀਤੀ ਲਗਦੀ ਸੀ।
ਪੰਜਾਬ ਦੇ ਇਕ ਖੇਤੀ ਪ੍ਰਧਾਨ ਹਿੱਸੇ ਵੱਜੋਂ ਸਾਮਰਾਜੀ ਮੰਡੀ ਨਾਲ਼ ਨੱਥੀ ਹੋ ਜਾਣ ਨਾਲ਼ ਸੂਬੇ ਦੀ ਸਿਆਸੀ ਆਰਥਿਕਤਾ ਵਿਚ ਬਹੁਤ ਵੱਡੀਆਂ ਤਬਦੀਲੀਆਂ ਦੀ ਸ਼ੁਰੂਆਤ ਹੋਈ ਸੀ। ਸਿੰਚਾਈ ਲਈ ਨਹਿਰਾਂ ਦੇ ਜਾਲ ਅਤੇ ਬੇਕਾਰ ਜ਼ਮੀਨਾਂ ਨੂੰ ਖੇਤੀ ਹੇਠ ਲਿਆਉਣ ਨਾਲ਼ ਖੇਤੀ ਪੈਦਾਵਾਰ ਵਿਚ ਵਾਧਾ ਹੋਇਆ ਸੀ। ਭੂਮੀ ਬੰਦੋਬਸਤ, ਵਿਅਕਤੀਗਤ ਮਾਲਕੀ ਦੇ ਸੰਕਲਪ, ਨਕਦ ਅਦਾਇਗੀ, ਕਚਹਿਰੀਆਂ ਤੇ ਕਾਨੂੰਨਾਂ ਦੇ ਨਵੇਂ ਢਾਂਚੇ ਨੇ ਵਿਸ਼ੇਸ਼ ਅਧਿਕਾਰਾਂ ਅਤੇ ਵਿਰੋਧਤਾਈਆਂ ਦੇ ਨਵੇਂ ਪੈਟਰਨ ਹੋਂਦ ‘ਚ ਲਿਆ ਦਿੱਤੇ ਸਨ। ਵੱਡੇ ਜ਼ਮੀਂਦਾਰਾਂ, ਮਹੰਤਾਂ ਤੇ ਭਾਈਆਂ ਨੂੰ, ਜਿਨ੍ਹਾਂ ਨੂੰ ਨਵੇਂ ਆਰਥਿਕ ਤੇ ਪ੍ਰਬੰਧਕੀ ਫੈਸਲਿਆਂ ਤੋਂ ਫਾਇਦਾ ਹੋ ਰਿਹਾ ਸੀ, ਅੰਗਰੇਜ਼ ਆਪਣੇ ਸੁਭਾਵਿਕ ਸਾਥੀਆਂ ਵਾਂਗ ਹੀ ਲੈਂਦੇ ਸਨ ਅਤੇ ਆਪਣੀ ਥਾਂ ‘ਤੇ ਉਹ ਲੋਕ ਵੀ ਇਸ ਮੌਕੇ ਦਾ ਫਾਇਦਾ ਲੈਣ ਲਈ ਕਿਸੇ ਠੋਸ ਤਰਕ ਤੇ ਢੁੱਕਵੀਂ ਜ਼ਮੀਨ ਦੀ ਹੀ ਤਲਾਸ਼ ਵਿਚ ਸਨ।
ਦੋ ਕਾਰਣਾਂ ਨੇ ਇਸ ਖੋਜ ਨੂੰ ਹੋਰ ਵੀ ਜ਼ੋਰ ਦਿੱਤਾ ਸੀ। ਇਕ ਦਾ ਸੰਬੰਧ ਖੇਤੀ ਦੇ ਤਿਜਾਰਤੀਕਰਣ ਤੋਂ ਪੈਦਾ ਹੋਈਆਂ ਨਵੀਆਂ ਸ਼ਕਤੀਆਂ ਨਾਲ਼ ਸੀ ਤੇ ਨਵੇਂ ਪ੍ਰਬੰਧਕੀ ਕਾਨੂੰਨੀ ਢਾਂਚੇ ਨਾਲ਼। ਦੂਜੇ ਦਾ ਸੰਬੰਧ ਜੁਝਾਰ-ਨਸਲਾਂ ਦੇ ‘ਝੂਠੇ ਸਿਧਾਂਤ’ ਮੁਤਾਬਕ ਕੀਤੀ ਫ਼ੌਜ ਦੀ ਨਵੀਂ ਜਥੇਬੰਦੀ ਨਾਲ਼ ਅਤੇ ਅੰਗਰੇਜ਼ਾਂ ਵੱਲੋਂ ਸਿੱਖ ਸਿਪਾਹੀਆਂ ਅੰਦਰ ਵੱਖਰੀ ਧਾਰਮਿਕ ਪਛਾਣ ਨੂੰ ਉਕਸਾਹਾਟ ਦੇਣ ਨਾਲ਼ ਸੀ।
ਵੱਡੇ ਜ਼ਿਮੀਂਦਾਰਾਂ ਦੀ ਖੁਸ਼ਹਾਲੀ ਤੋਂ ਇਲਾਵਾ ਖੇਤੀ ਦੇ ਵਪਾਰੀਕਰਣ, ਮੰਡੀ ਆਰਥਕਤਾ ਦੀਆਂ ਸ਼ਕਤੀਆਂ ਤੇ ਜ਼ਮੀਨੀ ਮਾਲੀਏ ਦੀ ਨਕਦ ਅਦਾਇਗੀ ਨੇ ਵਪਾਰੀਆਂ ਤੇ ਸੂਦਖੋਰਾਂ ਦੀ ਨਵੀਂ ਜਮਾਤ ਖੜ੍ਹੀ ਕਰ ਦਿੱਤੀ ਅਤੇ ਦਰਮਿਆਨੀ ਕਿਸਾਨੀ ਨੂੰ ਕਰਜ਼ੇ ਦੇ ਜਾਲ ‘ਚ ਫਸਾ ਦਿੱਤਾ। ਸਿੱਟੇ ਵੱਜੋਂ ਉਨ੍ਹਾਂ ਦੀਆਂ ਜ਼ਮੀਨਾਂ ਉਨ੍ਹਾਂ ਤੋਂ ਖੁਸਣੀਆਂ ਸ਼ੁਰੂ ਹੋ ਗਈਆਂ। ਨਵੇਂ ਕਾਨੂੰਨਾਂ ਤੇ ਕਚਹਿਰੀਆਂ ਨੇ ਸੂਦਖੋਰਾਂ ਨੂੰ ਇਕ ਨਵਾਂ ਮੌਕਾ ਦਿੱਤਾ ਜਿਸ ਦਾ ਲਾਹਾ ਲੈਣ ਲਈ ਉਹ ਪਹਿਲਾਂ ਹੀ ਤਿਆਰ ਬੈਠੇ ਸਨ। ਦੀਵਾਨੀ ਮੁਕੱਦਮਿਆਂ ਵਿਚ ਹੋਏ ਵਾਧੇ ਨੇ ਵਕੀਲਾਂ ਦੀ ਨਵੀਂ ਜਮਾਤ ਖੜ੍ਹੀ ਕਰ ਦਿੱਤੀ ਸੀ। ਰੇਲ, ਡਾਕ-ਤਾਰ ਵਿਭਾਗ ਤੇ ਹੋਰ ਪ੍ਰਬੰਧਕੀ ਨੌਕਰੀਆਂ ਨੇ ਪੜ੍ਹੇ-ਲਿਖੇ ਸ਼ਹਿਰੀ ਵਰਗ ਲਈ ਰੋਜ਼ਗਾਰ ਦੇ ਮੌਕਿਆਂ ‘ਚ ਵਾਧਾ ਕੀਤਾ ਸੀ। ਇਹ ਲਾਹਾ ਲੈਣ ਵਾਲ਼ਿਆਂ ਵਿਚੋਂ ਵੱਡਾ ਹਿੱਸਾ ਸ਼ਹਿਰੀ ਖੱਤਰੀਆਂ ਅਤੇ ਅਰੋੜਾ ਹਿੰਦੂਆਂ ਦਾ ਸੀ। ਕੇਂਦਰੀ ਪੰਜਾਬ ਦੇ ਜ਼ਿਲ੍ਹਿਆਂ ਵਿਚ ਕਿਸਾਨੀ ਦਾ ਵੱਡਾ ਹਿੱਸਾ ਜੱਟ ਸਿੱਖ ਸੀ। ਪਰ ਇਨ੍ਹਾਂ ਦੋਹਾਂ ਵਰਗਾਂ ਵੱਲੋਂ ਆਪਣੀ ਪਛਾਣ ਨੂੰ ਮੁੱਖ ਤੌਰ ‘ਤੇ ਧਾਰਮਿਕ ਰੁਝਾਨਾਂ ‘ਤੇ ਅਧਾਰਤ ਕਰਨਾ ਸਿਰਫ ਬਾਹਰਮੁੱਖੀ ਹਾਲਤਾਂ ਦੀ ਹੀ ਮਕੈਨਕੀ ਪੈਦਾਵਾਰ ਨਹੀਂ ਸੀ। ਪਛਾਣ ਦੀ ਇਸ ਵੰਨਗੀ ਨੂੰ ਨਵੇਂ ਭੁਲੇਖਿਆਂ ਦੇ ਪੂਰੇ ਤਾਣੇ-ਬਾਣੇ ਦੀ ਉਸਾਰੀ ਰਾਹੀਂ ਹੀ ਸੰਭਵ ਬਣਾਇਆ ਗਿਆ ਸੀ। ਮੋਟੇ ਤੌਰ ਉੱਪਰ ਦੂਜੇ ਕਾਰਕ ਨੇ ਇਸ ਨੂੰ ਵਧੇਰੇ ਸੰਭਵ ਬਣਾਇਆ ਸੀ -ਉਹ ਸੀ ਸਿੱਖ ਸਿਪਾਹੀਆਂ ਅੰਦਰ ਵਫ਼ਾਦਾਰੀ ਨੂੰ ਮਜ਼ਬੂਤ ਕਰਨ ਦੀ ਅੰਗਰੇਜ਼ਾਂ ਦੀ ਪਹਿਲ ਤੇ ਸਿੱਖ ਪੁਜਾਰੀਆਂ ਰਾਹੀਂ ਉਨ੍ਹਾਂ ਅੰਦਰ ਕਟੜਪੰਥੀ ਪ੍ਰਭਾਵਾਂ ਦੇ ਗਲ਼ਬੇ ਨੂੰ ਕਾਇਮ ਰੱਖਣ ਦੀ ਚਾਹ।
ਉਨ੍ਹਾਂ ਦਾ ਪੱਕਾ ਵਿਸ਼ਵਾਸ ਸੀ ਕਿ ਫ਼ੌਜ ਵਿਚ ਸਿੱਖ ਸਿਪਾਹੀਆਂ ਦੀ ਸਾਮਰਾਜ ਲਈ ਪੂਰੀ ਵਫ਼ਾਦਾਰੀ ਵਾਸਤੇ, ਉਹਨਾਂ ਅੰਦਰ ਧਾਰਮਿਕ ਕੱਟੜਪੁਣਾ ਹੋਣਾ ਲਾਜ਼ਮੀ ਸੀ, ਇਸ ਲਈ ਅੰਗਰੇਜ਼ ਫ਼ੌਜੀ ਅਤੇ ਪ੍ਰਬੰਧਕੀ ਅਫ਼ਸਰਾਂ ਨੇ ਸਿੱਖ ਰੈਜੀਮੈਂਟ ਵਿਚ ਸਿਰਫ਼ ਕੇਸ਼ਾਧਾਰੀਆਂ ਦੀ ਭਰਤੀ ਦਾ ਫੈਸਲਾ ਲਿਆ। ਨਵੀਂ ਭਰਤੀ ਹੋਵੇ ਜਾਂ ਪੁਰਾਣੇ, ਖਾਲਸਾ ਸਰੂਪ ਤੇ ਬਾਹਰੀ ਮਾਪਦੰਡਾਂ ਦੀ ਪਾਲਣਾ ਬੜੀ ਸਖ਼ਤੀ ਨਾਲ਼ ਕੀਤੀ ਜਾਂਦੀ ਸੀ। ਅਨੇਕਾਂ ਬ੍ਰਿਟਿਸ਼ ਵਿਦਵਾਨਾਂ ਤੇ ਇਤਿਹਾਸਕਾਰਾਂ ਨੇ ਇਹ ਚੇਤਾਵਨੀ ਦਿੱਤੀ ਸੀ ਕਿ ਹਿੰਦੂ ਧਰਮ ਦਾ ਵਧਦਾ ਪ੍ਰਭਾਵ ਛੇਤੀ ਹੀ ਸਿੱਖਾਂ ਨੂੰ ਹਿੰਦੂ ਸਫਾਂ ‘ਚ ਜਜ਼ਬ ਕਰ ਸਕਦਾ ਹੈ। ਮਿਸਾਲ ਵੱਜੋਂ, ਮੈਕਾਲਿਫ ਤਾਂ ਇੱਥੋਂ ਤੱਕ ਕਹਿਣ ਤਾਈਂ ਚਲਾ ਗਿਆ ਸੀ ਕਿ, “ਰੂੜੀਵਾਦੀਪੁਣੇ ਤੋਂ ਥੋੜਾ ਜਿਹਾ ਲਾਂਭੇ ਜਾਣ ਨਾਲ਼ ਹੀ ਸਿੱਖ ਸਿਪਾਹੀਆਂ ਦੀ ਲੜਾਕੂ ਸ਼ਕਤੀ ਘੱਟ ਜਾਂਦੀ।” ਇਸ ਲਈ ਸਰਕਾਰ ਨੂੰ ਛੋਟੀ ਤੇ ਦਰਮਿਆਨੀ ਕਿਸਾਨੀ, ਜੋ ਫ਼ੌਜੀ ਭਰਤੀ ਦਾ ਮੁੱਖ ਸੋਮਾ ਸੀ, ਵਿਚ ਵੱਖਰੀ ਫਿਰਕੂ ਪਛਾਣ ਦੀ ਅੰਤਰਮੁੱਖੀ ਚੇਤਨਾ ਨੂੰ ਖਾਸ ਤੌਰ ‘ਤੇ ਉਤਸ਼ਾਹਿਤ ਕਰਨ ਵਿਚ ਇਕ ਕਾਰਗਰ ਰਣਨੀਤੀ ਨਜ਼ਰ ਆਉਂਦੀ ਸੀ। ਇਸ ਸੰਦਰਭ ਵਿਚ ਅੰਗਰੇਜ਼ਾਂ ਦੇ ਯੋਗਦਾਨ ਦੀ ਗੱਲਬਾਤ ਕਰਦਿਆਂ ਡੀ-ਪੈਟਰੀ ਇਹ ਦਾਹਵਾ ਕਰਦਾ ਹੈ ਕਿ:
ਸਿੱਖਾਂ ਦਾ ਭਾਰਤੀ ਫ਼ੌਜ ਅੰਦਰ ਬੜੀ ਸਾਵਧਾਨੀ ਨਾਲ਼ ਕੌਮੀਕਰਨ ਕੀਤਾ ਗਿਆ ਹੈ ਜਾਂ ਆਪਣੇ ਆਪ ਨੂੰ ਬਿਲਕੁਲ ਵੱਖਰੀ ਅਤੇ ਅਲੱਗ ਕੌਮ ਸਮਝਣ ਲਈ ਉਤਸਾਹਿਤ ਕੀਤਾ ਗਿਆ ਹੈ। ਹਰ ਸੰਭਵ ਵਸੀਲੇ ਰਾਹੀਂ ਉਨ੍ਹਾਂ ਦੇ ਕੌਮੀ ਅਹਮ ਨੂੰ ਪੱਠੇ ਪਾਏ ਗਏ ਹਨ।
ਇਸ ਦੇ ਨਾਲ਼ ਹੀ, ਦੂਜੇ ਹੱਥ, ਲੋੜੀਂਦੀ ਸਰਦਾਰੀ ਦੇ ਪ੍ਰਭਾਵ ਨੂੰ ਪੱਕਾ ਕਰਨ ਲਈ ਸਰਕਾਰੀ ਤੌਰ ‘ਤੇ ਲਾਏ ਗਏ ਸਰਬਰਾਹਾਂ ਰਾਹੀਂ ਗੁਰਦੁਆਰਿਆਂ ਉੱਪਰ ਕਬਜ਼ਾ ਕੀਤਾ ਗਿਆ ਅਤੇ ਇਸੇ ਮਕਸਦ ਲਈ ਮਹੰਤਾਂ ਤੇ ਖਾਸ ਇਨਾਮਾਂ ਨਾਲ਼ ਨਵਾਜ਼ੇ ਭਾਈਆਂ ਨੂੰ ਹੱਲਾਸ਼ੇਰੀ ਦਿੱਤੀ ਗਈ। ਹਾਕਮਾਂ ਲਈ ਇਸ ਗੱਲ ਦੇ ਕੋਈ ਅਰਥ ਹੀ ਨਹੀਂ ਸਨ ਕਿ ਪਰੰਪਰਾਗਤ ਭਾਈਆਂ, ਮਹੰਤਾਂ ਦੀ ਇਸ ਜਮਾਤ ਵਿਚੋਂ ਕਈ ਘੋਨੇ-ਮੋਨੇ ਸਨ, ਉਦਾਸੀ ਸਨ, ਸਿੱਖ ਗੁਰਦੁਆਰਿਆਂ ਵਿਚ ਮੂਰਤੀਆਂ ਰੱਖਦੇ ਅਤੇ ਉਨ੍ਹਾਂ ਦੀ ਪੂਜਾ ਕਰਦੇ ਸਨ ਅਤੇ ਨਿੱਜੀ ਮਿਸਾਲ ਰਾਹੀਂ, ਉਨ੍ਹਾਂ ਹੀ ਰਹੁ-ਰੀਤਾਂ ਤੇ ਅਮਲਾਂ ਨੂੰ ਉਤਸਾਹਿਤ ਕਰਦੇ ਸਨ। ਜਿਨ੍ਹਾਂ ਤੋਂ ਭਾਈਚਾਰੇ ਦੀ ਵੱਖਰੀ ਹੋਂਦ ਨੂੰ ਖ਼ਤਰਾ ਸਮਝਿਆ ਗਿਆ ਸੀ। ਇਨ੍ਹਾਂ ਦੋ ਵੱਖਰੇ ਪ੍ਰਭਾਵਾਂ ਨੂੰ ਹਵਾ ਦੇਣ ਦੀ ਨੀਤੀ ਨੇ ਬਾਅਦ ਵਿਚ ਅੰਗਰੇਜ਼ਾਂ ਲਈ ਕਈ ਮਸਲੇ ਖੜੇ ਕੀਤੇ ਜਿਨ੍ਹਾਂ ਨੂੰ ਪੈਟਰੀ ‘ਸਿੱਖਾਂ ਦੇ ਗੌਰਵੀਕਰਣ’ ਦੇ ‘ਵਿਲੱਖਣ ਸਿੱਟੇ’ ਕਹਿੰਦਾ ਹੈ। ਉਸਨੇ ਚਿਤਾਵਨੀ ਦਿੱਤੀ ਸੀ ਕਿ ਇਕ ਨਵ-ਸਿੱਖ ਪਾਰਟੀ ਪੈਦਾ ਹੋ ਗਈ ਹੈ, ਜਿਸ ਦੇ ‘ਸਿਰ ਨੂੰ ਫਤੂਰ ਚੜਿਆ’ ਹੈ, ਜਿਸ ਦੀ ‘ਹੋਂਦ ਮਾਤਰ’ ਹੀ ‘ਸੰਭਾਵੀ ਖਤਰੇ ਦਾ ਇਕ ਸਥਾਈ ਸੋਮਾ ਹੈ। ਉਸ ਲਈ ਹੋਰ ਵੀ ਵੱਡੀ ਚੁਣੌਤੀ ਵੀਹਵਿਆਂ ਦੇ ਸ਼ੁਰੂ ਵਿਚ ਚੱਲੀ ਗੁਰਦੁਆਰਾ ਸੁਧਾਰ ਦੀ ਲਹਿਰ ਸੀ। ਪਰ ਅੰਗਰੇਜ਼ ਆਪਣੀ ਸਿਆਸੀ ਸਰਦਾਰੀ ਲਈ ਇਨ੍ਹਾਂ ਦੋ ਵਿਰੋਧੀ ਸੰਰਚਨਾਵਾਂ ਨੂੰ ਅਕਸਰ ਸਹਾਇਕ ਤੱਤਾਂ ਵੱਜੋਂ ਹੀ ਦੇਖਦੇ ਸਨ।
ਸਿੰਘ ਸਭਾ ਲਹਿਰ ਦੀ ਸ਼ੁਰੂਆਤ ਇਨ੍ਹਾਂ ਹਾਲਤਾਂ ਵਿਚ ਹੋਈ। ਪੜੇ ਲਿਖੇ ਸ਼ਹਿਰੀ ਸਿੱਖਾਂ ਦੇ ਹੌਲੀ ਹੌਲੀ ਇਸ ਵਿਚ ਸ਼ਾਮਿਲ ਹੋਣ, ਵਪਾਰੀ ਵਰਗ ਦੇ ਹੱਥ ਲੀਡਰਸ਼ਿਪ ਆਉਣ ਅਤੇ ਆਰੀਆ ਸਮਾਜ ਨਾਲ਼ ਟਕਰਾਉ ਨੇ ਉਨ੍ਹਾਂ ਅੰਦਰ ਇਸ ਗੱਲ ਦੀ ਖਾਹਿਸ਼ ਤੇ ਸਮਰਥਾ ਨੂੰ ਤਕੜਾ ਕੀਤਾ ਕਿ ਉਹ ਇਕ ਵੱਖਰੇ ਫਿਰਕੇ ਦੇ ਤੌਰ ‘ਤੇ ਸਿੱਖਾਂ ਦੀ ਪਛਾਣ ਉੱਤੇ ਜ਼ੋਰ ਦੇਣ। ਇਸੇ ਪ੍ਰਕ੍ਰਿਆ ਦੌਰਾਨ, ਖਾਸ ਤੌਰ ‘ਤੇ ਸ਼ਹਿਰੀ ਇਲਾਕਿਆਂ ‘ਚ, ਭਾਈਚਾਰੇ ਅੰਦਰ ਵੱਖਰੇ ਫਿਰਕੂ ਹਿਤਾਂ ਉੱਪਰ ਆਧਾਰਿਤ ਇਕ ਵੱਖਰਾ ਸਿਆਸੀ ਰੁਝਾਨ ਵਿਕਸਤ ਹੋਇਆ।
ਇਸ ਤੋਂ ਇਹ ਸਮਝ ਬਣੀ ਕਿ ਅੰਗਰੇਜ਼ ਉਨ੍ਹਾਂ ਦਾ ਭਲਾ ਚਾਹੁਣ ਵਾਲੇ ਹਨ ਜੋ ਉਨ੍ਹਾਂ ਨੂੰ ਬਹਾਦਰ, ਵਫ਼ਾਦਾਰ ਤੇ ਚੁਣੇ ਹੋਏ ਲੋਕ ਸਮਝਦੇ ਹਨ ਅਤੇ ਇਹ ਵੀ ਕਿ ਇਹਨਾਂ ਨੂੰ ਉਨ੍ਹਾਂ ਦੇ ਬਣਦੇ ਹੱਕ-ਲਾਭ ਨਹੀਂ ਮਿਲੇ। ਇਸਲਈ ਭਾਈਚਾਰੇ ਦੀ ਭਲਾਈ ਤੇ ਬੇਹਤਰੀ ਇਸੇ ਵਿਚ ਸੀ ਕਿ ਰਾਜ ਪ੍ਰਤੀ ਉਨ੍ਹਾਂ ਦੀ ਵਫ਼ਾਦਾਰੀ ਪੱਕੀ ਹੋਵੇ। ਵਫ਼ਾਦਾਰੀ ਨੂੰ ਇਕ ਧਾਰਮਕ ਸਿਫ਼ਤ ਵੱਜੋਂ ਪ੍ਰੋਤਸਾਹਿਤ ਕੀਤਾ ਗਿਆ। ਇਹ ਵੀ ਵਿਸ਼ਵਾਸ ਸੀ ਕਿ ਅੰਗਰੇਜ਼ਾਂ ਦੇ ਆਉਣ ਦੀ ਭਵਿੱਖਬਾਣੀ ਤਾਂ ਨੌਂਵੀ ਪਾਤਸ਼ਾਹੀ ਨੇ ਹੀ ਕਰ ਦਿੱਤੀ ਸੀ। ਇੰਜ ਸਿੱਖ ਤਾਂ “ਰਾਣੀ ਮਾਂ ਦੇ ਚਹੇਤੇ ਪੁੱਤਰ” ਸਨ ਅਤੇ ਇੰਗਲੈਂਡ ਦੇ ਲੋਕ ਸਨ “ਸਾਡੇ ਸਗੇ ਭਰਾ।” ਇਸ ਵਿਸ਼ਵਾਸ ਦਾ ਪ੍ਰਚਾਰ ਕੀਤਾ ਗਿਆ ਕਿ ਇਸ ਤੋਂ ਪਹਿਲਾਂ ਸਿੱਖਾਂ ਨੂੰ ਕਦੇ ਇੰਨਾ ਮਾਣ-ਸਨਮਾਨ ਨਹੀਂ ਸੀ ਮਿਲਿਆ ਤੇ ਨਾ ਹੀ ਵਿਕਾਸ ਦਾ ਇੰਨਾ ਖਾਸ ਮੌਕਾ, ਇੱਥੋਂ ਤੱਕ ਕਿ ਰਣਜੀਤ ਸਿੰਘ ਦੇ ਰਾਜ ਵਿਚ ਵੀ ਨਹੀਂ ਸੀ ਮਿਲਿਆ। ਉਨ੍ਹਾਂ ਸਿੱਖਾਂ ਨੂੰ ਜੋ ਅੰਗਰੇਜ਼ਾਂ ਦੇ ਕਿਸੇ ਵੀ ਤਰ੍ਹਾਂ ਵਿਰੋਧੀ ਜਾਪਦੇ ਸੀ ਸਿੰਘ ਸਭਾ ‘ਚ ਸ਼ਾਮਿਲ ਨਹੀਂ ਸੀ ਕੀਤਾ ਜਾ ਸਕਦਾ, ਧਾਰਮਕ ਤੌਰ ‘ਤੇ ਉਹ ਭਾਵੇਂ ਕਿੰਨੇ ਹੀ ਸ਼ਰਧਾਲੂ ਕਿਉਂ ਨਾ ਹੋਣ। ਅੰਗਰੇਜ਼ ਸਰਕਾਰ ਵੱਲੋਂ ਸਿੱਖ ਸਿਪਾਹੀਆਂ ਦੀ ਬਹਾਦਰੀ ਅਤੇ ਵਫਾਦਰੀ ਨੂੰ ਮਾਣਤਾ ਦੇਣਾ ਅਤੇ ਸਿੰਘ ਸਭਾ ਦੇ ਸੁਨੇਹੇ ਦੇ ਪ੍ਰਚਾਰ ਲਈ ਇਨ੍ਹਾਂ ਫ਼ੌਜੀਆਂ ਵੱਲੋਂ ਪਾਇਆ ਯੋਗਦਾਨ ਇਸੇ ਮਾਨਸਕ ਰੁਝਾਨ ਨੂੰ ਤਕੜਾ ਕਰਦਾ ਸੀ। ਦੂਜੇ ਪਾਸੇ ਸਰਕਾਰ ਸਿੱਖਾਂ ਨੂੰ ਇਕ “ਬੇਸ਼ਕ ਕੀਮਤੀ ਫ਼ੌਜੀ ਸਰਮਾਇਆ” ਸਮਝਦੀ ਸੀ, ਉਸ ਨੂੰ ਅਹਿਸਾਸ ਸੀ ਕਿ “ਸੰਬੰਧਾਂ ਤੇ ਵਫ਼ਾਦਾਰੀ ਵਿਚ ਆਈ ਥੋੜੀ ਜਿਹੀ ਢਿੱਲ-ਮੱਠ ਵੀ ਕਈ ਤਰ੍ਹਾਂ ਦੇ ਡਰ” ਸਗੋਂ, “ਤੋਖਲੇ” ਵੀ ਖੜੇ ਕਰ ਸਕਦੀ ਸੀ। ਇੱਥੋਂ ਤੱਕ ਕਿ ਜਦੋਂ ਕੋਈ ਗੁਰੂ ਗੋਬਿੰਦ ਸਿੰਘ ਦੀਆਂ ਸਿਖਿਆਵਾਂ ‘ਤੇ ਜ਼ੋਰ ਦਿੰਦਾ ਜਾਪਦਾ ਜਾਂ ਸਿੱਖਾਂ ਦੇ ਪੁਰਾਣੇ ਗੌਰਵ ਦੀ ਗੱਲ ਕਰਦਾ ਤਾਂ ਉਸ ਨੂੰ ਵੀ ਅਨੈਤਿਕ ਤੇ ਨਾ-ਸ਼ੁਕਰਾਪਨ ਸਮਝਿਆ ਜਾਂਦਾ ਸੀ। ਇਸ ਚੌਖਟੇ ‘ਚ ਆਪਣੇ ਸਮਾਜੀ-ਸਿਆਸੀ ਤੇ ਆਰਥਿਕ ਹਿਤਾਂ ਦੀ ਪੂਰਤੀ ਉਹ ਦੂਜਿਆਂ ਨਾਲ਼ੋਂ ਵੱਧ ਰਾਜ ਭਗਤੀ ਤੇ ਸੇਵਾ ਭਾਵ ਦਾ ਪ੍ਰਗਟਾਵਾ ਕਰਕੇ ਹੀ ਕਰ ਸਕਦੇ ਸੀ, ਰਾਜ ਦੀ ਸੁਰਖਿਆ ‘ਚ ਸਭ ਨਾਲ਼ੋਂ ਮੂਹਰੇ ਰਹਿ ਕੇ। ਇਸ ਲਈ ਉਨ੍ਹਾਂ ਮੈਮੂਰੰਡਮ ਦੇਣ ਤੇ ਪਟੀਸ਼ਨਾਂ ਦਾ ਰਾਹ ਅਖਤਿਆਰ ਕੀਤਾ, ਅਖੌਤੀ ਸੰਵਿਧਾਨਕ ਰਾਹ।
ਸਿੰਘ ਸਭਾ ਦਾ ਜ਼ੋਰ ਆਪਣੀ ਵੱਖਰੀ ਸਿਆਸੀ ਤੇ ਸਮਾਜਕ ਪਛਾਣ ਦੀ ਚੇਤਨਾ ਨੂੰ ਮਜ਼ਬੂਤ ਕਰਨ ‘ਤੇ ਸੀ; ਸੂਬੇ ਦੇ ਦੂਜੇ ਦੋਵੇਂ ਭਾਈਚਾਰਿਆਂ ਦੀ ਪਛਾਣ ਸਿੱਖ ਭਾਈਚਾਰੇ ਨੂੰ ਦਰਪੇਸ਼ ਖ਼ਤਰੇ ਵਜੋਂ ਕੀਤੀ ਗਈ ਸੀ।
ਕਿਉਂਕਿ ਉਹ ਅੰਗਰੇਜ਼ਾਂ ਦੀ ਖੇਤੀ ਸੰਬੰਧੀ ਨੀਤੀ ਦਾ ਪੂਰੀ ਤਰ੍ਹਾਂ ਸਮਰਥਨ ਕਰਦੇ ਸਨ, ਇਸ ਲਈ ਦਰਮਿਆਨੀ ਤੇ ਛੋਟੀ ਕਿਸਾਨੀ ਦੇ ਕੰਗਾਲ ਹੋਣ ਦੀ ਤੇਜ਼ ਪ੍ਰਕ੍ਰਿਆ, ਵਧਦੇ ਕਰਜ਼ੇ ਅਤੇ ਜ਼ਮੀਨਾਂ ਦਾ ਖੁਸਣਾ, ਉਨ੍ਹਾਂ ਦੀ ਸੰਵੇਦਨਸ਼ੀਲਤਾ ਦਾ ਹਿੱਸਾ ਨਹੀਂ ਸੀ ਬਣਦਾ, ਛੁੱਟ ਇਸ ਗੱਲ ਦੇ ਕਿ ਸ਼ਹਿਰੀ ਹਿੰਦੂ ਸੂਦਖੋਰਾਂ ਨੂੰ ਦੋਸ਼ੀ ਠਹਿਰਾਇਆ ਗਿਆ ਸੀ। ਇਸ ਲਈ ਕਿਸਾਨੀ ਲਈ ਜਦ ਸਰਕਾਰ ਦਾ ਪਿਤਰੀ ਮੋਹ ਜਾਗਿਆ, ਜੋ ਹੋਰ ਕਾਰਣਾਂ ਨਾਲ਼ੋਂ ਸਿਆਸੀ ਕਾਰਣਾਂ ਕਰਕੇ ਵਧੇਰੇ ਸੀ, ਤਦ 1901 ਦੇ ਐਲੀਏਸ਼ਨ ਆਫ਼ ਲੈਂਡ ਐਕਟ ਰਾਹੀਂ ਇਸ ਗੱਲ ਦੀ ਹੀ ਯਕੀਨਦਹਾਨੀ ਕੀਤੀ ਗਈ ਸੀ ਕਿ ਜ਼ਮੀਨ ਸਿਰਫ਼ ਖੇਤੀ ਨਾਲ਼ ਜੁੜੀਆਂ ਜਾਤਾਂ ਦੇ ਹੀ ਹੱਥ ਵਿਚ ਰਹਿ ਸਕਦੀ ਹੈ। ਇਹ ਕਾਨੂੰਨ ਨਾ ਤਾਂ ਕਿਸਾਨੀ ਦੀ ਲੁੱਟ ਨੂੰ ਰੋਕਦਾ ਸੀ ਨਾ ਹੀ ਉਨ੍ਹਾਂ ਹੱਥੋਂ ਜ਼ਮੀਨ ਖੁਸਣ ਦੇ ਅਮਲ ‘ਤੇ ਕੋਈ ਰੋਕ ਲਾਉਂਦਾ ਸੀ, ਉਹ ਸਿਰਫ਼ ਇਕ ਗੱਲ ਪੱਕੀ ਕਰਦਾ ਸੀ ਕਿ ਲੁੱਟ ਦਾ ਫਾਇਦਾ ਸਿਰਫ਼ ਖੇਤੀ ਨਾਲ਼ ਸੰਬੰਧਤ ਜਾਤਾਂ ਨੂੰ ਹੀ ਜਾਣਾ ਚਾਹੀਦਾ ਹੈ, ਜਿਨ੍ਹਾਂ ਦੀ ਇਸੇ ਮਕਸਦ ਲਈ ਕਨੂੰਨ ਵੱਲੋਂ ਨਿਸ਼ਾਨਦੇਹੀ ਕੀਤੀ ਗਈ ਸੀ।
ਦੂਜੇ ਪਾਸੇ ਗ਼ਦਰ ਲਹਿਰ ਨੇ ਬਿਲਕੁਲ ਹੀ ਵੱਖਰਾ ਸਿਆਸੀ ਰੁਝਾਨ ਵਿਕਸਤ ਕੀਤਾ ਸੀ। ਇਹ ਲਹਿਰ ਹਥਿਆਰਬੰਦ ਇਨਕਲਾਬ ਰਾਹੀਂ ਅੰਗਰੇਜ਼ ਹਕੂਮਤ ਦਾ ਤਖ਼ਤਾ ਪਲਟਾਉਣ ਦੀ ਆਪਣੀ ਡਰਾਮਈ ਕੋਸ਼ਿਸ਼ ਕਾਰਣ ਵਧੇਰੇ ਜਾਣੀ ਜਾਂਦੀ ਹੈ। ਗ਼ਦਰੀਆਂ ਦੀ ਦੇਸ਼ਭਗਤੀ, ਬਹਾਦਰੀ ਅਤੇ ਕੁਰਬਾਨੀਆਂ ਨੇ ਕਈ ਕਹਾਣੀਆਂ ਨੂੰ ਜਨਮ ਦਿੱਤਾ ਜੋ ਸਿਆਸੀ ਤੌਰ ‘ਤੇ ਚੇਤਨ ਹਲਕੇ ਲਈ ਪ੍ਰੇਰਣਾ ਦਾ ਸਰੋਤ ਰਹੀਆਂ ਨੇ। ਪਰ ਇਸ ਲਹਿਰ ਨੇ ਸਿਆਸੀ ਰੁੱਖ, ਕਦਰਾਂ ਕੀਮਤਾਂ ਅਤੇ ਚੇਤਨਾ ਵਿਚ ਜੋ ਬੁਨਿਆਦੀ ਤਬਦੀਲੀ ਲਿਆਂਦੀ, ਗ਼ਦਰ ਚੇਤਨਾ ਜੋ ਕਿ ਉਨ੍ਹਾਂ ਦੇ ਕਦੇ ਨਾ ਦਬਣ ਵਾਲੇ ਵਲਵਲਿਆਂ ਤੇ ਹੌਸਲੇ ਦਾ ਸਰੋਤ ਸੀ, ਉਸ ਨੂੰ ਕਹਾਣੀਆਂ ਅਤੇ ਇਤਿਹਾਸ ਦੋਹਾਂ ਵਿਚ ਬਹੁਤ ਹੱਦ ਤਾਈਂ ਨਜ਼ਰਅੰਦਾਜ਼ ਕੀਤਾ ਗਿਆ ਹੈ।
ਉਹ ਲੋਕ ਹੈ ਕੌਣ ਸਨ? ਉਨ੍ਹਾਂ ਦੇ ਬਾਹਰਮੁੱਖੀ ਆਰਥਿਕ ਹਾਲਾਤ ਕੀ ਸਨ? ਉਨ੍ਹਾਂ ਦੇ ਸੰਸਾਰ-ਨਜ਼ਰੀਏ ਦੇ ਅੰਤਰਮੁੱਖੀ ਵਿਸਥਾਰ ਕੀ ਸਨ? ਉਹ ਖੁਦ ਆਪਣੇ ਬਾਰੇ ਉਹ ਕੀ ਸੋਚਦੇ ਸਨ? ਇਹ ਬੜੇ ਢੁੱਕਵੇਂ ਸਵਾਲ ਹਨ। ਉਹ ਪੰਜਾਬ ਦੇ ਪੰਜ ਕੇਂਦਰੀ ਜ਼ਿਲਿਆਂ ਵਿੱਚੋਂ ਸਨ, ਜ਼ਿਆਦਾਤਰ ਜਲੰਧਰ ਤੇ ਹੁਸ਼ਿਆਰਪੁਰ ਤੋਂ ਸਨ। ਨਿਰੰਤਰ ਨਿਘਰਦੀ ਆਰਥਿਕ ਹਾਲਤ ਨੇ ਉਨ੍ਹਾਂ ਨੂੰ ਰੋਜ਼ੀ ਰੋਟੀ ਦੀ ਤਲਾਸ਼ ‘ਚ ਵਿਦੇਸ਼ਾਂ ਅੰਦਰ ਭਟਕਣ ਲਈ ਮਜਬੂਰ ਕਰ ਦਿੱਤਾ ਸੀ।
ਪੰਜਾਬ ਦੇ ਸਾਮਰਾਜੀ ਮੰਡੀ ਦਾ ਹਿੱਸਾ ਬਣਨ ਨਾਲ਼ ਇੱਥੋਂ ਦੀ ਕਿਸਾਨੀ ਹੁਣ ‘ਜਿਣਸ ਉਤਪਾਦਕਾਂ’ ‘ਚ ਬਦਲ ਚੁੱਕੀ ਸੀ। ਜ਼ਮੀਨੀ ਬੰਦੋਬਸਤ ਦੀ ਅੰਗਰੇਜ਼ ਸਰਕਾਰ ਦੀ ਨੀਤੀ, ਨਿੱਜੀ ਮਾਲਕੀ ਦੇ ਨਵੇਂ ਸੰਕਲਪ, ਨਗਦ ਅਦਾਇਗੀ ਦੇ ਚੱਕਰ ਅਤੇ ਕਾਨੂੰਨੀ ਪ੍ਰਬੰਧ ਨੇ ਇਕ ਅਜਿਹਾ ਅਮਲ ਸ਼ੁਰੂ ਕੀਤਾ ਸੀ ਜਿਸ ਦਾ ਛੋਟੀ ਕਿਸਾਨੀ ਉਪਰ ਬਹੁਤ ਮਾਰੂ ਅਸਰ ਪੈ ਰਿਹਾ ਸੀ। ਜ਼ਮੀਨ ਦੀਆਂ ਕੀਮਤਾਂ ‘ਚ ਵਾਧੇ ਨੇ, ਕਿਸਾਨੀ ਜਾਇਦਾਦ ਉੱਤੇ ਮਿਲਣ ਵਾਲੇ ਕਰਜ਼ੇ ਨੂੰ ਮੁਕਾਬਲਤਨ ਵਧਾ ਦਿੱਤਾ ਸੀ ਅਤੇ ਰਾਜ ਜ਼ਮੀਨੀ ਮਾਲੀਏ ਦੀ ਮੰਗ ਵੀ ਨਗਦੀ ‘ਚ ਕਰਦਾ ਸੀ। ਸਿੱਟਾ ਇਹ ਸੀ ਕਿ ਕਿਸਾਨੀ ਉੱਪਰ ਕਰਜ਼ੇ ਦਾ ਭਾਰ ਤੇਜ਼ੀ ਨਾਲ਼ ਵੱਧ ਰਿਹਾ ਸੀ; ਜ਼ਮੀਨ ਉਨ੍ਹਾਂ ਹੱਥੋਂ ਨਿਕਲਦੀ ਜਾ ਰਹੀ ਸੀ। ਜਲੰਧਰ ਅਤੇ ਹੁਸ਼ਿਆਰਪੁਰ ਜ਼ਿਲਿਆਂ ‘ਚੋਂ ਤਾਂ ਇਸ ਤਰ੍ਹਾਂ ਦੀਆਂ ਚੌਂਕਾ ਦੇਣ ਵਾਲੀਆਂ ਰਿਪੋਰਟਾਂ 1870-71 ਤੋਂ ਹੀ ਆਉਣ ਲੱਗੀਆਂ ਸਨ। 1891 ਤੱਕ ਸੂਬੇ ਦੀ 40 ਲੱਖ ਏਕੜ ਜ਼ਮੀਨ ਗਹਿਣੇ ਪੈ ਚੁੱਕੀ ਸੀ। ਪੰਜਾਬ ਦੇ ਵਿੱਤ ਕਮਿਸ਼ਨਰ ਨੇ 1893 ਵਿਚ ‘ਘਰ-ਘਰ ਜਾ ਕੇ ਕੀਤੀ ਪੜਤਾਲ’ ‘ਤੇ ਆਧਾਰਤ ਰਿਪੋਰਟ ਵਿਚ ਕਿਹਾ ਸੀ ਕਿ ‘ਕਿਸਾਨੀ ਪਹਿਲਾਂ ਹੀ ਇਸ ਹੱਦ ਤੱਕ ਬਰਬਾਦ ਹੋ ਚੁੱਕੀ ਸੀ ਕਿ ਉਸ ਦੀ ਸਥਿਤੀ ‘ਚ ਕੋਈ ਸੁਧਾਰ ਨਹੀਂ ਸੀ ਹੋ ਸਕਦਾ। ਇਹ ਗੱਲ ਖਾਸ ਤੌਰ ‘ਤੇ ਨੋਟ ਕਰਨ ਵਾਲੀ ਹੈ ਕਿ 1865 ਵਿਚ ਜਿੱਥੇ ਸਿਰਫ਼ 5 ਫੀ ਸਦੀ ਕਿਸਾਨ ਹੀ ਕਰਜ਼ੇ ਹੇਠ ਸਨ, ਉੱਥੇ 1920 ਦੇ ਇਕ ਸਰਵੇ ਮੁਤਾਬਿਕ ਸਿਰਫ 17 ਫੀਸਦੀ ਕਿਸਾਨ ਹੀ ਕਰਜ਼ੇ ਦੇ ਜੰਜਾਲ ਤੋਂ ਮੁਕਤ ਸਨ।
ਕਿਸਾਨ ਕਰਜ਼ਿਆਂ ਦੀ ਅਦਾਇਗੀ ਕਰਨ ‘ਚ ਅਸਮਰਥ ਸਨ, ਇਸ ਲਈ ਜ਼ਮੀਨ ਤੋਂ ਉਨ੍ਹਾਂ ਦੀ ਬੇਦਖਲੀ ਕੁਦਰਤੀ ਸੀ। ਨਤੀਜਾ ਇਹ ਸੀ ਕਿ ਕਿਸਾਨੀ ਦਾ ਵੱਡਾ ਹਿੱਸਾ ਬਹੁਤ ਤੇਜ਼ੀ ਨਾਲ਼ ਖੇਤ ਮਜ਼ਦੂਰ ਬਣਦਾ ਜਾ ਰਿਹਾ ਸੀ, ਜਾਂ ਫੇਰ ਅਜਿਹੇ ਮੁਜਾਹਰੇ ਜਿਨ੍ਹਾਂ ਨੂੰ ਕਦੇ ਵੀ ਬੇਦਖਲ ਕੀਤਾ ਜਾ ਸਕਦਾ ਸੀ। ਸੰਨ 1872-73 ਤੋਂ 1902-03 ਦੇ ਵਿਚਕਾਰ ਇਨ੍ਹਾਂ ਮੁਜਾਹਰਿਆਂ ਦੀ ਗਿਣਤੀ ‘ਚ 360 ਫੀਸਦੀ ਵਾਧਾ ਹੋਇਆ ਸੀ। ਅੰਗਰੇਜ਼ਾਂ ਦੇ ਕਾਨੂੰਨੀ ਢਾਂਚੇ ਵੱਲੋਂ ਮਿਲੀ ਸੁਰੱਖਿਆ ਨੇ ਸੂਦਖੋਰਾਂ ਵੱਲੋਂ ਜ਼ਮੀਨਾਂ ਹਥਿਆਉਣ ਦੇ ਅਮਲ ਨੂੰ ਸੌਖਾ ਕਰ ਦਿੱਤਾ ਸੀ। ਡੈਨਜ਼ਿਲ ਇਬਟਸਨ ਦੇ ਸ਼ਬਦਾਂ ‘ਚ ਉਨ੍ਹਾਂ ਦੇ ਕਾਇਦੇ ਕਾਨੂੰਨ ‘ਜਬਰ ਦਾ ਨਵਾਂ ਇੰਜਨ’ ਬਣ ਗਏ ਸਨ ਅਤੇ ਉਨ੍ਹਾਂ ਦੀ ਕਚਹਿਰੀਆਂ ਨੇ ਕਿਸਾਨਾਂ ਦੇ ਨੱਕ ‘ਚ ਦਮ ਕਰ ਦਿੱਤਾ ਸੀ। ਪ੍ਰਬੰਧਕੀ ਭ੍ਰਿਸ਼ਟਾਚਾਰ ਤੇ ਨੌਕਰਸ਼ਾਹੀ ਦੀ ਖ਼ਿਦਮਤ ‘ਚ ਹੋਣ ਵਾਲੇ ਬੇਗਾਰ ‘ਚ ਕਾਫ਼ੀ ਵਾਧਾ ਹੋਇਆ ਸੀ। ਜਦ ਕੋਈ ਵੀ ਅਫ਼ਸਰ ਟੂਰ ‘ਤੇ ਆਉਂਦਾ ਤਾਂ ਉਸ ਦਾ ਸਾਰਾ ਖਰਚਾ ਪਿੰਡ ਵਾਲਿਆਂ ਉੱਪਰ ਹੀ ਪੈਂਦਾ ਸੀ। ਇਬਟਸਨ ਨੇ 1889 ‘ਚ ਇਹ ਚੇਤਾਵਨੀ ਦਿੱਤੀ ਸੀ ਕਿ “ਹੱਟੇ-ਕੱਟੇ ਕਿਸਾਨਾਂ ਦੀ ਮੌਜੂਦਗੀ, ਜੋ ਕੰਮ ਕਰਨਾ ਚਾਹੁੰਦੇ ਹੋਣ ਪਰ ਆਪਣਾ ਗੁਜ਼ਾਰਾ ਚਲਾਉਣ ਦੇ ਵੀ ਅਸਮਰਥ ਹੋਣ, ਹਮੇਸ਼ਾ ਹੀ ਖਤਰਨਾਕ ਹੁੰਦੀ ਹੈ।” ਕਿਸਾਨ ਇਕ ਸਿਪਾਹੀ ਵੀ ਸੀ ਤੇ ਉਸ ਦੀ ਬੇਚੈਨੀ ਇਕ ਗੰਭੀਰ ਖਤਰਾ ਸੀ। ‘ਲੈਂਡ ਐਲੀਨੇਸ਼ਨ ਐਕਟ’ ਜੋ ਦੇਖਣ ਵਿਚ ਤਾਂ ਕਿਸਾਨਾਂ ਦੀ ਰਾਹਤ ਲਈ ਸੀ ਪਰ ਅਸਲ ‘ਚ ਸਿਰਫ ਗ਼ੈਰ ਜ਼ਰਾਇਤੀ ਸੂਦਖੋਰਾਂ ਦੀ ਥਾਂ, ‘ਤੇ ਸਿਆਸੀ ਤੌਰ ‘ਤੇ ਤਕੜੇ, ਖੇਤੀ ਨਾਲ਼ ਜੁੜੇ ਕਬੀਲਿਆਂ ਦਾ ਹੀ ਪੱਖ ਪੂਰਦਾ ਸੀ।
ਅੰਗਰੇਜ਼ੀ ਰਾਜ ਦੀ ਪਹਿਲੀ ਅੱਧੀ ਸਦੀ ਵਿਚ ਪੰਜਾਬ ਵਿਚ ਛੇ ਅਕਾਲ ਪਏ, ਪਰ 1896-97 ਅਤੇ 1899-1900 ਦੇ ਅਕਾਲ ਉਨ੍ਹਾ ਸਭਨਾਂ ਨਾਲ਼ੋਂ ਕਿਤੇ ਵੱਧ ਭਿਆਨਕ ਸਨ। ਇਸ ਦੌਰਾਨ ਅਨਾਜ ਦੀਆਂ ਕੀਮਤਾਂ ਬਿਨ੍ਹਾਂ ਕਿਸੇ ਰੋਕ ਟੋਕ ਤੋਂ ਛਾਲਾਂ ਮਾਰਦੀਆਂ ਵੱਧ ਰਹੀਆਂ ਸਨ, ਉੱਤੋਂ ਸਰਕਾਰ ਦੀ ਸਿਆਣਪ ਇਹ ਸੀ ਕਿ ਅਕਾਲ ਦੇ ਸਮੇਂ ਵੀ ਉਸਨੇ ਅਨਾਜ ਦੀ ਦਰਾਮਦ ਉੱਤੇ ਰੋਕ ਲਾਉਣ ਬਾਰੇ ਸੋਚਿਆ ਤੱਕ ਨਹੀਂ, ਮਾਲੀਆ ਮੁਆਫ਼ ਕਰਨ ਬਾਰੇ ਗੌਰ ਨਹੀਂ ਕੀਤਾ ਕਿ ਕਿਤੇ ਇਸ ਨਾਲ਼ ਕਿਸਾਨਾਂ ਦੇ ‘ਨੈਤਿਕ ਢਾਂਚੇ’ ‘ਤੇ ਮੰਦਾ ਅਸਰ ਨਾ ਪੈ ਜਾਵੇ। 1905-07 ਦੇ ਸੋਕੇ ਤੇ ਬਾਰ ਬਾਰ ਆਉਂਦੀਆਂ ਮਹਾਂਮਾਰੀਆਂ ਤਾਂ ਹੋਰ ਵੀ ਵੱਧ ਤਬਾਹਕੁੰਨ ਸਨ। ਵੀਹਵੀਂ ਸਦੀ ਦੇ ਪਹਿਲੇ ਦਹਾਕੇ ਵਿਚ 20 ਲੱਖ ਲੋਕ ਸੂਬੇ ਅੰਦਰ ਉਨ੍ਹਾਂ ਦਾ ਸ਼ਿਕਾਰ ਹੋਏ ਸਨ। 1901 ਤੋਂ 1911 ਤਕ ਪੰਜਾਬ ਦੀ ਕੁੱਲ ਅਬਾਦੀ ਵਿਚ 2.2 ਫੀਸਦੀ ਦੀ ਕਮੀ ਆ ਗਈ ਸੀ। 1907 ਵਿਚ ਗਵਰਨਰ ਜਨਰਲ ਨੂੰ ਭੇਜੀ ਇਕ ਰਿਪੋਰਟ ‘ਚ ਪੰਜਾਬ ਦੇ ਲੈਫਟੀਨੈਂਟ ਗਵਰਨਰ ਨੇ ਦੱਸਿਆ ਸੀ ਕਿ ਇਕੱਲੀ ਪਲੇਗ ਨੇ ਹੀ ਇਕ ਹਫ਼ਤੇ ਅੰਦਰ 60, 000 ਤੋਂ ਵੱਧ ਪੰਜਾਬੀਆਂ ਦੀ ਜਾਨ ਲੈ ਲਈ ਸੀ।
ਸਰਕਾਰ ਵੱਲੋਂ ਚੁੱਕੇ ਗਏ ਕੁਝ ਕਾਹਲੀ ਭਰੇ ਤੇ ਬਦਨੀਤੀ ਵਾਲੇ ਕਦਮਾਂ ਨੇ ਬਲਦੀ ‘ਤੇ ਤੇਲ ਦਾ ਕੰਮ ਕੀਤਾ, ਚੁਫੇਰੇ ਫੈਲੀ ਆਰਥਕ ਬੇਹਾਲੀ ਨੇ ਇਸਨੂੰ ਕਿਸਾਨੀ ਦੇ ਰੋਹ ‘ਚ ਪਲਟਣਾ ਸ਼ੁਰੂ ਕਰ ਦਿੱਤਾ ਸੀ। 1906 ਦਾ ‘ਕੋਲੋਨਾਈਜ਼ੇਸ਼ਨ ਐਕਟ’ ਜਿਸ ਨੂੰ 1901 ਦੇ ‘ਲੈਂਡ ਐਲੀਨੇਸ਼ਨ ਐਕਟ’ ਵਿਚ ਸੋਧ ਕਰਨ ਲਈ ਲਿਆਂਦਾ ਗਿਆ ਸੀ, ਵੀ ਉਨ੍ਹਾਂ ‘ਚੋਂ ਇਕ ਕਦਮ ਸੀ, ਇਸ ਦੇ ਨਾਲ਼ ਹੀ ਬਾਰੀ ਦੁਆਬ ਨਹਿਰ ਦੇ ਪਾਣੀ ਦੇ ਰੇਟ ਵੀ ਵਧਾ ਦਿੱਤੇ ਗਏ ਸਨ। ਸਰਕਾਰ ਨੂੰ ਜਦ ਇਹ ਪਤਾ ਲੱਗਾ ਕਿ ਅਜੀਤ ਸਿੰਘ ਦਾ ਸਿਆਸੀ ਪ੍ਰਚਾਰ ਸਿੱਖ ਸਿਪਾਹੀਆਂ ਵਿਚ ਬਦਅਮਨੀ ਦੀ ਵਜ੍ਹਾ ਬਣ ਰਿਹਾ ਹੈ ਤਾਂ ਉਸ ਨੂੰ ਹੱਥਾਂ ਪੈਰਾਂ ਦੀ ਪੈ ਗਈ। ਇਬਟਸਨ, ਜੋ ਉਸ ਸਮੇਂ ਪੰਜਾਬ ਦਾ ਲੈਫਟੀਨੈਂਟ ਗਵਰਨਰ ਸੀ, ਨੂੰ 1857 ਵਾਲ਼ੇ ਗ਼ਦਰ ਦੀ ਮੁੜ ਆਮਦ ਦੇ ਭੈੜੇ ਭੈੜੇ ਸੁਫ਼ਨੇ ਅਉਂਦੇ ਸਨ। ਇੱਥੇ ਲਾਰਡ ਕਿਚਨਰ ਨੇ ਦਖਲ ਦਿੱਤਾ ਅਤੇ ਗਵਰਨਰ ਜਨਰਲ ਨੇ ‘ਕੋਲੋਨਾਈਜੇਸ਼ਨਬਿਲ’ ਨੂੰ ਵੀਟੋ ਕਰ ਦਿੱਤਾ। ਅਜੀਤ ਸਿੰਘ ਅਤੇ ਲਾਜਪਤ ਰਾਇ ਨੂੰ ਦੇਸ਼ ਨਿਕਾਲਾ ਦੇ ਕੇ ਵਿਰੋਧ ਨੂੰ ਕੁਚਲ ਦਿੱਤਾ ਗਿਆ। ਇਸ ਪਿੱਛੋਂ ਸ਼ੁਰੂ ਹੋਈ ‘ਸਭ ਤੋਂ ਭੋਂਡੇ ਤਰੀਕੇ ਨਾਲ਼’ ਵਫ਼ਾਦਾਰੀਆਂ ਸਾਬਤ ਕਰਨ ਦੀ ਦੌੜ ਅਤੇ ਇਸ ਦੇ ਕੁਦਰਤੀ ਸਿੱਟਾ ਵਜੋਂ ਫਿਰਕੂ ਤਣਾਉ ਵਿਚ ਵਾਧਾ ਹੋਇਆ। ਇਹਨਾਂ ਬਾਹਰਮੁੱਖੀ ਆਰਥਿਕ ਹਾਲਤਾਂ ਵਿਚ ਪੰਜਾਬ ਵਿਚੋਂ ਕਾਫ਼ਲਿਆਂ ਦੇ ਕਾਫਲੇ ਆਰਥਕ ਮੌਕਿਆਂ ਦੀ ਭਾਲ ਵਿਚ ਵਿਦੇਸ਼ਾਂ ਵੱਲ ਨੂੰ ਨਿਕਲ ਤੁਰੇ। 1910 ਤੱਕ ਅਮਰੀਕਾ-ਕਨੇਡਾ ਦੇ ਤੱਟੀ ਖੇਤਰ ‘ਚ 10 ਹਜ਼ਾਰ ਤੋਂ ਵੱਧ ਪੰਜਾਬੀ ਵਸ ਚੁੱਕੇ ਸਨ। ਇਸ ਗੱਲ ਦਾ ਕੋਈ ਸਬੂਤ ਨਹੀਂ ਮਿਲਦਾ ਕਿ ਉਸ ਸਮੇਂ ਉਨ੍ਹਾਂ ਪਰਵਾਸੀਆਂ ਨੂੰ ਆਪਣੇ ਆਰਥਿਕ ਮਸਲਿਆਂ ਤੇ ਬ੍ਰਿਟਿਸ਼ ਨੀਤੀਆਂ ਅਤੇ ਸਾਮਰਾਜੀ ਹਿਤਾਂ ਵਿਚਾਲੇ ਕੋਈ ਸੰਬੰਧ ਨਜ਼ਰ ਆਉਂਦਾ ਹੋਵੇ। ਉਨ੍ਹਾਂ ਚੋਂ ਬਹੁਤ ਥੋੜ੍ਹਿਆਂ ਨੇ ਹੀ ਅਜੀਤ ਸਿੰਘ ਤੇ ਉਸ ਦੀ ਅਗਵਾਈ ‘ਚ ਚਲੀ ਵਿਰੋਧ ਲਹਿਰ ਬਾਰੇ ਸੁਣਿਆ ਸੀ। 1919-20 ਦੀਆਂ ਘਟਨਾਵਾਂ ਤੋਂ ਪਹਿਲਾਂ ਕੌਮੀ ਸਿਆਸੀ ਗਤੀਵਿਧੀਆਂ ਬਾਰੇ ਪੇਂਡੂ ਪੰਜਾਬੀਆਂ ਨੂੰ ਬਹੁਤ ਘੱਟ ਹੀ ਜਾਣਕਾਰੀ ਸੀ।
ਸੂਬੇ ਦੇ ਲੋਕਾਂ ਦੇ ਸਿਆਸਤ ਵੱਲ ਜੋ ਝੁਕਾਅ ਵਿਕਸਤ ਹੋਏ ਸਨ ਉਨ੍ਹਾਂ ‘ਤੇ ਆਰੀਆ ਸਮਾਜ, ਸਿੰਘ ਸਭਾ ਲਹਿਰ ਅਤੇ ਫ਼ੌਜ ਦਾ ਪ੍ਰਭਾਵ ਸੀ। ਇਨ੍ਹਾਂ ਵਿਚੋਂ ਵੀ ਫ਼ੌਜ ਦਾ ਪ੍ਰਭਾਵ ਵਧੇਰੇ ਸੀ। ਅੰਗਰੇਜ਼ ਫ਼ੌਜ ਵਿਚ ਬਹਾਦਰੀ ਤੇ ਵਫ਼ਾਦਰੀ ਲਈ ਸਿੱਖ ਸਿਪਾਹੀਆਂ ਦੀ ਉਚੇਚੀ ਤਾਰੀਫ਼ ਕਰਦੇ ਸਨ। ਫ਼ੌਜ ‘ਚ ਭਰਤੀ ਉਂਜ ਵੀ ਰੋਜ਼ਗਾਰ ਦਾ ਮੁੱਖ ਸਾਧਨ ਸੀ। ਤਨਖਾਹ ਭਾਵੇਂ ਮਹੀਨੇ ਦੀ ਸੱਤ ਤੋਂ ਨੌਂ ਰੁਪਏ ਹੀ ਸੀ ਪਰ ਫੇਰ ਵੀ ਪੂਰੇ ਭਾਈਚਾਰੇ ‘ਚ ਸਿਪਾਹੀ ਦੀ ਇਕ ਵੱਖਰੀ ਹੀ ਟੌਹਰ ਸੀ, ਗੌਰਵ ਦਾ ਅਹਿਸਾਸ। ਉਨ੍ਹਾਂ ਪਰਵਾਸੀਆਂ ਵਿਚੋਂ ਵੱਡੀ ਭਾਰੀ ਗਿਣਤੀ ਸਿੱਖਾਂ ਦੀ ਸੀ ਤੇ ਉਨ੍ਹਾਂ ਵਿਚੋਂ ਵੀ 50 ਫੀਸਦੀ ਦੇ ਕਰੀਬ ਫ਼ੌਜ ਦੀ ਨੌਕਰੀ ਕਰ ਚੁੱਕੇ ਸਨ। ਕਨੇਡਾ-ਅਮਰੀਕਾ ਵਿਚ ਭਾਈਚਾਰਕ ਗਤੀਵਿਧੀਆਂ ਦਾ ਮੁੱਢਲਾ ਰੂਪ ਪੱਛਮ ਦੇ ਭ੍ਰਿਸ਼ਟ ਮਾਹੌਲ ਵਿਚ ਸਿੱਖ ਮਾਣ ਮਰਿਯਾਦਾ ਦੀ ਸ਼ੁੱਧਤਾ ਨੂੰ ਕਾਇਮ ਰੱਖਣ ਦੇ ਗਿਰਦ ਹੀ ਕੇਂਦਰਿਤ ਸੀ। ਜਦ ਉਨ੍ਹਾਂ ਨੂੰ ਆਪਣੇ ਨਾਲ਼ ਹੁੰਦੇ ਵਿਤਕਰੇ ਦਾ ਅਹਿਸਾਸ ਹੋਇਆ ਤੇ ਜਦ ਕਨੇਡਾ ਦੀ ਸਰਕਾਰ ਨੇ ਹੋਰ ਹਿੰਦੋਸਤਾਨੀਆਂ ਦੇ ਕਨੇਡਾ ਦਾਖਲੇ ਉੱਤੇ ਰੋਕ ਲਾ ਦਿੱਤੀ, ਤਾਂ ਆਪਣੇ ਹਿਤਾਂ ਦੀ ਰਾਖੀ ਲਈ ਉਨ੍ਹਾਂ ਦੀ ਮੁੱਖ ਦਲੀਲ ਅੰਗਰੇਜ਼ਾਂ ਵੱਲ ਉਨ੍ਹਾਂ ਦੀਆਂ ਸੇਵਾਵਾਂ ਤੇ ਵਫ਼ਾਦਾਰੀ ਦੀ ਉਨ੍ਹਾਂ ਦੀ ਪਰੰਪਰਾ ਹੀ ਸੀ। ਵੈਨਕੋਵਰ ਦੀ ਖਾਲਸਾ ਦੀਵਾਨ ਸੋਸਾਇਟੀ ਤੇ ਹਿੰਦੋਸਤਾਨ ਐਸੋਸੀਏਸ਼ਨ ਨੇ 1911 ਦੇ ਇਕ ਸਾਂਝੇ ਮੰਗ ਪੱਤਰ ਵਿਚ ਕਿਹਾ ਸੀ:
ਸਾਡਾ ਪਹਿਲਾ ਦਾਅਵਾ ਤਾਂ ਇਹ ਹੈ ਕਿ ਅਸੀਂ ਉਹ ਬ੍ਰਿਟਿਸ਼ ਪਰਜਾ ਹਾਂ ਜਿਸ ਨੇ ਆਪਣੀ ਵਫ਼ਾਦਾਰੀ ਸਾਬਿਤ ਕੀਤੀ ਹੈ। ਕਨੇਡਾ ਵਿਚਲੇ ਹਿੰਦੋਸਤਾਨੀਆਂ ਵਿਚੋਂ 90 ਫੀ ਸਦੀ ਤੋਂ ਵਧੇਰੇ ਸਿੱਖ ਹਨ। ਸਿੱਖਾਂ ਦਾ ਨਾਂ ਰਾਜ ਭਗਤੀ ਤੇ ਵਫ਼ਾਦਾਰੀ ਨਾਲ਼ ਜੁੜਿਆ ਹੈ।
ਪਰ ਉੱਤਰੀ ਅਮਰੀਕਾ ਵਿਚਲੇ ਸਮਾਜਿਕ-ਆਰਥਿਕ ਹਾਲਤ, ਉੱਥੋਂ ਦੀ ਸਿਆਸੀ ਆਜ਼ਾਦੀ ਅਤੇ ਵਤਨ ਵਿਚਲੀਆਂ ਸਥਿਤੀਆਂ ਉਨ੍ਹਾਂ ਦੀ ਸ਼ਰਮਿੰਦਗੀ ਦਾ ਕਾਰਨ ਬਣਦੀਆਂ ਸਨ ਤੇ ਨਵੇਂ ਸਵਾਲ ਉਠ ਰਹੇ ਸਨ। ਉਨ੍ਹਾਂ ਨੂੰ ‘ਗੰਦੇ ਲੋਕ’ ਤੇ ‘ਕੁਲੀ’ ਕਹਿ ਕੇ ਸੱਦਿਆ ਜਾਂਦਾ, ਮਜ਼ਾਕ ਉਡਾਇਆ ਜਾਂਦਾ ਦੁਰਕਾਰਿਆ ਜਾਂਦਾ। ਗ਼ਦਰ ਲਹਿਰ ਜੋ ਇਨ੍ਹਾਂ ਹਾਲਤਾਂ ਵਿਚੋਂ ਉਭਰੀ ਸੀ, ਉਸ ਨੇ ਉਨ੍ਹਾਂ ਲੋਕਾਂ ਦੇ ਦਿਲੋ ਦਿਮਾਗ਼ ਨਾਲ਼ ਜੁੜੇ ਸਵਾਲਾਂ ਨੂੰ ਉਠਾਇਆ ਤੇ ਉਨ੍ਹਾਂ ਦੀ ਇੰਜ ਵਿਆਖਿਆ ਕੀਤੀ ਜੋ ਜੀਵਨ ਦੇ ਠੋਸ ਤਜਰਬੇ ਨਾਲ਼ ਵਧੇਰੇ ਮੇਲ ਖਾਂਦੀ ਸੀ। ਕਿਉਂ ਉਹ ਆਪਣੇ ਘਰਾਂ ਦਾ ਅਮਨ-ਅਮਾਨ ਛੱਡ ਕੇ ਇਨ੍ਹਾਂ ਦੂਰੇ ਦੁਰਾਡੇ ਦੀਆਂ ਪਰਦੇਸੀ ਜ਼ਮੀਨਾਂ ‘ਤੇ ਰੁਲ ਰਹੇ ਨੇ? ਇਹ ਦੇਸ ਵਿਚਲੀ ਗਰੀਬੀ ਤੇ ਜਬਰ ਕਰ ਕੇ ਸੀ। ਗ਼ਦਰੀਆਂ ਦੀਆਂ ਸਿਖਿਆਵਾਂ ਨੇ ਉਨ੍ਹਾਂ ਨੂੰ ਆਪਣੀ ਗਰੀਬੀ, ਪਿਛੜੇਪਣ, ਪੁਲੀਸ ਤਸ਼ਦੱਦ ਤੇ ਉਨ੍ਹਾਂ ਅਕਾਲਾਂ ਬਾਰੇ ਚੇਤਨ ਕੀਤਾ ਜਿਨ੍ਹਾਂ ਹਿੰਦੋਸਤਾਨ ਵਿਚ ਕਰੋੜਾਂ ਲੋਕਾਂ ਦੀ ਜਾਨ ਲੈ ਲਈ ਸੀ। ਪਰਦੇਸਾਂ ਵਿਚ ਉਨ੍ਹਾਂ ਦੀ ਵਰਤਮਾਨ ਦੁਰਦੁਸ਼ਾ ਨੂੰ ਪਿੱਛੇ ਘਰੋਗੀ ਮੰਦਹਾਲੀਆਂ ਨਾਲ਼ ਜੋੜਿਆ ਗਿਆ: “ਆਪਣੇ ਮੁਲਕੋਂ ਦੁਤਕਾਰੇ ਅਤੇ ਬਾਹਰ ਵੀ ਕੋਈ ਹੋਰ ਠਿਕਾਣਾ ਨਹੀਂ, ਸਾਡੀ ਪਰਵਾਸੀਆਂ ਦੀ ਆਪਣੀ ਕੋਈ ਧਰਤੀ ਨਹੀਂ।”
ਹੁਣ ਹੋਰ ਸਵਾਲ ਉੱਠਦਾ ਸਨ: ਹਿੰਦੋਸਤਾਨ ਇੰਨਾ ਕਿਉਂ ਗਰੀਬ ਸੀ, ਕਿਉਂ ਇੱਥੋਂ ਦੇ ਲੋਕ ਭੁੱਖਮਾਰੀ ਦੇ ਸ਼ਿਕਾਰ ਸਨ। ਗ਼ਦਰ ਜਵਾਬ ਦਿੰਦਾ ਸੀ: ਕਿਉਂਕਿ ਵਿਦੇਸ਼ੀ ਲੋਕ ਉਨ੍ਹਾਂ ਉੱਤੇ ਹਕੂਮਤ ਕਰਦੇ ਸਨ ਜੋ ਹਿੰਦੋਸਤਾਨ ਦੀ ਦੌਲਤ ਲੁੱਟ ਕੇ ਇੰਗਲੈਂਡ ਲਈ ਜਾਂਦੇ ਸਨ। ਪੰਜਾਬ ਦੇ ਪਰਵਾਸੀ ਕਿਸਾਨਾਂ ਨੇ ਇਹ ਸਮਝ ਲਿਆ ਸੀ ਕਿ ਉਨ੍ਹਾਂ ਦੀਆਂ ਜ਼ਿੰਦਗੀਆਂ ਨੂੰ ਦੁੱਭਰ ਬਣਾਉਣ ਵਾਲੇ ਅਮਰੀਕਨ ਨਹੀਂ ਅੰਗਰੇਜ਼ ਸਨ: “ਜੇ ਅੰਗਰੇਜ਼ ਸਾਡੇ ਹੀ ਘਰ ‘ਚ ਸਾਡੇ ਨਾਲ਼ ਕੁੱਤਿਆਂ ਵਾਲਾ ਸਲੂਕ ਕਰਦੇ ਹਨ ਤਾਂ ਸੰਸਾਰ ‘ਚ ਹੋਰ ਕਿਸੇ ਵੀ ਥਾਂ ‘ਤੇ ਅਸੀਂ ਕਿਸੇ ਚੰਗੇ ਸਲੂਕ ਦੀ ਉਮੀਦ ਕਿਵੇਂ ਕਰ ਸਕਦੇ ਹਾਂ।” ਇਸ ਤਰ੍ਹਾਂ ਦੀ ਚੇਤਨਾ ਵਿਕਸਤ ਹੋ ਰਹੀ ਸੀ ਕਿ “ਅਮਰੀਕਨ ਗ਼ੁਲਾਮੀ ਨੂੰ ਨਫ਼ਤਰ ਕਰਦੇ ਹਨ ਤੇ ਅਸੀਂ ਗ਼ਲਾਮ ਹਾਂ”। ਸ਼ਰਮਿੰਦਗੀ ਦਾ ਅਹਿਸਾਸ ਭਾਰੂ ਹੋ ਰਿਹਾ ਸੀ। ਗ਼ਦਰ ਨੇ ਉਨ੍ਹਾਂ ਨੂੰ ਦੱਸਿਆ ਕਿ ਜੇ 1857 ਦੀ ਬਗਾਵਤ ਸਮੇਂ ਸਿੱਖ ਫ਼ੌਜਾਂ ਅੰਗਰੇਜ਼ਾਂ ਦੀ ਹਿਫਾਜਤ ਨੂੰ ਨਾ ਬਹੁੜਦੀਆਂ ਤਾਂ ਬਹੁਤ ਚਿਰ ਪਹਿਲਾਂ ਹੀ ਭਾਰਤ ਨੇ ਆਜ਼ਾਦ ਹੋ ਜਾਣਾ ਸੀ। ਇਕ ਹੋਰ ਹਥਿਆਰਬੰਦ ਇਨਕਲਾਬ ਦੀ ਤਿਆਰੀ ਦੀ ਲੋੜ ਸੀ। ਇਨਕਲਾਬ -ਗ਼ਦਰ-ਲਹਿਰ ਦੇ ਇਸ ਨਾਂ ਵਿਚੋਂ ਹੀ ਅੰਗਰੇਜ਼ ਹਕੂਮਤ; ਨਾਲ਼ੋਂ ਉਨ੍ਹਾਂ ਦੀ ਬੇਗਾਨਗੀ ਝਲਕਦੀ ਸੀ ਅਤੇ ਉਸ ਦਾ ਤਖਤਾ ਉਲਟਾਉਣ ਦੀ ਲੋੜ ਪ੍ਰਤੀ ਉਨ੍ਹਾਂ ਦੀ ਚੇਤਨਾ ਸਾਫ਼ ਜ਼ਾਹਰ ਹੁੰਦੀ ਸੀ।
ਗ਼ਦਰੀਆਂ ਦੀ ਸਮਝ ਵਿਚ, ਭਾਰਤ ਅੰਦਰ ਅੰਗਰੇਜ਼ੀ ਸੱਤਾ ਦੇ ਅਸਲ ਆਧਾਰ ਸਨ: ਅੰਗਰੇਜ਼ੀ ਫ਼ੌਜ ਵਿਚਲੇ ਭਾਰਤੀ ਸਿਪਾਹੀ, ਟੋਡੀ, ਸਿੱਖ ਸਰਦਾਰ, ਰਾਇ ਬਹਾਦੁਰ ਅਤੇ ਖਾਨ ਬਹਾਦੁਰ ਤੇ ਲੋਕਾਂ ਉੱਤੇ ਥੋਪੀ ਸਾਜਿਸ਼ੀ ਹੁਕਮ-ਪਰਵਰੀ ਦੀ ਆਦਤ। ਉਨ੍ਹਾਂ ਦੇ ਵਿਸ਼ਵਾਸ ਵਿਚ ਮਹਾਤਮਾ ਗਾਂਧੀ ਦੀ ਇਕ ਪੂਰਵ-ਝਲਕ ਮਿਲਦੀ ਸੀ ਕਿ ਜੇ ਭਾਰਤ ਦੇ ਆਮ ਲੋਕ ਸਰਕਾਰ ਦਾ ਸਾਥ ਛੱਡ ਦੇਣ ਤਾਂ ਅੰਗਰੇਜ਼ ਭਾਰਤ ਵਿਚ ਟਿਕੇ ਨਹੀਂ ਰਹਿ ਸਕਦੇ। ਇਸ ਲਈ ਪ੍ਰਾਪੇਗੰਡੇ ਰਾਹੀਂ ਆਮ ਲੋਕਾਂ ਵਿਚ ਸਿਆਸੀ ਚੇਤਨਾ ਪੈਦਾ ਕਰਨਾ ਉਨ੍ਹਾਂ ਲਈ ਵਿਸ਼ੇਸ਼ ਮਹੱਤਵ ਦਾ ਕੰਮ ਸੀ। ਹਿੰਦੋਸਤਾਨੀਆਂ ਨੂੰ ਇਹ ਦੱਸਿਆ ਗਿਆ ਕਿ ਅੰਗਰੇਜ਼ “ਪਹਿਲਾਂ ਤੁਹਾਨੂੰ ਲੁੱਟਦੇ ਹਨ ਤੇ ਫੇਰ ਤੁਹਾਡੇ ਹੀ ਵਸੀਲਿਆਂ ਰਾਹੀਂ ਤੁਹਾਨੂੰ ਕੁੱਟਦੇ ਹਨ।” ਲੋਕਾਂ ਨੂੰ ਜ਼ਮੀਨੀ ਟੈਕਸ ਦੇਣਾ ਬੰਦ ਕਰਨ ਅਤੇ ਸਰਕਾਰੀ ਨੌਕਰੀਆਂ ਛੱਡਣ ਦਾ ਹੋਕਾ ਦਿੱਤਾ ਗਿਆ।
ਸਿੱਖ ਰਿਆਸਤਾਂ ਦੇ ਹਾਕਮਾਂ ਅਤੇ ਸਰਦਾਰਾਂ ਦੇ ਸੌੜੇ ਹਿਤਾਂ ਨੇ ਜੋ ਨੁਕਸਾਨ ਕੀਤਾ ਸੀ ਉਸ ਤੋਂ ਉਹ ਪੂਰੀ ਤਰ੍ਹਾਂ ਸੁਚੇਤ ਹੋ ਗਏ ਸਨ, 1849 ਵਿਚ ਅੰਗਰੇਜ਼ਾਂ ਵੱਲੋਂ ਪੰਜਾਬ ਉੱਤੇ ਕੀਤੇ ਕਬਜ਼ੇ ਅਤੇ 1857 ਵਿਚ ਬਾਗ਼ੀ ਫ਼ੌਜਾਂ ਦੀ ਹੋਈ ਹਾਰ ਲਈ ਉਹ ਉਨ੍ਹਾਂ ਲੋਕਾਂ ਨੂੰ ਹੀ ਦੋਸ਼ੀ ਠਹਿਰਾਉਂਦੇ ਸਨ। “ਉਨ੍ਹਾਂ ਸਾਨੂੰ ਅੰਗਰੇਜ਼ਾਂ ਦੇ ਹੱਥਾਂ ‘ਚ ਵੇਚ ਦਿੱਤਾ ਅਤੇ ਖੁਦ ਮੁਲਕ ਦੇ ਦਲਾਲ ਬਣ ਗਏ।” ਸਿੰਘ ਸਭਾ ਅਤੇ ਚੀਫ਼ ਖਾਲਸਾ ਦੀਵਾਨ ਦੇ ਲੀਡਰਾਂ ਨੂੰ ਕੌਮ ਦੇ ਦੁਸ਼ਮਨ ਕਰਾਰ ਦਿੱਤਾ ਗਿਆ ਸੀ। ਇਹ ਗਰੀਬ ਲੋਕ ਹੀ ਸਨ ਜਿਨ੍ਹਾਂ ਇਨਕਲਾਬ ਦਾ ਹਿੱਸਾ ਬਣਨਾ ਸੀ। ਇਹੋ ਜਿਹੇ ਉਦੇਸ਼ਾਂ ਲਈ ਸ਼ਾਹੂਕਾਰਾਂ ਤੋਂ ਆਸ ਰੱਖਣੀ ਗ਼ਲਤ ਸੀ। ਇਹੋ ਜਿਹੇ ਅੰਸਰਾਂ ਪ੍ਰਤੀ ਗ਼ਦਰੀਆਂ ਦੇ ਦਿਲਾਂ ‘ਚ ਘੋਰ ਨਫ਼ਰਤ ਸੀ। ਉਹ ਅਕਸਰ ਇਹ ਐਲਾਨ ਕਰਦੇ ਸਨ: “ਗੋਰਿਆਂ ਨਾਲ਼ ਤਾਂ ਅਸੀਂ ਬਾਅਦ ‘ਚ ਨਜਿੱਠ ਲਵਾਂਗੇ, ਆਓ ਪਹਿਲਾਂ ਗਦਾਰਾਂ ਨਾਲ਼ ਸਿੱਝ ਲਈਏ।”
ਇਨਕਲਾਬੀ ਸਫਾਂ ਵਿਚ ਜਿਸ ਭਾਗ ਨੂੰ ਮਹੱਤਵਪੂਰਨ ਆਧਾਰ ਸਮਝਿਆ ਜਾਂਦਾ ਸੀ ਉਹ ਸਨ ਭਾਰਤੀ ਫ਼ੌਜੀ। ਗ਼ਦਰੀਆਂ ਵਿਚੋਂ ਬਹੁਤੇ ਪਹਿਲੋਂ ਖੁਦ ਫ਼ੌਜੀ ਰਹਿ ਚੁੱਕੇ ਸਨ। ਇਕ ਨਵੀਂ ਚੇਤਨਾ ਪੈਦਾ ਹੋ ਰਹੀ ਸੀ ਕਿ ‘ਆਪਣੀਆਂ ਕਰਤੂਤਾਂ ਕਾਰਨ’ ਉਨ੍ਹਾਂ ਨੂੰ ਲੰਮੇ ਅਰਸੇ ਤੋਂ ਇਹ ਤਸੀਹੇ ਝਲਣੇ ਪੈ ਰਹੇ ਸਨ। ਉਨ੍ਹਾਂ ਅੰਗਰੇਜ਼ਾਂ ਵਾਸਤੇ ਜੰਗਾਂ ਲੜੀਆਂ, ਸਾਮਰਾਜ ਦੇ ਪਸਾਰ ਲਈ। “ਸਾਮਰਾਜ ਦੀ ਸਥਾਪਨਾ ਲਈ ਅਸੀਂ ਗੋਲੀਆਂ ਖਾਧੀਆਂ ਪਰ ਬਦਲੇ ‘ਚ ਸਾਨੂੰ ਮਿਲੇ ਜ਼ਾਲਮ ਧੋਖੇਬਾਜ਼ ਹਾਕਮ।” ਗ਼ਦਰੀ ਕਵੀ ਇਹੋ ਗੀਤ ਗਾਉਂਦੇ ਅਤੇ ਫ਼ੌਜੀਆਂ ਨੂੰ ‘ਫਿਰੰਗੀਆਂ ਦੀ ਮੱਕਾਰੀ ਬਾਰੇ’ ਸੁਚੇਤ ਕਰਦੇ। ਉਨ੍ਹਾਂ ਨੂੰ ਹੁਣ ਹੋਰ ਮੂਰਖ ਨਹੀਂ ਬਣਾਇਆ ਜਾ ਸਕਦਾ ਅਤੇ “ਹੁਣ ਵਫ਼ਾਦਾਰੀ ਦਾ ਗੀਤ ਉਹ ਮੁੜ ਕਦੇ ਨਹੀਂ ਗਾਉਣਗੇ।”
ਧਰਮ ਵੱਲ ਨੂੰ ਉਨ੍ਹਾਂ ਦਾ ਬਦਲਿਆ ਰੁਖ ਅਤੇ ਨਵੀਂ ਪਛਾਣ ਦੀ ਧਾਰਣਾ ਚੇਤਨਾ ਦੇ ਨਵੇਂ ਚੌਖਟੇ ਵੱਲ ਇਕ ਅਹਿਮ ਰੁਝਾਨ ਸੀ। ਅਮਲੀ ਤੌਰ ‘ਤੇ ਤਾਂ 95 ਫੀਸਦੀ ਗ਼ਦਰੀ ਸਿੱਖ ਹੀ ਸਨ ਅਤੇ ਉਨ੍ਹਾਂ ਦੇ ਮਾਨਸਕ ਰੁਝਾਨਾਂ ਦੀ ਰੂਪ-ਰੇਖਾ ਭਾਰੂ ਸਭਿਆਚਾਰਕ ਪਰੰਪਰਾਵਾਂ ਵਿਚ ਹੀ ਤਹਿ ਹੋਈ ਸੀ -ਗੁਰਦੁਆਰਿਆਂ, ਭਾਈਆਂ ਤੇ ਭਾਈਚਾਰੇ ਦੇ ਜਗੀਰੂ ਹਲਕਿਆਂ ਦੇ ਪ੍ਰਭਾਵ ਹੇਠ। ਇਹ ਕੁਦਰਤੀ ਹੀ ਸੀ ਕਿ ਨਵੀਂ ਬਾਹਰਮੁੱਖੀ ਹਕੀਕਤ ਦੀ ਚੇਤਨਾ ਨਾਲ਼ ਇੱਕਸੁਰ ਹੁੰਦੇ ਸਮੇਂ ਉਨ੍ਹਾਂ ਪ੍ਰਭਾਵਾਂ ਨੇ ਵੀ ਇਕ ਭੂਮਿਕਾ ਨਿਭਾਉਣੀ ਸੀ। ਜਿਵੇਂ ਕਿ ਕਾਰਲ ਮਾਰਕਸ ਨੇ ਦਰਸਾਇਆ ਹੈ ਕਿ ‘ਚੇਤਨਾ’ ਇਕ ‘ਸਮਾਜੀ ਉਤਪਾਦ’ ਹੈ ਅਤੇ ਜਦੋਂ ਲੋਕ “ਆਪਣੇ ਆਪ ਤੇ ਆਲੇ ਦੁਆਲੇ ਅੰਦਰ ਇਨਕਲਾਬੀ ਕਾਇਆਕਲਪ ਕਰਨ ਵਿਚ ਰੁੱਝੇ ਹੋਣ, ਕੁਝ ਅਜਿਹਾ ਸਿਰਜਣ ਵਿਚ ਜਿਸਦੀ ਹੁਣ ਤਾਈਂ ਕੋਈ ਹੋਂਦ ਹੀ ਨਹੀਂ ਸੀ… ਤਦ ਉਹ ਆਪਣੇ ਵਿਰਸੇ ਨੂੰ ਆਪਣੇ ਹੱਕ ਵਿਚ ਵਰਤਣ ਦਾ ਹੀ ਉਪਰਾਲਾ ਕਰਦੇ ਹਨ। … “ਇੱਥੇ ਅਹਿਮ ਬਿੰਦੂ ਸੀ ਉਸ ਆਪਣੇ ਵਿਰਸੇ ਵਿਚੋਂ ਚੁਣੇ ਗਏ ਚਿੰਨ੍ਹਾਂ ਅਤੇ ਗ਼ਦਰੀਆਂ ਵੱਲੋਂ ਉਨ੍ਹਾਂ ਚਿਨ੍ਹਾਂ ਦੀ ਕੀਤੀ ਗਈ ਪੁਨਰ-ਵਿਆਖਿਆ ਜਿਸ ਰਾਹੀਂ, ਜਿਵੇਂ ਮਾਰਕਸ ਨੇ ਲਿਖਿਆ ਸੀ ਕਿ ਵਿਸ਼ਵ-ਇਤਿਹਾਸ ਦੇ ਨਵੇਂ ਦ੍ਰਿਸ਼ ਨੂੰ ਸਦੀਵੀਸ਼ਨ ਨਾਲ਼ ਸਾਂਗ ਰੂਪ ਵਿਚ ਅਤੇ ਉਧਾਰ ਲਈ ਹੋਈ ਭਾਸ਼ਾ ਵਿਚ ਪੇਸ਼ ਕੀਤਾ ਜਾਂਦਾ ਹੈ। ਇਸ ਚੋਣ ਤੇ ਮੁੜ ਵਿਆਖਿਆ ਦਾ ਮਕਸਦ ਵਿਰਸੇ ਦੀ ਪੁਰਾਣੀ ਸਮਝ ਨੂੰ ਬਦਲਣਾ ਅਤੇ ਭਾਈਚਾਰਕ ਸਵੈ-ਪਛਾਣ ਨੂੰ ਨਵੇਂ ਅਰਥ ਦੇਣਾ ਹੀ ਸੀ।
ਭਾਈਚਾਰੇ ਦੇ ਵਿਰਸੇ ਦੀ ਗ਼ਦਰੀਆਂ ਵੱਲੋਂ ਕੀਤੀ ਵਿਆਖਿਆ, ਸਿੰਘ ਸਭਾ ਤੇ ਚੀਫ ਖਾਲਸਾ ਦੀਵਾਨ ਵੱਲੋਂ ਪੇਸ਼ ਕੀਤੀਆਂ ਜਾਂਦੀਆਂ ਦਲੀਲਾਂ ਨਾਲ਼ੋਂ ਬਿਲਕੁਲ ਵੱਖਰੀ ਸੀ, ਸੱਗੋਂ ਲੱਗਭਗ ਉੱਲਟੀ ਹੀ ਸੀ; ਇਹ ਕੂਕਿਆਂ ਦੇ ਜ਼ਿਆਦਾ ਨੇੜੇ ਸੀ। ਗ਼ਦਰੀਆਂ ਨੂੰ ਦਸਵੇਂ ਗੁਰੂ ਦੀਆਂ ਸਿੱਖਿਆਵਾਂ ਵਧੇਰੇ ਟੁੰਭਦੀਆਂ ਸਨ ਜਦੋਂ ਉਹ ਜਾਇਜ਼ ਕਾਰਜ ਲਈ ਹਥਿਆਰ ਚੁੱਕਣ ਦਾ ਸੱਦਾ ਦਿੰਦੇ ਹਨ। ਬੰਦਾ ਬਹਾਦਰ, ਦੀਪ ਸਿੰਘ, ਮਹਿਤਾਬ ਸਿੰਘ, ਹਰੀ ਸਿੰਘ ਤੇ ਫੂਲਾ ਸਿੰਘ ਵਰਗੇ ਬਹਾਦੁਰ ਸਿੱਖ ਯੋਧਿਆਂ ਤੋਂ ਪ੍ਰੇਰਣਾ ਲਈ ਜਾਂਦੀ ਸੀ। ਉਨ੍ਹਾਂ ਲਈ ਗੁਰੂ ਦਾ ਸੱਚਾ ਸਿੱਖ ਉਹ ਨਹੀਂ ਸੀ ਜੋ ਬਾਹਰੀ ਸਰੂਪ ਤੇ ਰਸਮਾਂ ਦੀ ਪਾਲਣਾ ਕਰਦਾ ਹੋਵੇ, ਜਿਵੇਂ ਕਿ ਸਿੰਘ ਸਭਾਵਾਂ ਪ੍ਰਚਾਰਦੀਆਂ ਸਨ, ਸਗੋਂ ਗੁਰੂ ਦੇ ਅਸਲ ਸਿੱਖ ਦੀ ਪਛਾਣ ਬਹਾਦਰੀ, ਕੁਰਬਾਨੀ ਤੇ ਦੁਸ਼ਮਣ ਨਾਲ਼ ਜੂਝਣ ਦੀ ਭਾਵਨਾ ਵਿਚ ਹੀ ਸੀ। ਗੈਰਾਲੱਡ ਬੈਰੀਅਰ ਦਾ ਇਹ ਕਥਨ ਬੜੀ ਕਾਹਲੀ ਨਾਲ਼ ਕੱਢਿਆ ਹੋਇਆ ਸਿੱਟਾ ਹੀ ਜਾਪਦਾ ਹੈ ਕਿ ਇਨ੍ਹਾਂ ਚਿੰਨ੍ਹਾਂ ‘ਤੇ ਦਿੱਤਾ ਗਿਆ ਐਨਾ ਜ਼ੋਰ ਇਕ ਖਾੜਕੂ ਸਿੱਖ ਲਹਿਰ ਦੇ ਵਿਕਾਸ ਦੀ ਸੰਭਾਵਨਾ ਵੱਲ ਇਸ਼ਾਰਾ ਕਰਦਾ ਸੀ ਅਤੇ ਇਹ ਗੱਲ ਕਿ ਇਸ ਨਾਲ਼ ਦੂਜੇ ਭਾਰਤੀਆਂ ਨਾਲ਼ ਸਿੱਖਾਂ ਦੇ ਸਹਿਯੋਗ ਉੱਤੇ ਮਾੜਾ ਅਸਰ ਵੀ ਪਾ ਸਕਦੀ ਸੀ। ਮੁੱਖ ਸਵਾਲ ਚਿੰਨ੍ਹਾਂ ਅਤੇ ਭਾਸ਼ਾ ਦਾ ਨਹੀਂ ਸੀ ਸਗੋਂ ਉਨ੍ਹਾਂ ਚਿੰਨ੍ਹਾਂ ਨਾਲ਼ ਜੁੜੇ ਉਦੇਸ਼ਾਂ ਦਾ ਸੀ ਜਿਨ੍ਹਾਂ ਲਈ ਉਨ੍ਹਾਂ ਦੀ ਵਰਤੋਂ ਕੀਤੀ ਜਾ ਰਹੀ ਸੀ।
ਇਸ ਸੱਚਾਈ ਨੂੰ ਨੋਟ ਕਰਨਾ ਅਤਿਅੰਤ ਅਹਿਮ ਹੈ ਕਿ ਗ਼ਦਰੀ ਕਵੀ ਪੰਥ ਅਤੇ ਖਾਲਸੇ ਦੀ ਵਰਤੋਂ ਇਕ ਅਜਿਹੀ ਤਾਕਤ ਦੇ ਰੂਪ ‘ਚ ਕਰਦੇ ਸੀ ਜਿਸ ਨੂੰ ਗੁਰੂ ਗੋਬਿੰਦ ਸਿੰਘ ਨੇ ਦੇਸ਼ ਦੀ ਰੱਖਿਆ ਲਈ ਸਿਰਜਿਆ ਸੀ, ਜਿਸ ਨੇ ‘ਭਾਰਤ ਮਾਤਾ’ ਉਪਰ ਹੁੰਦੇ ਜ਼ੁਲਮ ਦੇ ਖਾਤਮੇ ਲਈ ਜੰਗਾਂ ਲੜੀਆਂ ਸਨ। ਇਸ ਕਾਰਜ ਵਿਚ ਉਹ ਖਾਨਾਂ ਅਤੇ ਰਾਜਪੂਤਾਂ ਬਹਾਦਰ ਤੁਰਕਾਂ ਅਤੇ ਮਰੱਠਿਆਂ ਨੂੰ ਆਪਣੇ ਭਾਈਬੰਦ ਹੀ ਸਮਝਦੇ ਸੀ। ਇਸ ਲਈ ਪੰਥ ਦਾ ਇਮਤਿਹਾਨ ਤਾਂ ਦੇਸ਼ ਦੀ ਆਜ਼ਾਦੀ ਵਿਚ ਉਸ ਦੀਆਂ ਸੇਵਾਵਾਂ ਰਾਹੀਂ ਹੀ ਹੋਣਾ ਸੀ। 1857 ਵਿਚ ਸਿੱਖ ਸਰਦਾਰਾਂ ਦੀ ‘ਗੰਦੀ’ ਭੂਮਿਕਾ ਨੂੰ ਇਕ ਦਾਗ ਸਮਝਿਆ ਗਿਆ ਸੀ, ਗ਼ਦਰੀਆਂ ਅੰਦਰ ਇਹ ‘ਸਿੱਖਾਂ ਦੇ ਕਲੰਕ ਵਾਲ਼ੀ’ ਭਾਵਨਾ ਬਹੁਤ ਡੂੰਘੀ ਸੀ, ਜਿਸ ਨੂੰ ਛੇਤੀ ਤੋਂ ਛੇਤੀ ਸਿੱਖਾਂ ਦੇ ਸਾਫ਼-ਸੁਥਰੇ ਨਾਮ ਨਾਲ਼ੋਂ ਹਟਾਉਣਾ ਜ਼ਰੂਰੀ ਸੀ।
ਗ਼ਦਰੀਆਂ ਨੇ ਇਸ ਦੇਸ਼ ਵਿਚ ਵੱਖਰੀਆਂ ਫਿਰਕੂ ਪਛਾਣਾਂ ਉੱਤੇ ਜ਼ੋਰ ਦੇਣ ਵਾਲੀ ਮੰਦੀ ਹਰਕਤ ਲਈ, ਸਿੰਘ ਸਭਾ, ਚੀਫ਼ ਖਾਲਸਾ ਦੀਵਾਨ ਅਤੇ ਆਰੀਆ ਸਮਾਜ ਦੀ ਨਿਖੇਧੀ ਕੀਤੀ। ਅਕਸਰ ਹੀ ਅੰਗਰੇਜ਼ਾਂ ਸਿਰ ਉਤਨਾ ਦੋਸ਼ ਨਹੀਂ ਸੀ ਦਿੱਤਾ ਜਾਂਦਾ ਜਿੰਨਾਂ ਕਿ ਉਨ੍ਹਾਂ ਹਿੰਦੋਸਤਾਨੀਆਂ ਉਤੇ ਦਿੱਤਾ ਜਾਂਦਾ ਸੀ ਜੋ ਵਿਦੇਸ਼ੀਆਂ ਦੇ ਹੱਥਾਂ ਵਿਚ ਖੇਡ ਰਹੇ ਸਨ। ਜ਼ੋਰ ਭਾਰਤ ਮਾਤਾ ਦੇ ਸਪੂਤਾਂ ਵੱਜੋਂ ਇਕ ਨਵੀਂ ਪਛਾਣ ਕਾਇਮ ਕਰਨ ਉੱਤੇ ਸੀ ਅਤੇ ਉਸ ਸਮੇਂ ਮੌਜੂਦ ਅਤੇ ਵਿਗਸ ਰਹੀਆਂ ਵੱਖਵਾਦੀ ਪਛਾਣਾਂ ਦੀ ਥਾਂ ਨਵੀਂ ਪਛਾਣ ਨੂੰ ਉਭਾਰਣ ਲਈ ਸੀ। ਇਸ ਲਈ ਉਨ੍ਹਾਂ ਨੇ ਚੁਣ ਚੁਣ ਕੇ ਚੀਫ ਖਾਲਸਾ ਦੀਵਾਨ ਦੇ ਆਗੂਆਂ ਤੇ ਉਨ੍ਹਾਂ ਸਾਰਿਆਂ ‘ਤੇ ਹਮਲੇ ਕੀਤੇ, ਮਜ਼ਾਕ ਉਡਾਇਆ, ਜੋ ਵੀ ਸਹੂਲਤਾਂ ਤੇ ਸਰਪ੍ਰਸਤੀ ਲਈ ਅੰਗਰੇਜ਼ਾਂ ਦੇ ਹੱਥਾਂ ਵੱਲ ਦੇਖਦੇ ਸੀ। ਉਨ੍ਹਾਂ ਲੀਡਰਾਂ ਨੂੰ ‘ਸਰਕਾਰੀ ਕੁੱਤੇ’ ਕਹਿ ਕੇ ਬੇਕਿਰਕੀ ਨਾਲ਼ ਭੰਡਿਆ ਗਿਆ ਜੋ ਆਪਦੇ ਸਵਾਰਥੀ ਹਿਤਾਂ ਲਈ ਲੋਕਾਂ ਨੂੰ ਵੰਡਣਾ ਚਾਹੁੰਦੇ ਸਨ, ਉਨ੍ਹਾਂ ਨੂੰ ‘ਗੰਦੀ ਮਾਨਸਿਕਤਾ’ ਵਾਲੇ, ‘ਦਲਾਲ ਜੋ ਪਦਾਰਥਕ ਲਾਭਾਂ ਲਈ ਆਪਣੀਆਂ ਪੁਜੀਸ਼ਨਾਂ ਦੀ ਦੁਰਵਰਤੋਂ ਕਰਦੇ ਸਨ’; ਅਜਿਹੇ ਗੰਦੇ ਲੋਕ ਕਹਿ ਕੇ ਨਿੰਦਿਆ ਗਿਆ।
ਧਰਮ ਵੱਲ ਉਨ੍ਹਾਂ ਦੇ ਨਜ਼ਰੀਏ ਦਾ ਇਕ ਉਘੜਵਾਂ ਲੱਛਣ ਇਹ ਵੀ ਸੀ ਕਿ ਉਹ ਧਾਰਮਿਕ ਮੁੱਦਿਆਂ ਵਿਚ ਉਲਝੇ ਰਹਿਣ ਨਾਲ਼ੋਂ ਸਿਆਸੀ ਮੁੱਦਿਆਂ ਨੂੰ ਪਹਿਲ ਦੇਣ ਉੱਤੇ ਵਧੇਰੇ ਜ਼ੋਰ ਦਿੰਦੇ ਸਨ। ਧਾਰਮਿਕ ਮੁੱਦਿਆਂ ਨੂੰ ਉਹ ਰਾਹ ਤੋਂ ਭਟਕਾਉਣ ਵਾਲੇ ਮੁੱਦੇ ਹੀ ਮੰਨਦੇ ਸਨ ਜੋ ਕਿ ਅੰਤ ਵਿਚ ਨੁਕਸਾਨਦਾਇਕ ਸਾਬਤ ਹੁੰਦੇ ਸਨ। ਉਨ੍ਹਾਂ ਦੀ ਪਾਪੂਲਰ ਲੋਕ ਸ਼ਾਇਰੀ ਵਿਚ ਪੰਡਤਾਂ, ਮੌਲਾਣਿਆਂ ਤੇ ਅਰਦਾਸਾਂ ਨੂੰ ਰੱਦ ਕਰਨ ਦੇ ਰੁਝਾਨ ਵਿਆਪਕ ਤੌਰ ‘ਤੇ ਨਜ਼ਰ ਆਉਂਦੇ ਸਨ, ਕਿਉਂਕਿ ਇਹ ਸਭ ਚੀਜ਼ਾਂ ਇਕ ਦਰੁਸਤ ਸਿਆਸੀ ਸਮਝ ਦੇ ਰਾਹ ਵਿਚ ਰੋੜੇ ਅਟਕਾਉਂਦੀਆਂ ਸਨ। ਗ਼ਦਰੀਆਂ ਵਿਚ ਮਸ਼ਹੂਰ ਹਰਨਾਮ ਸਿੰਘ ਟੁੰਡੀਲਾਟ ਦੀ ਇਕ ਕਵਿਤਾ ਵਿਚ ਇੰਜ ਕਿਹਾ ਗਿਆ ਸੀ, “ਪੁਰਾਣੇ ਗ੍ਰੰਥ ਕੁਝ ਨਹੀਂ ਸੰਵਾਰ ਸਕਦੇ, ਗੁਰਦੁਆਰੇ ਜਾਣ ਦੀਆਂ ਗੱਲਾਂ ਨੂੰ ਭੁੱਲ ਜਾਓ, ਦੇਸ਼ ਦੀ ਆਜ਼ਾਦੀ ਲਈ ਤਲਵਾਰਾਂ ਸੂਤ ਕੇ ਅੱਗੇ ਵਧਣ ਦਾ ਸਮਾਂ ਆ ਗਿਆ ਹੈ।”
ਧਰਮ ਨੂੰ ਵੱਧ ਤੋਂ ਵੱਧ ਨਿੱਜੀ ਮਾਮਲਿਆਂ ਤੱਕ ਹੀ ਸਵੀਕਾਰ ਕੀਤਾ ਗਿਆ ਸੀ ਅਤੇ ਜਾਤੀਵਾਦ ਨੂੰ ਮੁੱਢੋਂ ਰੱਦ ਕਰ ਦਿੱਤਾ ਗਿਆ ਸੀ। ਗ਼ਦਰੀ ਬਾਬਿਆਂ ਦੀਆਂ ਮਿਸਾਲਾਂ ਸਮੇਤ ਬਹੁਤੇ ਗ਼ਦਰੀਆਂ ਦੇ ਆਚਰਣ ਵਿਚ ਇਹ ਦੇਖਿਆ ਗਿਆ ਸੀ ਕਿ ਉਹ ਲੋਕ ਆਪਣੇ ਸਮਾਜਕ ਰਿਸ਼ਤਿਆਂ ਵਿਚ ਵਾਲ਼ ਵਧਾਉਣ, ਦਾੜੀ ਰੱਖਣ ਜਾਂ ਝਟਕਾ/ਹਲਾਲ ਖਾਣ ਵਰਗੇ ਮੁੱਦਿਆਂ ਦੀ ਬਹੁਤੀ ਪਰਵਾਹ ਨਹੀਂ ਸੀ ਕਰਦੇ। ਇਨ੍ਹਾਂ ਗੱਲਾਂ ਕਰਕੇ ਕੱਟੜਪੰਥੀਆਂ ਅੰਦਰ ਗ਼ਦਰੀਆਂ ਪ੍ਰਤੀ ਰੋਹ ਦੀ ਭਾਵਨਾ ਦਾ ਹੋਣਾ ਕੁਦਰਤੀ ਹੀ ਸੀ।
ਉਸ ਸਮੇਂ, ਜਦੋਂ ਪੂਰੇ ਦੇਸ਼ ਵਿਚ ਫਿਰਕੂ ਕੌਮਪ੍ਰਸਤੀ ਪੂਰੇ ਜ਼ੋਰਾਂ ‘ਤੇ ਸੀ, ਗ਼ਦਰੀ ਲਹਿਰ ਦਾ ਧਰਮ ਨਿਰਪਖ ਰੁਝਾਨ ਇਕ ਨਵੇਕਲ਼ਾ ਪ੍ਰਗਟਾਓ ਸੀ। ਅਕਸਰ ਉਹ ਬੰਗਾਲ ਅਤੇ ਮਹਾਰਾਸ਼ਟਰ ਦੇ ਸਮਕਾਲੀ ਦੇਸ਼ਭਗਤਾਂ ਦਾ ਆਪਣੇ ਨਾਇਕਾਂ ਦੇ ਰੂਪ ਵਿਚ ਜ਼ਿਕਰ ਕਰਦੇ ਸਨ ਜੋ ‘ਭਾਰਤ ਮਾਂ’ ਦੀ ਆਜ਼ਾਦੀ ਲਈ ਲੜ ਰਹੇ ਸਨ।
ਗ਼ਦਰ ਲਹਿਰ ਵਿਚ ਭਾਰਤ ਦੀ ਰੋਜ਼ਮਰਾ ਦੀ ਨਜ਼ਰ ਆਉਂਦੀ ਹਕੀਕਤ ਨੂੰ ਮਿਥਹਾਸ ਦੀ ਧੁੰਦ ਵਿਚੋਂ ਬਾਹਰ ਕੱਢਣ ਦੀ ਸੁਚੇਤ ਤੌਰ ‘ਤੇ ਕੋਸ਼ਿਸ਼ ਕੀਤੀ ਗਈ ਸੀ। ਉਨ੍ਹਾਂ ਦੀ ਦਲੀਲ ਇਹੋ ਸੀ ਕਿ ‘ਅਸੀਂ ਮੌਜੂਦਾ ਸਥਿਤੀ ਦੀ ਸਿਆਸਤ ਨੂੰ ਕਿਉਂ ਨਹੀਂ ਸਮਝਦੇ’, ਉਹ ਜ਼ਾਤ-ਪਾਤੀ ਸ਼ੁਧਤਾ, ਵੱਖਰੀ ਧਾਰਮਿਕ ਪਛਾਣ ਅਤੇ ਗੁਰਦੁਆਰਿਆਂ ਵਰਗੇ ਮੁੱਦਿਆਂ ਦੇ ਸਿਆਸੀ ਸਿੱਟਿਆਂ ਵੱਲ ਸੰਕੇਤ ਕਰਦੇ ਸਨ।
ਇਸ ਲਹਿਰ ਲਈ ਅੰਗਰੇਜ਼ੀ ਸਾਮਰਾਜਵਾਦ ਸਿਰਫ਼ ਭਾਰਤੀਆਂ ਦਾ ਹੀ ਨਹੀਂ ਸਗੋਂ ਸਮੁੱਚੀ ਦੁਨੀਆ ਦੇ ਉਨ੍ਹਾਂ ਲੋਕਾਂ ਦਾ ਦੁਸ਼ਮਣ ਸੀ, ਜਿਨ੍ਹਾਂ ਨੂੰ ਗ਼ੁਲਾਮ ਬਣਾ ਲਿਆ ਗਿਆ ਸੀ। ਉਨ੍ਹਾਂ ਦਾ ਵਿਸ਼ਵਾਸ ਸੀ ਕਿ ਸਿਆਸੀ ਤੌਰ ‘ਤੇ ਗ਼ੁਲਾਮ ਸਾਰੀਆਂ ਕੌਮਾਂ ਦੀਆਂ ਇਨਕਲਾਬੀ ਜੱਥੇਬੰਦੀਆਂ ਦੇ ਹਿੱਤ ਸਾਂਝੇ ਹਨ। ਉਨ੍ਹਾਂ ਦੀ ਇਹ ਪੱਕੀ ਧਾਰਨਾ ਸੀ ਕਿ ਅੰਗਰੇਜ਼ੀ ਰਾਜ ਦੇ ਖ਼ਾਤਮੇ ਤੋਂ ਬਿਨ੍ਹਾਂ ਕਿਸੇ ਖੇਤਰ ਵਿਚ ਕੋਈ ਸੁਧਾਰ ਨਹੀਂ ਹੋ ਸਕਦਾ। ਅਤੇ ਇਸ ਰਾਜ ਦਾ ਖ਼ਾਤਮਾ ਸਿਰਫ ਇਕ ਹਥਿਆਰਬੰਦ ਜਨਤਕ ਬਗਾਵਤ ਰਾਹੀਂ ਹੀ ਹੋ ਸਕਦਾ ਸੀ। ਪਰ ਭਾਰਤ ਵਿਚਲੇ ਸਵਾਰਥੀ ਹਲਕਿਆਂ ਨੂੰ ਧਿਆਨ ਵਿਚ ਰੱਖਣਾ ਜ਼ਰੂਰੀ ਸੀ।
ਗ਼ਦਰੀਆਂ ਦੇ ਵਿਚਾਰ ਚੌਖਟੇ ਵਿਚ ਦੇਸ਼ ਦੀ ਸਿਆਸੀ ਹਾਲਤ ਦਾ ਬਾਹਰਮੁਖੀ ਵਿਸ਼ਲੇਸ਼ਣ, ਦੂਰਅੰਦੇਸ਼ੀ, ਯੋਜਨਾਬੰਦੀ ਅਤੇ ਰਣਨੀਤੀਘੜਨ ਨੂੰ ਵਧੇਰੇ ਅਹਿਮੀਅਤ ਨਹੀਂ ਸੀ ਦਿੱਤੀ ਗਈ। ਜਦੋਂ ਉਹ ਬਗਾਵਤ ਦਾ ਹੋਕਾ ਦੇਣ ਅਤੇ ਬਗ਼ਾਵਤ ਕਰਨ ਲਈ ਦੇਸ਼ ਪਰਤੇ ਤਾਂ ਬਹੁਤੇ ਦੇਸ਼ਵਾਸੀਆਂ ਨੂੰ ਇਸ ਦੀ ਸਮਝ ਹੀ ਨਹੀਂ ਆਈ; ਨਾਲ਼ ਖੜ੍ਹੇ ਹੋਣ ਵਾਲੇ ਤਾਂ ਹੋਰ ਵੀ ਘੱਟ ਸਨ, ਕਿ ਇਹ ਲੋਕ ਜਿਨ੍ਹਾਂ ਕੁਝ ਸਾਲ ਪਹਿਲਾਂ ਹੀ ਪੈਸਾ ਕਮਾਉਣ ਖਾਤਰ ਦੇਸ਼ ਛੱਡਿਆ ਸੀ, ਤੇ ਜਿਨ੍ਹਾਂ ਕਮਾਈ ਵੀ ਚੰਗੀ ਕੀਤੀ ਹੈ, ਹੁਣ ਅਚਾਨਕ ਬਗਾਵਤ ਦੇ ਮਸੀਹੇ ਕਿਉਂ ਬਣ ਗਏ ਹਨ। ਪੜ੍ਹੇ ਲਿਖੇ ਲੋਕਾਂ ਅਤੇ ਸਿਆਸੀ ਤੌਰ ਉੱਪਰ ਚੇਤਨ ਲੀਡਰਾਂ ਦਾ ਵੱਡਾ ਹਿੱਸਾ ਤਾਂ ਗ਼ਦਰੀਆਂ ਨੂੰ ਸ਼ੁਦਾਈ ਹੀ ਸਮਝਦੇ ਸਨ। ਬਿਨ੍ਹਾ ਸ਼ੱਕ, ਗ਼ਦਰੀ ਆਪਣੇ ਮਿਸ਼ਨ ਵਿਚ ਸਫ਼ਲ ਨਹੀਂ ਹੋਏ। ਪਰ ਸੂਬੇ ਦੀ ਸਿਆਸਤ ਦੇ ਭਵਿੱਖੀ ਰੁਝਾਨ ਉੱਤੇ ਉਨ੍ਹਾਂ ਨੇ ਚੌਖਾ ਅਸਰ ਛੱਡਿਆ ਸੀ।
ਇੱਕੋ ਧਾਰਮਿਕ ਭਾਈਚਾਰੇ ਦੇ ਦੋ ਵੱਖਰੇ ਵਰਗਾਂ ਵਿਚ ਲੱਗਭਗ ਇੱਕੋ ਹੀ ਸਮੇਂ ‘ਤੇ ਦੋ ਪਰਸਪਰ ਵਿਰੋਧੀ ਸਮਾਜਕ-ਰਾਜਨੀਤਕ ਰੁਝਾਨਾਂ ਦਾ ਇਹ ਪ੍ਰਗਟਾਵਾ ਸਾਨੂੰ ਆਪਣੀਆਂ ਕੁੱਝ ਬਣੀਆਂ-ਬਣਾਈਆਂ ਧਾਰਨਾਵਾਂ ਨੂੰ ਮੁੜ ਕੇ ਜਾਚਣ ਲਈ ਮਜਬੂਰ ਕਰਦਾ ਹੈ। ਇਹ ਸੁਝਾਉਂਦਾ ਹੈ ਕਿ ਕੋਈ ਸਮੂਹਿਕ ਪਛਾਣ ਮਕਾਨਕੀ ਤੌਰ ‘ਤੇ ਸਦੀਵੀ ਕਾਰਕਾਂ(ਾਂਰਮੋਰਦਅਿਲ ਾਂਅਚਟੋਰ) ਵੱਲੋਂ ਤਹਿ ਨਹੀਂ ਹੁੰਦੀ ਸਗੋਂ ਵੱਖ-ਵੱਖ ਇਤਿਹਾਸਕ ਸਥਿਤੀਆਂ ‘ਚ ਸਮਾਜਕ-ਆਰਥਕ ਕਾਰਕਾਂ ਵੱਲੋਂ ਅਤੇ ਵਿਚਾਰਧਾਰਕ ਸੰਘਰਸ਼ ਦੇ ਸਿੱਟੇ ਵੱਜੋਂ ਨਿਸ਼ਚਿਤ ਹੁੰਦੀ ਹੈ। ਵਿਚਾਰਧਾਰਕ ਲਾਮਬੰਦੀ ਭਰਮ ਭੁਲੇਖਿਆਂ, ਕੱਟੜਤਾ ਅਤੇ ਮੁੜ-ਸੁਰਜੀਤੀ ਨੂੰ ਵੀ ਸ਼ਹਿ ਦੇ ਸਕਦੀ ਹੈ। ਅਤੇ, ਇਸ ਦੇ ਉੱਲਟ ਉਹ ਪ੍ਰਤੱਖ ਤੌਰ ‘ਤੇ ਦਿਸਦੀ ਬਣਤਰ ਅਤੇ ਅੰਦਰਲੀ ਹਕੀਕਤ ਵਿਚਾਲੇ ਪੁਲ ਦਾ ਕੰਮ ਕਰ ਕੇ ਹਨੇਰਾ ਹੂੰਝਣ ਦੀ ਇਕ ਕੋਸ਼ਿਸ਼ ਵੀ ਹੋ ਸਕਦਾ ਹੈ। ਕਿਹੜੀ ਵਿਚਾਰਧਾਰਾ ਕਿਹੜੇ ਖਾਸ ਸਮੇਂ ਵਿਚ ਵਧੇਰੇ ਫਲੇ ਫੁੱਲੇਗੀ ਇਹ ਬਾਹਰਮੁੱਖੀ ਹਾਲਤਾਂ ਦੀ ਸਮਝ, ਹਾਕਮ ਵਿਚਾਰਾਂ ਤੇ ਹਾਕਮ ਹਿੱਤਾਂ ਦੇ ਖਾਸੇ ਵੱਲੋਂ ਨਿਰਧਾਰਤ ਹੁੰਦਾ ਹੈ। ਸਿੰਘ ਸਭਾ ਲਹਿਰ, ਜੋ ਹਾਕਮਾਂ ਦੇ ਆਰਥਿਕ ਤੇ ਦੂਜੇ ਸੌੜੇ ਹਿੱਤਾਂ ਤੋਂ ਅਗਵਾਈ ਲੈਂਦੀ ਸੀ, ਨੇ ਵੱਖਰੀ ਫਿਰਕੂ ਪਛਾਣ ਅਤੇ ਇਸ ਦੇ ਨਾਲ਼ ਹੀ ਅੰਗਰੇਜ਼ੀ ਰਾਜ ਪ੍ਰਤੀ ਮੁਕੰਮਲ ਵਫ਼ਾਦਾਰੀ ਦੀ ਚੇਤਨਾ ਪੈਦਾ ਕੀਤੀ ਸੀ। ਗ਼ਦਰ ਲਹਿਰ ਨੇ ਠੀਕ ਇਸ ਦੇ ਉੱਲਟ ਕੀਤਾ ਸੀ। ਇਹ ਤੱਥ ਕਿ ਗ਼ਦਰੀ ਛੋਟੀ ਕਿਸਾਨੀ ਵਿਚੋਂ ਆਏ ਸਨ, ਜੋ ਤਿੱਖੇ ਆਰਥਿਕ ਸੰਕਟ ਵਿੱਚੋਂ ਲੰਘ ਰਹੀ ਸੀ, ਮੁਤਬਾਦਲ ਰੁਝਾਨਾਂ ਨੂੰ ਬਲ ਦੇਣ ਵਿਚ ਸਿਰਫ ਉਦੋਂ ਹੀ ਸਹਾਈ ਹੋ ਸਕਿਆ ਸੀ ਜਦੋਂ ਉਹ ਵੱਖਰੀਆਂ ਸਿਆਸੀ ਅਤੇ ਸਮਾਜਕ ਹਕੀਕਤਾਂ ਦੇ ਦਰਪੇਸ਼ ਹੋਈ ਸੀ। ਉਨ੍ਹਾਂ ਵਿਚ ਪੁਰਾਣੇ ਰੁਝਾਨਾਂ ਨੂੰ ਕਾਇਮ ਰੱਖਣਾ ਮੁਸੀਬਤ ਬਣ ਚੁੱਕਾ ਸੀ। ਇਸੇ ਲਈ ਉਹ ਇੰਨੀ ਅਸਾਨੀ ਨਾਲ਼ ਇਕ ਵੱਖਰੀ ਵਿਚਾਰਧਾਰਾ ਨੂੰ ਅਪਨਾਉਣ ਲਈ ਤਿਆਰ ਹੋ ਸਕੇ ਸਨ। ਇਹ ਵਿਚਾਰਧਾਰਾ ਉਨ੍ਹਾਂ ਸਾਰੇ ਮਸਲਿਆਂ ਦਾ ਵਧੇਰੇ ਤਸੱਲੀਬਖਸ਼ ਹੱਲ ਪੇਸ਼ ਕਰਦੀ ਜਾਪਦੀ ਸੀ, ਜਿਨ੍ਹਾਂ ਨੇ ਉਨ੍ਹਾਂ ਦੇ ਮਨਾਂ ਨੂੰ ਬੇਚੈਨ ਕਰ ਰੱਖਿਆ ਸੀ। ਇਹ ਦੋਵੇਂ ਟਕਰਾਵੇਂ ਰੁਝਾਨ ਇਕ ਤੀਜੀ ਤਰ੍ਹਾਂ ਦੇ ਰੁਝਾਨ ਲਈ ਰਾਹ ਪੱਧਰਾ ਕਰਦੇ ਲਗਦੇ ਸਨ ਜੋ ਉਨ੍ਹਾਂ ਦੋਹਾਂ ਦੇ ਵਿਚ ਵਿਚਾਲੇ ਜਿਹੇ ਪੈਂਦਾ ਸੀ ਜੋ ਬਾਅਦ ਵਿਚ ਗੁਰਦੁਆਰਾ ਸੁਧਾਰ ਲਹਿਰ ਦੇ ਰੂਪ ਵਿਚ ਸਾਹਮਣੇ ਆਇਆ।

Advertisements
This entry was posted in ਵਾਰਤਿਕ. Bookmark the permalink.

One Response to ਸਿੰਘ ਸਭਾ ਅਤੇ ਗ਼ਦਰ ਲਹਿਰ – ਪ੍ਰੋ. ਹਰੀਸ਼ ਪੁਰੀ

  1. menun aihda sirnaavaan bauhat changga lagga a — dovaan lehraan vakh vakh jmaataan di numaaendgi krdiyan sn — singh sabha naveen ubhri middle class te paitti burjvazi di numaaenda c te reformist c sikhi de havaale naal— Ghadar Lehr nah sirf hind di azaadi chahndi c sagon aithe mazdoor kissan raj di v soch rkhdi c

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s