ਬੰਦੇ ਨੂੰ ਕਿੰਨੀ ਜ਼ਮੀਨ ਦੀ ਲੋੜ ?–ਤਾਲਸਤਾਏ ਦੀ ਅਮਰ ਕਹਾਣੀ

( ਇਸ ਕਹਾਣੀ ਤੋਂ ਮਹਾਤਮਾ ਗਾਂਧੀ ਬਹੁਤ ਪ੍ਰਭਾਵਿਤ ਹੋਏ ਸਨ । ਉਨ੍ਹਾਂ ਨੇ ਇਸਦਾ ਅਨੁਵਾਦ ਗੁਜਰਾਤੀ ਵਿੱਚ ਕੀਤਾ ਸੀ ਅਤੇ ਇਸਦੀਆਂ ਬਹੁਤ ਸਾਰੀਆਂ ਕਾਪੀਆਂ ਪਾਠਕਾਂ ਵਿੱਚ ਵੰਡਵਾ  ਦਿੱਤੀਆਂ ਸਨ । ਇੱਥੇ  ਹਿੰਦੀ ਲੇਖਕ ਸ਼੍ਰੀ ਜੈਨੇਂਦਰ ਕੁਮਾਰ ਜੀ ਦੁਆਰਾ ਕੀਤੇ ਹਿੰਦੀ  ਭਾਵਾਨੁਵਾਦ ਦਾ ਪੰਜਾਬੀ ਰੂਪ ਹਾਜਰ ਹੈ। ਇਸ ਵਿੱਚ ਉਨ੍ਹਾਂ ਨੇ ਪਾਤਰਾਂ ਦੇ ਨਾਮ ਬਦਲ ਦਿੱਤੇ ਹਨ ਅਤੇ ਰੂਸੀ ਦੀ ਜਗ੍ਹਾ ਰੰਗ ਵੀ ਭਾਰਤੀ ਕਰ ਦਿੱਤਾ ਹੈ । )

ਦੋ ਭੈਣਾਂ ਸਨ । ਵੱਡੀ ਦਾ ਕਸਬੇ ਵਿੱਚ ਇੱਕ ਸੌਦਾਗਰ ਨਾਲ ਵਿਆਹ ਹੋਇਆ ਸੀ । ਛੋਟੀ ਪਿੰਡ ਵਿੱਚ ਕਿਸਾਨ ਦੇ ਘਰ ਵਿਆਹੀ ਸੀ ।
ਵੱਡੀ ਦਾ ਆਪਣੀ ਛੋਟੀ ਭੈਣ ਦੇ ਆਣਾ ਹੋਇਆ । ਕੰਮ ਮੁਕਾ ਕੇ ਦੋਨੋਂ ਜਣੀਆਂ ਬੈਠੀਆਂ ਤਾਂ ਗੱਲਾਂ ਦਾ ਸਿਲਸਲਾ ਚੱਲ ਪਿਆ । ਵੱਡੀ ਆਪਣੇ ਸ਼ਹਿਰ ਦੇ ਜੀਵਨ ਦੀ ਤਾਰੀਫ ਕਰਨ ਲੱਗੀ , ‘‘ਵੇਖੋ , ਕਿਵੇਂ ਆਰਾਮ ਨਾਲ ਅਸੀਂ ਰਹਿੰਦੇ ਹਾਂ । ਫੈਂਸੀ ਕੱਪੜੇ ਹੋਰ ਠਾਠ ਦੇ ਸਾਮਾਨ ! ਤਰ੍ਹਾਂ ਤਰ੍ਹਾਂ ਦੀਆਂ ਸੁਆਦਲੀਆਂ ਚੀਜਾਂ ਖਾਣਪੀਣ ਨੂੰ , ਅਤੇ ਫਿਰ ਖੇਲ ਤਮਾਸ਼ੇ ਥੀਏਟਰ , ਬਾਗ ਬਗੀਚੇ ! ’’

ਛੋਟੀ ਭੈਣ ਨੂੰ ਗੱਲ ਲੱਗ ਗਈ । ਆਪਣੀ ਵਾਰੀ ਤੇ ਉਸਨੇ ਸੌਦਾਗਰ ਦੀ ਜਿੰਦਗੀ ਨੂੰ ਨੀਵਾਂ ਦੱਸਿਆ ਅਤੇ ਕਿਸਾਨ ਦਾ ਪੱਖ ਲਿਆ । ਕਿਹਾ , ‘‘ਮੈਂ ਤਾਂ ਆਪਣੀ ਜਿੰਦਗੀ ਦਾ ਤੁਹਾਡੇ ਨਾਲ ਅਦਲ ਬਦਲੀ ਕਦੇ ਨਾ ਕਰਾਂ । ਅਸੀਂ ਸਿੱਧਾ ਸਾਦਾ ਅਤੇ ਰੁੱਖੀ ਸੁੱਖੀ ਨਾਲ ਜੀਵਨ ਬਤੀਤ ਕਰਦੇ ਹਨ ਤਾਂ ਕੀ , ਚਿੰਤਾ ਫਿਕਰ ਤੋਂ ਤਾਂ ਛੁੱਟੇ ਹਾਂ । ਤੁਸੀਂ ਲੋਕ ਸਜੀ ਧਜੀ ਰਹਿੰਦੇ ਹੋ , ਤੁਹਾਡੀ ਆਮਦਨੀ ਬਹੁਤ ਹੈ , ਲੇਕਿਨ ਇੱਕ ਰੋਜ ਉਹ ਸਭ ਹਵਾ ਵੀ ਹੋ ਸਕਦਾ ਹੈ , ਦੀਦੀ । ਕਹਾਵਤ ਹੈ ਹੀ—‘ਨਫ਼ਾ ਨੁਕਸਾਨ ਦੋਵੇਂ ਜੁੜਵੇਂ ਭਰਾ । ’ ਅਕਸਰ ਹੁੰਦਾ ਹੈ ਕਿ ਅੱਜ ਤਾਂ ਅਮੀਰ ਹੈ ਕੱਲ ਉਹੀ ਟੁਕੜੇ ਨੂੰ ਮੁਹਤਾਜ ਹੈ । ਤੇ ਸਾਡੇ ਪਿੰਡ ਦੇ ਜੀਵਨ ਵਿੱਚ ਇਹ ਜੋਖਮ ਨਹੀਂ ਹੈ । ਕਿਸਾਨੀ ਜਿੰਦਗੀ ਚਮਕ ਦਮਕ ਵਾਲੀ ਨਹੀਂ ਤਾਂ ਕੀ , ਉਮਰ ਲੰਮੀ ਹੁੰਦੀ ਹੈ ਅਤੇ ਮਿਹਨਤ ਨਾਲ ਤੰਦੁਰੁਸਤੀ ਵੀ ਬਣੀ ਰਹਿੰਦੀ ਹੈ । ਅਸੀ ਮਾਲਦਾਰ ਨਹੀਂ ਕਹਾਵਾਂਗੇ : ਪਰ ਸਾਡੇ ਕੋਲ ਖਾਣ ਦੀ ਕਮੀ ਵੀ ਕਦੇ ਨਹੀਂ ਹੋਵੇਗੀ । ’’

ਵੱਡੀ ਭੈਣ ਨੇ ਤਾਣ ਨਾਲ ਕਿਹਾ , ‘‘ਬਸ ਬਸ , ਢਿੱਡ ਤਾਂ ਬੈਲ ਤੇ ਕੁੱਤਾ ਵੀ ਭਰ ਲੈਂਦੇ  ਨੇ । ਤੇ ਇਹ ਵੀ ਕੋਈ ਜਿੰਦਗੀ ਹੈ ? ਤੈਨੂੰ ਜੀਵਨ ਦੇ ਆਰਾਮ , ਅਦਬ ਅਤੇ ਖੁਸ਼ੀ ਦਾ ਕੀ ਪਤਾ ? ਤੇਰਾ ਮਰਦ ਜਿੰਨੀ ਮਰਜ਼ੀ ਮਿਹਨਤ ਕਰੇ , ਜਿਸ ਹਾਲਤ ਵਿੱਚ ਤੁਸੀਂ ਜੰਮੇ ਹੋ , ਉਸੀ ਹਾਲਤ ਵਿੱਚ ਮਰੋਗੇ । ਉਹੀ ਸਾਰੇ ਪਾਸੇ ਗੋਬਰ ਗੋਹਾ , ਤੂੜੀ , ਮਿੱਟੀ ! ਅਤੇ ਇਹੀ ਕੁਝ ਤੁਹਾਡੇ ਬੱਚਿਆਂ ਦੀ ਕਿਸਮਤ ਵਿੱਚ ਲਿਖਿਆ ਹੈ । ’’

ਛੋਟੀ ਨੇ ਕਿਹਾ , ‘‘ਤਾਂ ਕੀ ਹੋਇਆ ! ਹਾਂ , ਸਾਡਾ ਕੰਮ ਚਮਕ ਦਮਕ ਵਾਲਾ ਨਹੀਂ ; ਲੇਕਿਨ ਸਾਨੂੰ ਕਿਸੇ ਦੇ ਅੱਗੇ ਝੁਕਣ ਦੀ ਵੀ ਲੋੜ ਨਹੀਂ । ਸ਼ਹਿਰ ਵਿੱਚ ਤੁਸੀਂ ਹਜਾਰ ਲਾਲਚਾਂ ਵਿੱਚ ਘਿਰੇ ਰਹਿੰਦੇ  ਹੋ । ਅੱਜ ਨਹੀਂ ਤਾਂ ਕੱਲ ਦੀ ਕੀ ਖਬਰ ਹੈ ! ਕੱਲ ਤੁਹਾਡੇ ਆਦਮੀ ਪਾਪ ਲੋਭਜੂਏ , ਸ਼ਰਾਬ ਅਤੇ ਦੂਜੀ ਬੁਰਾਈਆਂ ਵਿੱਚ ਫਸ ਸਕਦੇ ਹਨ , ਤੱਦ ਘੜੀ ਭਰ ਵਿੱਚ ਸਭ ਬਰਬਾਦ ਹੋ ਜਾਏਗਾ । ਕੀ ਅਕਸਰ ਅਜਿਹੀਆਂ ਗੱਲਾਂ ਨਹੀਂ ਹੁੰਦੀਆਂ ? ’’

ਘਰ ਦਾ ਮਾਲਿਕ ਦੀਨਾ ਦੁਆਸਮੇ ਵਿੱਚ ਪਿਆ ਔਰਤਾਂ ਦੀ ਇਹ ਗੱਲ ਸੁਣ ਰਿਹਾ ਸੀ । ਉਸਨੇ ਸੋਚਿਆ ਕਿ ਗੱਲ ਤਾਂ ਖਰੀ ਹੈ । ਬਚਪਨ ਤੋਂ ਮਾਂ ਧਰਤੀ ਦੀ ਸੇਵਾ ਵਿੱਚ ਅਸੀ ਏਨੇ ਲੱਗੇ ਰਹਿੰਦੇ ਹਾਂ ਕਿ ਕੋਈ ਵਿਅਰਥ ਦੀ ਗੱਲ ਸਾਡੇ ਮਨ ਵਿੱਚ ਘਰ ਨਹੀਂ ਕਰਦੀ । ਬਸ , ਮੁਸ਼ਕਲ ਇੱਕ ਹੈ ਕਿ ਸਾਡੇ ਕੋਲ ਜਮੀਨ ਕਾਫ਼ੀ ਨਹੀਂ ਹੈ । ਜਮੀਨ ਖੂਬ ਹੋਵੇ ਤਾਂ ਮੈ ਕਿਸੇ ਦੀ ਭੋਰਾ ਪਰਵਾਹ ਨਾ ਕਰਾਂ , ਚਾਹੇ ਸ਼ੈਤਾਨ ਹੀ ਕਿਉਂ ਨਾ ਹੋਵੇ !

ਉਥੇ ਹੀ ਕੋਨੇ ਵਿੱਚ ਸ਼ੈਤਾਨ ਦੁਬਕਿਆ ਬੈਠਾ ਸੀ । ਉਸਨੇ ਸਭ ਕੁੱਝ ਸੁਣਿਆ । ਉਹ ਖੁਸ਼ ਸੀ ਕਿਸਾਨ ਦੀ ਪਤਨੀ ਨੇ ਪਿੰਡ ਦੀ ਤਰੀਫ ਕਰਕੇ ਆਪਣੇ ਆਦਮੀ ਨੂੰ ਡੀਂਗ ਤੇ ਚੜ੍ਹਾ ਦਿੱਤਾ । ਵੇਖੋ ਨਾ , ਕਹਿੰਦਾ ਸੀ ਕਿ ਜਮੀਨ ਖੂਬ ਹੋਵੇ ਤਾਂ ਫਿਰ ਚਾਹੇ ਸ਼ੈਤਾਨ ਵੀ ਆ ਜਾਵੇ , ਤਾਂ ਪਰਵਾਹ ਨਹੀਂ ।

ਸ਼ੈਤਾਨ ਨੇ ਮਨ ਵਿੱਚ ਕਿਹਾ ਕਿ ਅੱਛਾ ਹਜਰਤ , ਇਹੀ ਫੈਸਲਾ ਠੀਕ । ਮੈਂ ਤੁਹਾਨੂੰ ਕਾਫ਼ੀ ਜਮੀਨ ਦੇਵਾਂਗਾ ਤੇ ਵੇਖਣਾ ਕਿ ਉਸ ਨਾਲ ਤੂੰ ਮੇਰੇ ਚੁੰਗਲ ਵਿੱਚ ਫਸਦਾ ਹੈਂ ਕਿ ਨਹੀਂ ।

ਪਿੰਡ ਦੇ ਕੋਲ ਹੀ ਜਮੀਂਦਾਰੀ ਦੀ ਮਾਲਕਨ ਦੀ ਕੋਠੀ ਸੀ । ਕੋਈ ਤਿੰਨ ਸੌ ਏਕਡ਼ ਉਸਦੀ ਜਮੀਨ ਸੀ । ਉਨ੍ਹਾਂ ਦੇ ਆਪਣੀਆਂ ਆਸਾਮੀਆਂ ਦੇ ਨਾਲ ਸੋਹਣੇ ਵਧੀਆ ਸੰਬੰਧ ਰਹੇ ਸਨ ; ਲੇਕਿਨ ਉਨ੍ਹਾਂ ਨੇ ਇੱਕ ਕਾਰਿੰਦਾ ਰੱਖਿਆ , ਜੋ ਪਹਿਲਾਂ ਫੌਜ ਵਿੱਚ ਰਿਹਾ ਸੀ । ਉਸਨੇ ਆਕੇ ਲੋਕਾਂ ਤੇ ਜੁਰਮਾਨੇ ਠੋਕਨੇ ਸ਼ੁਰੂ ਕਰ ਦਿੱਤੇ ।

ਦੀਨੇ ਦਾ ਇਹ ਹਾਲ ਸੀ ਕਿ ਉਹ ਬਹੁਤਾ ਧਿਆਨ ਰੱਖਦਾ , ਫਿਰ ਵੀ ਕਦੇ ਤਾਂ ਉਸਦਾ ਬੈਲ ਜਮੀਂਦਾਰਨ ਦੀ ਚਰੀ ਵਿੱਚ ਪਹੁੰਚ ਜਾਂਦਾ , ਕਦੇ ਗਾਂ ਬਗੀਚੀ ਵਿੱਚ ਚਰਦੀ ਫੜੀ ਜਾਂਦੀ । ਹੋਰ ਨਹੀਂ ਤਾਂ ਉਨ੍ਹਾਂ ਦੀ ਰੱਖੀ ਹੋਈ ਘਾਹ ਵਿੱਚ ਵਛੇਰੀ ਬਛੜਾ ਹੀ ਜਾ ਮੂੰਹ ਮਾਰਦੇ । ਹਰ ਵਾਰ ਦੀਨੇ ਨੂੰ ਜੁਰਮਾਨਾ ਦੇਣਾ ਪੈਂਦਾ ।ਜੁਰਮਾਨਾ ਤਾਂ ਉਹ ਦੇ ਦਿੰਦਾ , ਪਰ ਮਨ ਬਹੁਤ ਦੁਖੀ ਹੁੰਦਾ । ਉਹ ਖਿਝਦਾ ਕ੍ਰਿਝਦਾ ਘਰ ਪੁੱਜਦਾ ਅਤੇ ਆਪਣੀ ਸਾਰੀ ਚਿੜ ਘਰ ਵਿੱਚ ਉਤਾਰਦਾ । ਸਾਰਾ ਸਿਆਲ ਕਾਰਿੰਦੇ ਦੀ ਵਜ੍ਹਾ ਕਰਕੇ ਉਸਨੂੰ ਅਜਿਹਾ ਤਰਾਸ ਭੁਗਤਣਾ ਪਿਆ ।

ਅਗਲੇ ਸਿਆਲ ਵਿੱਚ ਪਿੰਡ ਵਿੱਚ ਖਬਰ ਹੋਈ ਕਿ ਮਾਲਕਨ ਆਪਣੀ ਜਮੀਨ ਵੇਚ ਰਹੀ ਹੈ ਅਤੇ ਮੁਨਸ਼ੀ ਅਕਰਮ ਅਲੀ ਨਾਲ ਸੌਦੇ ਦੀ ਗੱਲਬਾਤ ਚੱਲ ਰਹੀ ਹੈ । ਕਿਸਾਨ ਸੁਣਕੇ ਚੌਕਤਰੇ ਹੋਏ । ਉਨ੍ਹਾਂ ਨੇ ਸੋਚਿਆ ਕਿ ਮੁਨਸ਼ੀ ਜੀ ਦੀ ਜਮੀਨ ਹੋਵੇਗੀ ਤਾਂ ਉਹ ਜਮੀਂਦਾਰ ਦੇ ਕਾਰਿੰਦੇ ਤੋਂ ਵੀ ਜਿਆਦਾ ਸਖਤੀ ਕਰਨਗੇ ਅਤੇ ਜੁਰਮਾਨੇ ਲਾਉਣਗੇ ਅਤੇ ਸਾਡੀ ਤਾਂ ਗੁਜਰ ਬਸਰ ਇਸ ਜਮੀਨ ਦੇ ਸਿਰ ਤੇ ਹੈ ।

ਇਹ ਸੋਚ ਕੇ ਕਿਸਾਨ ਮਾਲਕਨ ਦੇ ਕੋਲ ਗਏ । ਕਿਹਾ ਕਿ ਮੁਨਸ਼ੀ ਜੀ ਨੂੰ ਜਮੀਨ ਨਾ ਦਿਓ । ਅਸੀ ਉਸ ਤੋਂ ਵੱਧਦੀ ਕੀਮਤ ਤੇ ਲੈਣ ਨੂੰ ਤਿਆਰ ਹਾਂ । ਮਾਲਕਨ ਰਾਜੀ ਹੋ ਗਈ ।
ਤੱਦ ਕਿਸਾਨਾਂ ਨੇ ਕੋਸ਼ਿਸ਼ ਕੀਤੀ ਕਿ ਮਿਲਕੇ ਪਿੰਡ ਦੀ ਪੰਚਾਇਤ ਵੱਲੋਂ ਉਹ ਸਭ ਜਮੀਨ ਲੈ ਲਵੇ ਤਾਂ ਕਿ ਉਹ ਸਾਰਿਆਂ ਦੀ ਬਣੀ ਰਹੇ । ਦੋ ਵਾਰ ਇਸ ਤੇ ਵਿਚਾਰ ਕਰਨ ਲਈ ਪੰਚਾਇਤ ਜੁਡ਼ੀ ਪਰ ਫੈਸਲਾ ਨਹੀਂ ਹੋ ਸਕਿਆ । ਅਸਲ ਵਿੱਚ ਇਹ ਸਭ ਸ਼ੈਤਾਨ ਦੀ ਕਰਤੂਤ ਸੀ । ਉਸਨੇ ਉਨ੍ਹਾਂ ਦੇ ਵਿੱਚ ਫੁੱਟ ਪਾ ਦਿੱਤੀ ਸੀ । ਬਸ , ਤੱਦ ਉਹ ਮਿਲਕੇ ਕਿਸੇ ਇੱਕ ਮਤ ਤੇ ਆ ਹੀ ਨਹੀਂ ਸਕੇ । ਤੈਅ ਹੋਇਆ ਕਿ ਵੱਖਵੱਖ ਕਰਕੇ ਹੀ ਉਹ ਜਮੀਨ ਲੈ ਲਈ ਜਾਵੇ । ਹਰ ਕੋਈ ਆਪਣੇ ਬੁੱਤੇ ਦੇ ਹਿਸਾਬ ਲੈ ਲਵੇ। ਮਾਲਕਨ ਪਹਿਲਾਂ ਦੀ ਤਰ੍ਹਾਂ ਇਸ ਗੱਲ ਤੇ ਵੀ ਰਾਜੀ ਹੋ ਗਈ ।

ਏਨੇ  ਵਿੱਚ ਦੀਨੇ ਨੂੰ ਪਤਾ ਲਗਿਆ ਕਿ ਇੱਕ ਗੁਆਂਢੀ ਇਕੱਠੀ ਪੰਜਾਹ ਏਕਡ਼ ਜਮੀਨ ਲੈ ਰਿਹਾ ਹੈ ਅਤੇ ਜਮੀਂਦਾਰਿਨ ਰਾਜੀ ਹੋ ਗਈ ਹੈ ਕਿ ਅੱਧਾ ਰੁਪਿਆ ਹੁਣੇ ਨਕਦ ਲੈ ਲਵੇ , ਬਾਕੀ ਸਾਲ ਭਰ ਬਾਅਦ ਚੁਕਦਾ ਹੋ ਜਾਏਗਾ । ਦੀਨੇ ਨੇ ਆਪਣੀ ਇਸਤਰੀ ਨੂੰ ਕਿਹਾ ਕਿ ਦੂਜੇ ਜਮੀਨ ਖਰੀਦ ਰਹੇ ਹਨ । ਸਾਨੂੰ ਵੀ ਵੀਹ ਤੀਹ ਏਕਡ਼ ਜਮੀਨ ਲੈ ਲੈਣੀ ਚਾਹੀਦੀ ਹੈ । ਜੀਣਾ ਤਾਂ ਉਂਜ ਹੀ ਦੁਭਰ ਹੋ ਰਿਹਾ ਹੈ ਅਤੇ ਉਹ ਕਰਿੰਦਾ ਜੁਰਮਾਨੇ ਤੇ ਜੁਰਮਾਨੇ ਠੋਕ ਕੇ ਸਾਨੂੰ ਬਰਬਾਦ ਹੀ ਕਰ ਦੇਵੇਗਾ ।

ਉਨ੍ਹਾਂ ਦੋਨਾਂ ਨੇ ਮਿਲਕੇ ਵਿਚਾਰ ਕੀਤਾ ਕਿ ਕਿਸ ਤਰਕੀਬ ਜਮੀਨ ਖਰੀਦੀ ਜਾਵੇ । ਸੌ ਕਲਦਾਰ ਤਾਂ ਉਨ੍ਹਾਂ ਦੇ ਕੋਲ ਬਚੇ ਹੋਏ ਰੱਖੇ ਸਨ । ਇੱਕ ਉਨ੍ਹਾਂ ਨੇ ਪਲਿਆ ਹੋਇਆ ਆਪਣਾ ਬਛੜਾ ਵੇਚ ਦਿੱਤਾ । ਕੁੱਝ ਮਾਲ ਗਹਿਣੇ ਰੱਖਿਆ । ਆਪਣੇ ਵੱਡੇ ਬੇਟੇ ਨੂੰ ਮਜਦੂਰੀ ਤੇ ਚੜਾਕੇ ਉਸਦੀ ਨੌਕਰੀ ਦੇ ਬਦਲੇ ਕੁੱਝ ਰੁਪਿਆ ਪੇਸ਼ਗੀ ਲੈ ਲਿਆ । ਬਾਕੀ ਰਹਿੰਦਾ ਆਪਣੀ ਘਰਵਾਲੀ ਦੇ ਭਾਈ ਤੋਂ ਉਧਾਰ ਲੈ ਲਿਆ । ਇਸ ਤਰ੍ਹਾਂ ਕੋਈ ਅੱਧੀ ਰਕਮ ਉਨ੍ਹਾਂ ਨੇ ਇਕੱਠੀ ਕਰ ਲਈ ।
ਕਰ ਕਰਾਕੇ ਦੀਨੇ ਨੇ ਇੱਕ ਚਾਲ੍ਹੀ ਏਕਡ਼ ਜਮੀਨ ਦਾ ਟੁਕੜਾ ਪਸੰਦ ਕੀਤਾ , ਜਿਸ ਦੇ ਕੁੱਝ ਹਿੱਸੇ ਵਿੱਚ ਦਰਖਤ ਵੀ ਖੜੇ ਸਨ । ਮਾਲਕਨ ਦੇ ਕੋਲ ਉਸਦਾ ਸੌਦਾ ਕਰਨ ਅੱਪੜਿਆ । ਸੌਦਾ ਸਿਰੇ ਚੜ੍ਹ ਗਿਆ ਤੇ ਮੌਕੇ ਤੇ ਹੀ ਉਸਨੇ ਸਾਈ ਵੀ ਦੇ ਦਿੱਤੀ । ਫਿਰ ਕਸਬੇ ਵਿੱਚ ਜਾਕੇ ਲਿਖਾਪੜ੍ਹੀ ਪੱਕੀ ਕਰ ਲਈ ।
ਹੁਣ ਦੀਨੇ ਦੇ ਕੋਲ ਆਪਣੀ ਨਿਜੀ ਜਮੀਨ ਸੀ । ਉਸਨੇ ਬੀਜ ਖਰੀਦਿਆ ਅਤੇ ਆਪਣੀ ਜਮੀਨ ਤੇ ਬੀਜਿਆ , ਇਸ ਤਰ੍ਹਾਂ ਉਹ ਹੁਣ ਆਪ ਜਮੀਂਦਾਰ ਹੋ ਗਿਆ ।
ਇਸ ਤਰ੍ਹਾਂ ਦੀਨਾ ਕਾਫ਼ੀ ਖੁਸ਼ਹਾਲ ਹੋ ਗਿਆ ਸੀ । ਉਸਦੇ ਸੰਤੋਖ ਵਿੱਚ ਕੋਈ ਕਮੀ ਨਹੀਂ ਸੀ ਰਹਿਣੀ ਜੇਕਰ ਬਸ ਗੁਆਂਢੀਆਂ ਵੱਲੋਂ ਉਸਨੂੰ ਪੂਰਾ ਚੈਨ ਮਿਲ ਜਾਂਦਾ ।ਕਦੇ ਕਦੇ ਉਸ ਦੇ ਖੇਤਾਂ ਵਿੱਚ ਗੁਆਂਢੀਆਂ ਦੇ ਮਵੇਸ਼ੀ ਆ ਚਰਦੇ । ਦੀਨੇ ਨੇ ਬਹੁਤ ਬੇਨਤੀਆਂ ਕੀਤੀਆਂ ,ਪਿਆਰ ਨਾਲ ਸਮਝਾਇਆ , ਲੇਕਿਨ ਕੋਈ ਫਰਕ ਨਹੀਂ ਪਿਆ । ਉਸਦੇ ਬਾਅਦ ਹੋਰ ਤਾਂ ਹੋਰ , ਅਹੀਰ ਛੋਕਰੇ ਪਿੰਡ ਦੀਆਂ ਗਊਆਂ ਨੂੰ ਦਿਨਦਿਹਾੜੇ ਉਸਦੀ ਜਮੀਨ ਵਿੱਚ ਛਡਣ ਲੱਗ ਪਏ । ਰਾਤ ਨੂੰ ਬੈਲ ਖੇਤਾਂ ਦਾ ਨੁਕਸਾਨ ਕਰਦੇ । ਦੀਨੇ ਨੇ ਉਨ੍ਹਾਂ ਨੂੰ ਵਾਰਵਾਰ ਨਿਕਲਵਾਇਆ ਅਤੇ ਵਾਰਵਾਰ ਉਸਨੇ ਉਨ੍ਹਾਂ ਦੇ ਮਾਲਿਕਾਂ ਨੂੰ ਮਾਫ ਕੀਤਾ । ਇੱਕ ਅਰਸੇ ਤੱਕ ਉਹਨੇ ਸਬਰ ਰੱਖਿਆ ਅਤੇ ਕਿਸੇ ਦੇ ਖਿਲਾਫ ਕਾਰਵਾਈ ਨਹੀਂ ਕੀਤੀ । ਲੇਕਿਨ ਕਦੋਂ ਤੱਕ ? ਅਖੀਰ ਉਸਦਾ ਸਬਰ ਮੁੱਕ  ਗਿਆ ਅਤੇ ਉਸਨੇ ਅਦਾਲਤ ਵਿੱਚ ਦਰਖਾਸਤ ਦਿੱਤੀ ।ਮਨ ਵਿੱਚ ਜਾਣਦਾ ਤਾਂ ਸੀ ਕਿ ਮੁਸੀਬਤ ਦੀ ਵਜ੍ਹਾ ਅਸਲੀ ਇਹ ਹੈ ਕਿ ਹੋਰਨਾਂ ਲੋਕਾਂ ਕੋਲ ਜਮੀਨ ਦੀ ਕਮੀ ਹੈ , ਜਾਣ ਬੁੱਝਕੇ ਦੀਨੇ ਨੂੰ ਪਰੇਸ਼ਾਨ ਕਰਨ  ਦੀ ਮੰਸ਼ਾ ਕਿਸੇ ਦੀ ਨਹੀਂ ਸੀ। ਲੇਕਿਨ ਉਸਨੇ ਸੋਚਿਆ ਕਿ ਇਸ ਤਰ੍ਹਾਂ ਮੈਂ ਨਰਮਾਈ ਦਿਖਾਂਦਾ ਜਾਵਾਂਗਾ , ਤਾਂ ਉਹਨਾਂ ਲੋਕਾ ਨੂੰ ਸ਼ਹਿ ਮਿਲਦੀ ਜਾਏਗੀ ਅਤੇ ਮੇਰੇ ਕੋਲ ਜੋ ਹੈ ਉਹ ਸਭ ਬਰਬਾਦ ਕਰ ਦੇਣਗੇ । ਨਹੀਂ,ਉਨ੍ਹਾਂ ਨੂੰ ਸਬਕ ਸਿਖਾਉਣਾ ਚਾਹੀਦਾ ਹੈ ।

ਸੋ ਉਸਨੇ ਠਾਨ ਲਈ । ਇੱਕ ਸਬਕ ਦਿੱਤਾ , ਦੂਜਾ ਦਿੱਤਾ । ਨਤੀਜਾ ਇਹ ਕਿ ਦੋਤਿੰਨ ਕਿਸਾਨਾਂ ਨੂੰ ਅਦਾਲਤ ਨੇ ਜੁਰਮਾਨਾ ਕਰ ਦਿੱਤਾ । ਬਸ ਫਿਰ ਕੀ  ਆਂਢਗੁਆਂਢ ਦੇ ਲੋਕ ਦੀਨੇ ਨਾਲ ਖੁੰਦਕ ਰੱਖਣ ਲੱਗ ਪਏ । ਹੁਣ ਕਦੇਕਦੇ ਜਾਣ ਬੁੱਝ ਕੇ ਵੀ ਤੰਗ ਕਰਨ ਲਈ ਆਪਣੇ ਮਵੇਸ਼ੀ ਉਸਦੇ ਖੇਤਾਂ ਵਿੱਚ ਛੱਡ ਦਿੰਦੇ । ਇੱਕ ਆਦਮੀ ਗਿਆ ਅਤੇ ਉਸਨੂੰ ਲੋੜ ਜੇਕਰ ਘਰ ਵਿੱਚ ਬਾਲਣ ਦੀ ਸੀ , ਤਾਂ ਉਸਨੇ ਰਾਤ ਨੂੰ ਜਾਣ ਕੇ ਪੂਰੇ ਸੱਤ ਟਾਹਲੀ ਦੇ ਦਰਖਤ ਕੱਟ ਗਿਰਾਏ । ਦੀਨੇ ਨੇ ਸਵੇਰੇ ਘੁੰਮਦੇ ਹੋਏ ਵੇਖਿਆ ਕਿ ਦਰਖਤ ਕੱਟੇ ਪਏ ਹਨ । ਉਹ ਧਰਤੀ ਤੇ ਲੰਮੇ  ਪਏ ਹਨ ਅਤੇ ਉਨ੍ਹਾਂ ਦੀ ਜਗ੍ਹਾ ਖੜੇ ਡੁੰਡ ਜਾਣੋ ਦੀਨੇ ਨੂੰ ਚਿੜ੍ਹਾ ਰਹੇ ਹੋਣ। ਵੇਖਕੇ ਉਹਨੂੰ ਤੈਸ਼ ਆ ਗਿਆ ।
ਉਸਨੇ ਸੋਚਿਆ ਕਿ ਜੇਕਰ ਦੁਸ਼ਟ ਨੇ ਇੱਕ ਦਰਖਤ ਏਥੋਂ ਤੇ ਦੂਜਾ ਪਰਾਂ ਤੋਂ ਕੱਟਿਆ ਹੁੰਦਾ ਤਾਂ ਵੀ ਗਨੀਮਤ ਸੀ । ਲੇਕਿਨ ਕਮਬਖਤ ਨੇ ਆਸਪਾਸ ਦੇ ਸਭ ਦਰਖਤ ਕੱਟ ਕੇ ਬਾਗ ਹੀ ਉਜਾੜ ਦਿੱਤਾ । ਪਤਾ ਲੱਗੇ ਤਾਂ ਖਬਰ ਲਏ ਬਿਨਾਂ ਨਹੀਂ ਛਡੂੰਗਾ । ਉਸਨੇ ਇਹ ਜਾਣਨ ਲਈ ਸਿਰ ਖੁਰਕਿਆ ਕਿ ਇਹ ਕਰਤੂਤ ਕਿਸਦੀ ਹੋ ਸਕਦੀ ਹੈ । ਅਖੀਰ ਤੈਅ ਕੀਤਾ ਕਿ ਹੋਨਾਹੋ , ਇਹ ਧੁੰਨੂ ਹੋਵੇਗਾ । ਹੋਰ ਕੋਈ ਅਜਿਹਾ ਨਹੀਂ ਕਰ ਸਕਦਾ । ਇਹ ਸੋਚ ਕੇ ਉਹ ਧੁੰਨੂ ਦੀ ਤਰਫ ਗਿਆ ਕਿ ਸ਼ਾਇਦ ਕੋਈ ਸਬੂਤ  ਮਿਲ ਜਾਵੇ , ਲੇਕਿਨ ਓਥੇ ਚੋਰੀ ਦਾ ਕੋਈ ਸਬੂਤ  ਨਹੀਂ ਮਿਲਿਆ ਅਤੇ ਆਪਸ ਵਿੱਚ ਬੋਲ ਬੁਲਾਰੇ ਅਤੇ ਵਧੋ ਵਧੀ ਦੇ ਸਿਵਾ ਕੁੱਝ ਨਤੀਜਾ ਨਾ ਨਿਕਲਿਆ । ਤਾਂ ਵੀ ਉਸਨੂੰ ਮਨ ਵਿੱਚ ਪੱਕਾ ਵਿਸ਼ਵਾਸ ਹੋ ਗਿਆ ਕਿ ਧੁੰਨੂ ਨੇ ਹੀ ਇਹ ਕੰਮ ਕੀਤਾ ਹੈ ਅਤੇ ਜਾਕੇ ਰਪਟ ਲਿਖਾ ਦਿੱਤੀ । ਧੁੰਨੂ ਦੀ ਪੇਸ਼ੀ ਹੋਈ , ਮਾਮਲਾ ਚੱਲਿਆ । ਇੱਕ ਅਦਾਲਤ ਤੋਂ ਦੂਜੀ ਅਦਾਲਤ ਹੋਈ । ਅਖੀਰ ਵਿੱਚ ਧੁੰਨੂ ਬਰੀ ਹੋ ਗਿਆ , ਕਿਉਂਕਿ ਕੋਈ ਸਬੂਤ ਅਤੇ ਗਵਾਹ ਹੀ ਨਹੀਂ ਸਨ । ਦੀਨਾ ਇਸ ਗੱਲ ਤੇ ਹੋਰ ਵੀ ਝੱਲਿਆ ਉਠਾ ਅਤੇ ਆਪਣਾ ਗੁੱਸਾ ਮਜਿਸਟਰੇਟ ਤੇ ਉਤਾਰਨ ਲੱਗਾ ।
ਇਸ ਤਰ੍ਹਾਂ ਦੀਨੇ ਦਾ ਆਪਣੇ ਗੁਆਂਢੀਂਆਂ ਅਤੇ ਅਫਸਰਾਂ ਨਾਲ ਮਨ ਮੁਟਾਓ ਵਧਣ ਲੱਗਾ , ਇਥੋਂ ਤਕ ਕਿ ਉਸਨੂੰ ਘਰ ਨੂੰ ਵੀ ਅੱਗ ਲਗਾਉਣ ਦੀਆਂ ਗੱਲਾਂ ਵੀ ਸੁਣਨ ਵਿੱਚ ਆਉਣ ਲੱਗੀਆਂ । ਹਾਲਾਂਕਿ ਦੀਨੇ ਦੇ ਕੋਲ ਹੁਣ ਜਮੀਨ ਜਿਆਦਾ ਸੀ ਅਤੇ ਜਮੀਂਦਾਰਾਂ ਵਿੱਚ ਉਸ ਦੀ ਗਿਣਤੀ ਸੀ , ਪਰ ਪਿੰਡ ਵਿੱਚ ਅਤੇ ਪੰਚਾਂ ਵਿੱਚ ਉਸਦਾ ਪਹਿਲਾਂ ਵਰਗਾ ਇੱਜਤ ਮਾਣ ਨਹੀਂ ਰਹਿ ਗਿਆ ਸੀ ।
ਇਸੇ ਦੌਰਾਨ ਅਫਵਾਹ ਉੜੀ ਕਿ ਕੁੱਝ ਲੋਕ ਪਿੰਡ ਛੱਡਛੱਡਾ ਕੇ ਕਿਤੇ ਜਾ ਰਹੇ ਹਨ ।
ਦੀਨੇ ਨੇ ਸੋਚਿਆ ਕਿ ਮੈਨੂੰ ਤਾਂ ਆਪਣੀ ਜਮੀਨ ਛੱਡਣ ਦੀ ਲੋੜ ਹੈ ਹੀ ਨਹੀਂ । ਲੇਕਿਨ ਹੋਰ ਕੁੱਝ ਲੋਕ ਜੇਕਰ ਪਿੰਡ ਛੱਡਣ ਤਾਂ ਮੈਂ ਵੀ ਚਲਾਂ , ਪਿੰਡ ਵਿੱਚ ਭੀੜ ਹੀ ਘੱਟ ਹੋਵੇਗੀ । ਮੈਂ ਉਨ੍ਹਾਂ ਦੀ ਜਮੀਨ ਆਪ ਲੈ ਲਵਾਂਗਾ । ਤੱਦ ਜਿਆਦਾ ਠੀਕ ਰਹੇਗਾ । ਹੁਣ ਤਾਂ ਜਮੀਨ ਦੀ ਕੁੱਝ ਤੰਗੀ ਮਹਿਸੂਸ ਹੁੰਦੀ ਹੈ ।

ਇੱਕ ਦਿਨ ਦੀਨਾ ਘਰ ਦੇ ਦੁਆਸਮੇ ਵਿੱਚ ਬੈਠਾ ਹੋਇਆ ਸੀ ਕਿ ਇੱਕ ਪਰਦੇਸੀ ਕਿਸਾਨ ਉੱਧਰ ਤੋਂ ਗੁਜਰਦਾ ਹੋਇਆ ਉਸਦੇ ਘਰ ਉਤਰਿਆ । ਉਹ   ਰਾਤ ਠਹਰਿਆ ਅਤੇ ਖਾਣੇ ਤੋਂ ਬਾਅਦ ਗੱਲਬਾਤ ਚਲੀ  ਕਿ ਭਰਾ , ਕਿੱਥੋ ਆ ਰਹੇ ਹੋ ? ਉਸਨੇ ਕਿਹਾ  ਸਤਲੁਜ ਪਾਰੋਂ ਆ ਰਿਹਾ ਹਾਂ । ਓਥੇ ਬਹੁਤ ਕੰਮ ਹੈ । ਫਿਰ ਗੱਲ ਵਿੱਚੋਂ  ਗੱਲ ਨਿਕਲੀ ਅਤੇ ਆਦਮੀ ਨੇ ਦੱਸਿਆ ਕਿ ਉਧਰ ਜਮੀਨ ਆਬਾਦ ਹੋ ਰਹੀ ਹੈ । ਉਸਦੇ  ਆਪਣੇ ਪਿੰਡ ਦੇ ਕਈ ਹੋਰ ਲੋਕ ਓਥੇ ਗਾਏ ਹਨ । ਉਹਨਾਂ ਨੇ ਸੋਸਾਇਟੀ ਬਣਾ ਲਈ ਹੈ ਅਤੇ ਹਰੇਕ ਨੂੰ ਵੀਹ ਏਕਡ਼ ਜਮੀਨ ਮੁਫਤ ਮਿਲੀ ਹੈ । ਜਮੀਨ ਵੀ ਅਜਿਹੀ ਤਕੜੀ  ਹੈ ਕਿ ਉਸ ਤੇ ਕਣਕ ਦੀ ਪਹਿਲੀ ਫਸਲ ਲੋਹੜੇ ਦੀ ਮੱਲੀ ਤੇ ਬੱਲੀਆਂ ਗਿਠ ਗਿਠ ਲੰਮੀਆਂ ਅਤੇ ਫੈੜ੍ਹ ਏਨਾ ਕਿ ਦਾਤੀ ਦੇ ਇੱਕ ਕੱਟ ਨਾਲ  ਰੁੱਗ ਪੂਰਾ । ਇੱਕ ਆਦਮੀ ਦੇ ਕੋਲ ਖਾਣ ਨੂੰ ਦਾਣੇ ਨਹੀਂ ਸਨ । ਖਾਲੀ ਹੱਥ ਓਥੇ ਅੱਪੜਿਆ । ਹੁਣ ਉਸਦੇ ਕੋਲ ਦੋ ਗਾਵਾਂ, ਛੇ ਬੈਲ ਅਤੇ ਦਾਣਿਆਂ ਨਾਲ ਭਰੇ ਭੜੋਲੇ ਵੱਖ ।

ਦੀਨੇ  ਦੇ ਮਨ ਵਿੱਚ ਵੀ ਇੱਛਾ ਪੈਦਾ ਹੋਈ । ਉਸਨੇ ਸੋਚਿਆ ਕਿ ਮੈਂ ਇੱਥੇ ਤੰਗ ਤੁਰਸ ਜਿਹੀ ਜਗ੍ਹਾ ਵਿੱਚ ਪਿਆ ਕੀ ਕਰ ਰਿਹਾ ਹਾਂ , ਜਦੋਂ ਕਿ ਦੂਜੀ ਜਗ੍ਹਾ ਮੌਕਾ ਖੁੱਲ੍ਹਮ ਖੁੱਲ੍ਹਾ ਪਿਆ ਹੈ । ਇੱਥੇ ਦੀ ਜਮੀਨ , ਘਰ ਵਾਰ ਵੇਚ ਬਾਚਕਰ ਨਗਦੀ ਬਣਾ ਉਥੇ ਹੀ ਕਿਉਂ ਚਲਿਆ ਜਾਵਾਂ ਅਤੇ ਨਵੇਂ ਸਿਰਿਓਂ ਸ਼ੁਰੂ ਕਰਕੇ ਦੇਖਾਂ? ਇੱਥੇ ਲੋਕਾਂ ਦੀ ਗਿਚਪਿਤ ਹੋਈ ਜਾਂਦੀ ਹੈ । ਉਸ ਨਾਲ  ਮੁਸ਼ਕਿਲ ਹੁੰਦੀ ਹੈ ਅਤੇ ਤਰੱਕੀ ਰੁਕਦੀ ਹੈ , ਲੇਕਿਨ ਪਹਿਲਾਂ ਆਪਣੇ ਆਪ ਜਾਕੇ ਪਤਾ ਕਰ ਆਉਣਾ ਚਾਹੀਦਾ ਹੈ ਕਿ ਕੀ ਗੱਲ ਹੈ ਸੋ ਵਰਖਾ ਦੇ ਬਾਅਦ ਤਿਆਰੀ ਕਰਕੇ  ਉਹ ਚੱਲ ਪਿਆ । ਪਹਿਲਾਂ ਰੇਲ ਵਿੱਚ ਗਿਆ । ਫਿਰ ਸੈਕੜੋਂ ਮੀਲ ਬੈਲ ਗੱਡੀ  ਤੇ ਅਤੇ ਪੈਦਲ ਸਫਰ ਕਰਦਾ ਹੋਇਆ ਸਤਲੁਜ ਨਦੀ ਦੇ ਪਾਰ ਵਾਲੀ ਜਗ੍ਹਾ ਤੇ ਅੱਪੜਿਆ । ਓਥੇ ਵੇਖਿਆ ਕਿ ਜੋ ਉਸ ਆਦਮੀ ਨੇ ਕਿਹਾ ਸੀ , ਸਭ ਸੱਚ ਹੈ । ਸਭ ਦੇ ਕੋਲ ਖੂਬ ਜਮੀਨ ਹੈ । ਹਰੇਕ ਨੂੰ ਸਰਕਾਰ  ਵੱਲੋਂ ਵੀਹਵੀਹ ਏਕਡ਼ ਜਮੀਨ ਮਿਲੀ ਹੋਈ ਹੈ , ਜਾਂ ਜੋ ਚਾਹੇ ਖਰੀਦ ਸਕਦਾ ਹੈ । ਹੋਰ ਖੂਬੀ ਇਹ ਕਿ ਕੌਡੀਆਂ ਦੇ ਮੁੱਲ  ਜਿੰਨੀ ਚਾਹੇ , ਜਮੀਨ ਹੋਰ ਵੀ ਲੈ ਸਕਦਾ ਹੈ ।

ਸਭ ਜਰੂਰੀ ਗੱਲਾਂ ਪਤਾ ਕਰਕੇ ਦੀਨਾ ਸਿਆਲ ਤੋਂ ਪਹਿਲਾਂਪਹਿਲ ਘਰ ਪਰਤ ਆਇਆ । ਆਕੇ ਦੇਸ਼ਛੱਡਣ ਦੀ ਗੱਲ ਸੋਚਣ ਲੱਗਾ । ਉਸਦੀ ਸਾਰੀ ਜਮੀਨ ਸੋਹਣੇ ਭਾ ਵਿਕ ਗਈ । ਘਰ ਮਕਾਨ , ਮਵੇਸ਼ੀ ਡੰਗਰ ਸਭ ਦੀ ਨਗਦੀ ਬਣਾ ਲਈ ਅਤੇ ਪੰਚਾਇਤ ਤੋਂ ਅਸਤੀਫਾ ਦੇ ਦਿੱਤਾ ਅਤੇ ਸਾਰੇ ਟੱਬਰ  ਨੂੰ ਨਾਲ ਲੈ ਸਤਲੁਜ ਨਦੀਪਾਰ ਲਈ ਰਵਾਨਾ ਹੋ ਗਿਆ ।ਬਾਰ ਦੇ ਇਲਾਕੇ ਦੇ ਇੱਕ ਪਿੰਡ ਪਹੁੰਚਦਿਆਂ ਹੀ ਪਿੰਡ ਦੀ ਪੰਚਾਇਤ ਵਿੱਚ ਸ਼ਾਮਿਲ ਹੋਣ ਦੀ ਅਰਜੀ ਦਿੱਤੀ । ਮੈਂਬਰਾਂ ਦੀ ਉਸਨੇ ਖੂਬ ਖਾਤਰ ਸੇਵਾ ਕੀਤੀ ਅਤੇ ਦਾਹਵਤਾਂ  ਦਿੱਤੀਆਂ । ਜਮੀਨ ਦਾ ਪਟਾ ਉਸਨੂੰ ਸਹਿਜੇ ਹੀ  ਮਿਲ ਗਿਆ । ਮਿਲੀ ਜੁਲੀ ਜਮੀਨ ਵਿੱਚੋਂ ਉਸਨੂੰ ਅਤੇ ਉਸਦੇ ਬਾਲ ਬੱਚਿਆਂ ਦੇ ਇਸਤੇਮਾਲ ਲਈ ਪੰਜ ਹਿੱਸੇ ਯਾਨੀ ਸੌ ਏਕਡ਼ ਜਮੀਨ ਉਹਨੂੰ ਮਿਲ ਗਈ । ਉਹ ਸਭ ਇਕੱਠੀ ਨਹੀਂ ਸੀ , ਕਈ ਜਗ੍ਹਾ ਟੁਕੜੇ ਸਨ । ਇਲਾਵਾ ਇਸਦੇ ਪੰਚਾਇਤੀ ਚਰਾਗਾਹ ਵੀ ਉਸਦੇ ਲਈ ਖੁੱਲ੍ਹਮ ਖੁੱਲ੍ਹਾ ਕਰ ਦਿੱਤਾ ਗਿਆ । ਦੀਨੇ ਨੇ ਜਰੂਰੀ ਕੋਠਾ ਛੱਤ ਲਿਆ,ਹਲ ਪੰਜਾਲੀ ਬਣਾ ਲਈ  ਅਤੇ ਡੰਗਰ ਵਛਾ ਖਰੀਦ ਲਿਆ । ਸ਼ਾਮਲਾਤ ਜਮੀਨ ਵਿੱਚੋਂ ਹੀ ਹੁਣ ਉਹਨਾਂ ਨੂੰ ਏਨਾ ਮਿਲ ਗਿਆ ਸੀ ਕਿ ਪਹਿਲਾਂ ਤੋਂ ਤਿਗੁਣੀ ਜਮੀਨ ਹੋ ਗਈ ਅਤੇ ਉਹ ਵੀ ਲੋਹੜੇ ਦੀ ਉਪਜਾਊ । ਉਹ ਪਹਿਲਾਂ ਤੋਂ ਕਈ ਗੁਣਾ ਖੁਸ਼ਹਾਲ ਹੋ ਗਿਆ । ਉਸ ਕੋਲ ਚਰਾਈ ਲਈ ਖੁੱਲ੍ਹਮ ਖੁੱਲ੍ਹਾ ਮੈਦਾਨਦਾਮੈਦਾਨ ਪਿਆ ਸੀ ਅਤੇ ਜਿੰਨੇ ਚਾਹੇ ਉਹ ਪਸ਼ੂ ਰੱਖ ਸਕਦਾ ਸੀ ।

ਪਹਿਲਾਂ ਤਾਂ ਉਥੇ ਪੈਰ ਲਾਉਣ ਅਤੇ ਘਰ ਕੋਠਾ ਬਣਾਉਣ ਵਿੱਚ ਉਹਦਾ ਖੂਬ ਮਨ ਰਚਿਆ ਰਿਹਾ । ਉਹਦਾ ਮਨ  ਖੁਸ਼ ਸੀ ਅਤੇ ਉਸਨੂੰ ਗਰਵ ਮਹਿਸੂਸ ਹੁੰਦਾ ਸੀ । ਤੇ ਜਦੋਂ ਉਹ ਇਸ ਖੁਸ਼ਹਾਲੀ ਦਾ ਆਦੀ ਹੋ ਗਿਆ ਤਾਂ ਉਸਨੂੰ ਲੱਗਣ ਲੱਗਾ ਕਿ ਇੱਥੇ ਵੀ ਜਮੀਨ ਕਾਫ਼ੀ ਨਹੀਂ ਹੈ ; ਹੋਰ ਅੱਗੇ ਜੰਗਲ ਵੱਲ ਹੁੰਦੀ ਤਾਂ ਅੱਛਾ ਸੀ । ਪਹਿਲਾਂ ਸਾਲ ਉਸਨੇ ਕਣਕ ਬੀਜੀ ਤਾਂ ਜਮੀਨ ਨੇ ਚੰਗੀ ਫਸਲ ਦਿੱਤੀ । ਉਹ ਫਿਰ ਕਣਕ ਹੀ ਬੀਜਦੇ ਰਹਿਣਾ ਚਾਹੁੰਦਾ ਸੀ , ਤੇ ਏਸ ਲਈ ਏਨੀ ਕੁ ਜਮੀਨ ਕਾਫ਼ੀ ਨਹੀਂ ਸੀ । ਜਿਥੇ  ਇੱਕ ਵਾਰ ਕਣਕ ਦੀ ਫਸਲ ਲੈ ਲਈ , ਉਥੋਂ  ਅਗਲੀ ਵਾਰ ਓਨਾ ਝਾੜ ਨਹੀਂ ਨਿਕਲਦਾ  ਸੀ । ਤੀਸਰੇ ਸਾਲ ਤਾਂ ਆਸ ਹੀ ਨਹੀਂ ਸੀ ਰਹਿੰਦੀ , ਸੋ ਜਰੂਰੀ ਹੁੰਦਾ ਸੀ ਕਿ ਧਰਤੀ ਨੂੰ ਆਰਾਮ ਦਿੱਤਾ ਜਾਵੇ ।ਹੋਰ ਵੀ ਬਹੁਤ ਸਾਰੇ ਲੋਕ  ਜਮੀਨ ਜਮੀਨ ਦੀ ਕਿੱਲਤ ਮਹਿਸੂਸ ਕਰਨ ਲੱਗ ਪਏ ਸਨ , ਲੇਕਿਨ ਸਭ ਦੇ ਲਈ ਆਉਂਦੀ ਕਿਥੋਂ ? ਜਮੀਨ ਦੀ ਭੁੱਖ ਵਧਦੀ ਜਾਂਦੀ ਸੀ। ਜੋ ਮਾਲਦਾਰ ਸਨ , ਉਹ ਕਣਕ ਉਗਾਉਣ ਲਈ ਹੋਰ ਜਮੀਨ ਚਾਹੁੰਦੇ ਸਨ । ਜੋ ਗਰੀਬ ਸਨ , ਉਹ ਤਾਂ ਆਪਣੀ ਜਮੀਨ ਤੋਂ ਜਿਵੇਂ ਤਿਵੇਂ ਪੈਸਾ ਵਸੂਲ ਕਰਣਾ ਚਾਹੁੰਦੇ ਸਨ , ਤਾਂ ਕਿ ਮਾਲੀਆ  ਵਗੈਰਾ ਤਾਰ  ਸਕਣ । ਦੀਨਾ ਹੋਰ ਕਣਕ ਬੀਜਣਾ ਚਾਹੁੰਦਾ ਸੀ । ਇਸ ਲਈ ਇੱਕ ਸਾਲ ਲਈ ਉਸਨੇ ਠੇਕੇ  ਤੇ ਹੋਰ ਜਮੀਨ ਲੈ ਲਈ । ਖੂਬ ਕਣਕ ਬੀਜੀ ਅਤੇ  ਫਸਲ ਵੀ ਖੂਬ ਹੋਈ । ਲੇਕਿਨ ਜਮੀਨ ਪਿੰਡ ਤੋਂ ਦੂਰ ਪੈਂਦੀ ਸੀ ਅਤੇ ਦਾਣਾ ਫੱਕਾ ਤੇ ਤੂੜੀ ਟਾਂਡੇ ਮੀਲਾਂ ਦੂਰੋਂ ਗੱਡੇ  ਭਰਭਰਕੇ ਢੋਹਣੇ ਪੈਂਦੇ  ਸੀ । ਕੁੱਝ ਦਿਨਾਂ ਬਾਅਦ ਦੀਨੇ  ਨੇ ਵੇਖਿਆ ਕਿ ਕੁੱਝ ਵੱਡੇਵੱਡੇ ਲੋਕ ਫਾਰਮ ਹਾਊਸਾਂ ਵਿੱਚ  ਰਹਿੰਦੇ ਸਨ  ਅਤੇ ਉਹ ਖੂਬ ਪੈਸਾ ਕਮਾ ਰਹੇ ਸਨ  । ਉਸਨੇ ਸੋਚਿਆ ਕਿ ਅਗਰ ਮੈਂ ਵੀ ਇਕੱਠੀ ਕਾਇਮੀ ਜਮੀਨ ਲੈ ਲਵਾਂ ਅਤੇ ਉਥੇ ਹੀ ਘਰ ਬਸਾ ਕੇ ਰਹਾਂ ਤਾਂ ਗੱਲ ਹੀ ਹੋਰ  ਹੋ ਜਾਵੇ ।

ਇਸ ਤਰ੍ਹਾਂ ਇਕੱਠੀ ਅਤੇ  ਕਾਇਮੀ ਜਮੀਨ ਖਰੀਦਣ ਦਾ ਸਵਾਲ ਵਾਰਵਾਰ ਉਸਦੇ ਮਨ ਵਿੱਚ ਉੱਠਣ ਲੱਗਾ ।

ਤਿੰਨ ਸਾਲ ਇਸ ਤਰ੍ਹਾਂ ਨਿਕਲ ਗਏ । ਦੀਨਾ  ਜਮੀਨ ਕਿਰਾਏ ਤੇ ਲੈਂਦਾ ਅਤੇ ਕਣਕ ਬੀਜ ਛੱਡਦਾ । ਮੌਸਮ ਠੀਕ ਗਏ , ਝਾੜ  ਸੋਹਣਾ ਨਿਕਲਿਆ  ਅਤੇ ਉਸ ਕੋਲ ਮਾਲ ਜਮ੍ਹਾ ਹੋਣ ਲੱਗਾ । ਉਹ ਇਸੇ ਤਰ੍ਹਾਂ ਸਬਰ ਨਾਲ ਵਧਦਾ ਜਾ ਸਕਦਾ ਸੀ , ਲੇਕਿਨ ਹਰ ਸਾਲ ਅਤੇ ਲੋਕਾਂ ਤੋਂ ਜਮੀਨ ਕਿਰਾਏ ਤੇ ਲੈਣ ਅਤੇ ਉਸਦੇ ਲਈ ਭੱਜ ਦੌੜ  ਅਤੇ ਸਿਰਦਰਦੀ ਕਾਰਨ  ਉਹ ਅੱਕ ਥੱਕ ਗਿਆ ਸੀ । ਜਿੱਥੇ ਜਮੀਨ ਚੰਗੀ ਹੁੰਦੀ , ਉਥੇ ਹੀ ਲੈਣ ਵਾਲੇ ਦੌੜ  ਪੈਂਦੇ । ਜੇ ਬੰਦਾ ਬਹੁਤ ਚੌਕਸ ਚੌਕੰਨਾ  ਅਤੇ  ਹੋਸ਼ਿਆਰ ਨਾ ਹੁੰਦਾ ਤਾਂ ਜਮੀਨ ਮਿਲਣਾ ਅਸੰਭਵ ਹੁੰਦਾ ਸੀ । ਇਹ ਬੜੀ ਪਰੇਸ਼ਾਨੀ ਭਰੀ ਗੱਲ ਸੀ । ਇਸ ਤਰ੍ਹਾਂ ਤੀਸਰੇ ਸਾਲ ਅਜਿਹਾ ਹੋਇਆ ਕਿ ਦੀਨੇ  ਨੇ ਇੱਕ ਮਹਾਜਨ ਨਾਲ ਮਿਲ ਕੇ  ਕੁੱਝ ਕਾਸ਼ਤਕਾਰਾਂ ਤੋਂ  ਜਮੀਨ ਠੇਕੇ  ਤੇ ਲੈ ਲਈ । ਜਮੀਨ ਵਾਹ ਸੁਹਾਗ  ਕੇ ਤਿਆਰ ਹੋ ਚੁੱਕੀ ਸੀ ਕਿ ਕੁੱਝ ਆਪਸ ਵਿੱਚ ਕਸ਼ਮਕਸ਼  ਹੋ ਗਈ ਅਤੇ ਮਾਮਲਾ ਕੋਟ ਕਚਹਿਰੀ ਤੱਕ ਪਹੁੰਚ ਗਿਆ । ਅਦਾਲਤ ਵਿੱਚ ਮਾਮਲਾ ਹੋਰ ਵਿਗੜ ਗਿਆ ਅਤੇ ਕੀਤੀਕਰਾਈ ਮਿਹਨਤ ਭੰਗ ਦੇ ਭਾਣੇ  ਚਲੀ  ਗਈ ।

ਦੀਨੇ  ਨੇ ਸੋਚਿਆ ਕਿ ਜੇਕਰ ਕਿਤੇ ਜਮੀਨ ਮੇਰੀ ਕਾਇਮੀ ਮਲਕੀਅਤ ਦੀ ਹੁੰਦੀ ਤਾਂ ਮੈਂ ਆਜ਼ਾਦ ਹੁੰਦਾ ਅਤੇ ਕਿਉਂ ਇਹ ਪਰਪੰਚ ਬਣਦਾ ਹੋਰ ਬਖੇੜ ਵਧਦਾ ?

ਉਸ ਦਿਨ ਤੋਂ ਉਹ ਜਮੀਨ ਲਈ ਨਜ਼ਰ ਰੱਖਣ ਲੱਗਾ । ਅਖੀਰ ਇੱਕ ਕਿਸਾਨ ਮਿਲਿਆ , ਜਿਹਨੇ ਇੱਕ ਹਜਾਰ ਘੁਮਾਂ ਜਮੀਨ ਖਰੀਦੀ ਸੀ , ਲੇਕਿਨ ਬਾਅਦ ਵਿੱਚ  ਉਸਦੀ ਹਾਲਤ ਸੰਭਲ ਨਹੀਂ ਸਕੀ । ਹੁਣ ਮੁਸੀਬਤ ਵਿੱਚ ਫਸਿਆ ਹੋਣ ਕਰਕੇ  ਉਹ ਉਸਨੂੰ ਸਸਤੇ ਵਿੱਚ ਦੇਣ ਨੂੰ ਤਿਆਰ ਸੀ । ਦੀਨੇ  ਨੇ ਉਸ ਨਾਲ ਗੱਲ ਚਲਾਈ ਅਤੇ  ਸੌਦਾ ਕਰਨਾ  ਸ਼ੁਰੂ ਕੀਤਾ । ਆਦਮੀ ਮੁਸੀਬਤ ਵਿੱਚ ਸੀ , ਇਸ ਕਰਕੇ ਦੀਨਾ ਕੀਮਤ ਘਟਾਉਣ ਲਈ ਜੋਰ ਮਾਰਨ ਲੱਗਾ । ਅਖੀਰ ਕੀਮਤ ਇੱਕ ਹਜਾਰ ਰੁਪਏ ਤੈਅ ਹੋਈ । ਕੁੱਝ ਨਗਦ ਦੇਣੇ ਸਨ , ਬਾਕੀ ਫਿਰ । ਸੌਦਾ ਪੱਕਾ ਹੋ ਗਿਆ ਸੀ ਕਿ ਇੱਕ ਸੌਦਾਗਰ ਆਪਣੇ ਘੋੜੇ ਦੇ ਦਾਣੇਪਾਣੀ ਲਈ ਉਸਦੇ ਘਰ ਦੇ ਕੋਲ ਠਹਰਿਆ । ਉਸ ਨਾਲ ਦੀਨੇ  ਦੀ ਗੱਲਬਾਤ ਜੋ ਹੋਈ ਤਾਂ ਸੌਦਾਗਰ ਨੇ ਕਿਹਾ ਕਿ ਮੈਂ ਨਰਮਦਾ ਨਦੀ ਦੇ ਉਸ ਪਾਰ ਤੋਂ ਆ ਰਿਹਾ ਹਾਂ । ਓਥੇ ੧੫੦੦ ਏਕਡ਼ ਉਮਦਾ ਜਮੀਨ ਕੁਲ ਪੰਜ ਸੌ ਰੁਪਏ ਵਿੱਚ ਮੈਂ ਖਰੀਦੀ ਸੀ । ਸੁਣਕੇ ਦੀਨੇ  ਨੇ ਉਸਤੋਂ ਹੋਰ ਸਵਾਲ ਪੁੱਛੇ । ਸੌਦਾਗਰ ਨੇ ਕਿਹਾ :

‘‘ਗੱਲ ਇਹ ਹੈ ਕਿ ਅਫਸਰਚੌਧਰੀ ਨਾਲ  ਮੇਲ \ਮੁਲਾਕਾਤ ਕਰਨ ਦਾ ਹੁਨਰ ਚਾਹੀਦਾ ਹੈ । ਸੌ ਤੋਂ ਜਿਆਦਾ ਰੁਪਏ ਤਾਂ ਮੈਂ ਰੇਸ਼ਮੀ ਕੱਪੜੇ ਅਤੇ ਗਲੀਚੇ ਦੇਣ ਵਿੱਚ ਖਰਚ ਕੀਤੇ ਹੋਣਗੇ । ਫਿਰ ਸ਼ਰਾਬ , ਫਲ ਮੇਵਿਆਂ ਦੀਆਂ ਪੇਟੀਆਂ , ਡਿਨਰਸੇਟ ਵਗੈਰਾ ਦੇ ਤੋਹਫ਼ੇ ਵੱਖ । ਨਤੀਜਾ ਇਹ ਕਿ ਫੀ ਏਕਡ਼ ਮੈਨੂੰ ਜਮੀਨ ਕੌਡੀਆਂ ਦੇ ਭਾ ਪੈ ਗਈ ।”ਕਹਿਕੇ ਸੌਦਾਗਰ ਨੇ ਆਪਣੇ ਦਸਤਾਵੇਜ ਸਭ ਦੀਨੇ ਦੇ ਸਾਹਮਣੇ ਕਰ ਦਿੱਤੇ ।

ਫਿਰ ਕਿਹਾ , ‘‘ਜਮੀਨ ਐਨ ਨਦੀ ਦੇ ਕਿਨਾਰੇ ਹੈ ਅਤੇ ਸਾਰੇਦਾਸਾਰਾ ਟੱਕ ਇਕੱਠਾ ਹੈ । ਉਪਜਾਊ ਏਨਾ ਕਿ ਪੁੱਛੋ ਨਾ। ’’

ਦੀਨੇ  ਨੇ ਉਤਸੁਕਤਾਪੂਰਵਕ ਸੌਦਾਗਰ ਤੋਂ ਸਵਾਲਤੇਸਵਾਲ ਪੁਛੇ। ਉਸਨੇ ਦੱਸਿਆ :

‘‘ਓਥੇ ਏਨੀ ਜਮੀਨ ਹੈ , ਏਨੀ ਕਿ ਤੂੰ ਮਹੀਨਿਆਂ ਚਲੀਂ ਚਲੇਂ ਤਾਂ ਪੂਰੀ ਨਹੀਂ ਹੋਵੇ । ਓਥੇ ਦੇ ਲੋਕ ਜਮ੍ਹਾ ਸਿੱਧੇ ਹਨ , ਮੁੱਕਦੀ ਗੱਲ  ਜਮੀਨ ਸਮਝੋ , ਮੁਫਤ ਦੇ ਭਾਵ ਲੈ ਸਕਦੇ ਹੋ । ’’

ਦੀਨੇ  ਨੇ ਸੋਚਿਆ , ਇਹ ਠੀਕ ਰਹੇਗਾ । ਭਲਾ ਮੈਂ ਹੁਣ ਹਜਾਰ ਏਕਡ਼ ਲਈ ਹਜਾਰ ਰੁਪਿਆ ਕਿਉਂ ਫੂਕਾਂ ?

ਜੇਕਰ ਓਥੇ ਜਾਕੇ ਇੰਨਾ ਰੁਪਿਆ ਜਮੀਨ ਵਿੱਚ ਲਾਵਾਂ , ਤਾਂ ਇੱਥੇ ਨਾਲੋਂ  ਕਈ ਗੁਣਾ  ਜਿਆਦਾ ਜਮੀਨ ਮੈਨੂੰ ਮਿਲ  ਜਾਇਗੀ ।
ਦੀਨੇ  ਨੇ ਪੁੱਛਗਿਛ ਕੀਤੀ  ਕਿ ਉਸ ਜਗ੍ਹਾ ਕਿਵੇਂ ਜਾਇਆ ਜਾਵੇ ? ਸੌਦਾਗਰ ਨੇ ਸਭ ਦੱਸ ਦਿੱਤਾ । ਉਹ ਚਲਾ ਗਿਆ ਤਾਂ ਦੀਨੇ  ਨੇ ਵੀ ਆਪਣੀ ਤਿਆਰੀ ਖਿਚ ਲਈ । ਪਤਨੀ ਨੂੰ ਕਿਹਾ ਕਿ ਘਰ ਦੀ ਸਾਂਭ ਸੰਭਾਲ ਰੱਖੇ ਅਤੇ  ਆਪ ਇੱਕ ਆਦਮੀ ਨਾਲ ਲੈ , ਯਾਤਰਾ ਨੂੰ ਨਿਕਲ ਪਿਆ । ਰਸਤੇ ਵਿੱਚ ਇੱਕ ਸ਼ਹਿਰ ਵਿੱਚੋਂ  ਠਹਿਰ ਕੇ , ਉਥੋਂ ਚਾਹ ਦੇ ਡੱਬੇ , ਸ਼ਰਾਬ ਅਤੇ ਇਸੇ ਤਰ੍ਹਾਂ ਹੋਰ ਉਪਹਾਰ ਦੀਆਂ ਚੀਜਾਂ , ਜੋ ਸੌਦਾਗਰ ਨੇ ਦੱਸੀਆਂ  ਸਨ , ਲੈ ਲਈਆਂ । ਫਿਰ ਦੋਨੋਂ ਚਲੋ ਚਾਲ ਚਲਦੇ  ਗਏ । ਚਲਦੇ ਚਲਦੇ ਅਖੀਰ ਸੱਤਵੇਂ ਰੋਜ ਓਥੇ ਪੁੱਜੇ , ਜਿੱਥੋਂ ਕੋਲ ਲੋਕਾਂ ਦੀ ਬਸਤੀ ਸ਼ੁਰੂ ਹੁੰਦੀ ਸੀ । ਉਸਨੇ ਵੇਖਿਆ ਕਿ ਸੌਦਾਗਰ ਨੇ ਜੋ ਗੱਲ ਦੱਸੀ ਸੀ , ਉਹ ਠੀਕ ਸੀ । ਦਰਿਆ ਦੇ ਕੋਲ ਜਮੀਨਹੀਜਮੀਨ ਸੀ । ਸਭ ਖਾਲੀ। ਇਹ ਲੋਕ ਉਸ ਤੋਂ ਕੰਮ ਨਹੀਂ ਲੈਂਦੇ ਸਨ।ਕੱਪੜੇ ਜਾਂ ਸਿਰਕੀ ਦੇ ਤੰਬੂ ਵਿੱਚ ਰਹਿੰਦੇ , ਸ਼ਿਕਾਰ ਕਰਦੇ , ਮਵੇਸ਼ੀ ਪਾਲਦੇ ਅਤੇ  ਇੰਜ ਹੀ ਮੌਜ ਕਰਦੇ ਸਨ । ਨਾ  ਰੋਟੀ ਬਣਾਉਣਾ ਜਾਣਦੇ ਸਨ , ਨਾ ਹੀ ਅਨਾਜ ਉਗਾਉਣਾ ਸਿੱਖਿਆ ਸੀ । ਦੁੱਧ ਦਾ ਛਾਛਮਠਾ ਬਣਾਉਂਦੇ , ਪਨੀਰ ਬਣਾਉਂਦੇ ਅਤੇ ਉਸ ਤੋਂ  ਇੱਕ ਤਰ੍ਹਾਂ ਦੀ ਸ਼ਰਾਬ ਵੀ ਤਿਆਰ ਕਰ ਲੈਂਦੇ ਸਨ । ਇਹ ਸਭ ਕੰਮ ਔਰਤਾਂ ਕਰਦੀਆਂ । ਮਰਦ ਖਾਣਪੀਣ ਤੋਂ ਵਿਹਲੇ ਹੋ ਢੋਲੇ ਦੀਆਂ ਲਾਉਣ ਵਿੱਚ ਮਸਤ ਰਹਿੰਦੇ । ਉਹ ਲੋਕ ਮਜਬੂਤ ਅਤੇ ਸਵਸਥ ਸਨ ਅਤੇ ਕੰਮਧਾਮ ਦੇ ਨਾਮ ਬਿਨਾਂ ਕੁੱਝ ਕੀਤੇ ਮਗਨ ਰਹਿੰਦੇ ਸਨ । ਆਪਣੇ ਤੋਂ ਬਾਹਰ ਉਨ੍ਹਾਂ ਨੂੰ ਕੁੱਝ ਪਤਾ ਨਹੀਂ ਸੀ । ਪੜ੍ਹਨਾਲਿਖਣਾ ਜਾਣਦੇ ਨਹੀਂ ਸਨ ਅਤੇ ਹਿੰਦੀ ਤੱਕ ਨਹੀਂ ਜਾਣਦੇ ਸਨ ਤੇ ਸਨ ਭਲੇ ਮਾਣਸ ਸਿੱਧੇ ਸੁਭਾਅ ਦੇ । ਦੀਨੇ  ਨੂੰ ਵੇਖਦੇ ਹੀ ਉਹ ਆਪਣੇ ਤੰਬੂਆਂ ਵਿੱਚੋਂ  ਨਿਕਲ ਆਏ ਅਤੇ ਉਸਦੇ ਚਾਰਾਂ ਤਰਫ ਜਮਘਟ ਲਗਾਕੇ ਖੜੇ ਹੋ ਗਏ । ਉਨ੍ਹਾਂ ਵਿਚੋਂ ਇੱਕ ਦੁਭਾਸ਼ੀਏ ਦੀ ਮਾਰਫ਼ਤ ਦੀਨੇ  ਨੇ ਦੱਸਿਆ ਕਿ ਮੈਂ ਜਮੀਨ ਦੀ ਖਾਤਰ ਆਇਆ ਹਾਂ । ਉਹ ਲੋਕ ਬੜੇ ਖੁਸ਼ ਹੋ ਗਏ। ਵੱਡੀ ਆਉਭਗਤ ਦੇ ਨਾਲ ਉਹ ਉਸਨੂੰ ਆਪਣੇ ਸਭ ਤੋਂ ਵਧੀਆ ਡੇਰੇ ਵਿੱਚ ਲੈ ਗਏ । ਓਥੇ ਕਾਲੀਨ ਤੇ ਗੱਦੇ ਉਤੇ ਬਿਠਾਇਆ ਅਤੇ ਆਪ ਉਹਦੇ ਆਲੇ ਦੁਆਲੇ ਭੁੰਜੇ  ਬੈਠ ਗਏ । ਉਸਨੂੰ ਪੀਣ ਨੂੰ ਚਾਹ ਦਿੱਤੀ ਅਤੇ ਦਾਰੁ ਵੀ । ਉਸਦੀ ਮਹਿਮਾਨੀਨਿਵਾਜੀ ਵਿੱਚ ਬੜੀ ਫੰਨੇ ਦਾਵਤ ਹੋਈ । ਦੀਨੇ  ਨੇ ਵੀ ਗੱਡੀ ਵਿੱਚੋਂ  ਭੇਂਟ ਕਰਨ ਲਈ ਲਿਆਂਦੀਆਂ ਚੀਜਾਂ ਕੱਢੀਆਂ  ਅਤੇ ਸਾਰਿਆਂ  ਨੂੰ ਥੋੜ੍ਹੀਥੋੜ੍ਹੀ ਚਾਹ ਵੰਡੀ । ਕੋਲ ਲੋਕ ਬੜੇ  ਖੁਸ਼ ਸਨ । ਉਨ੍ਹਾਂ ਨੇ ਆਪਸ ਵਿੱਚ ਏਸ ਅਜਨਬੀ ਬਾਰੇ  ਖੂਬ ਚਰਚਾ ਕੀਤੀ । ਫਿਰ ਦੁਭਾਸ਼ੀਏ  ਨੂੰ ਕਿਹਾ ਕਿ ਮਹਿਮਾਨ ਨੂੰ ਸਭ ਸਮਝਾ ਦੇਵੇ ।
ਦੁਭਾਸ਼ੀਏ ਨੇ ਕਿਹਾ ਕਿ ਇਹ ਲੋਕ ਕਹਿਣਾ ਚਾਹੁੰਦੇ ਹਨ ਕਿ ਅਸੀ ਤੁਹਾਡੇ ਆਉਣੋਂ ਖੁਸ਼ ਹਾਂ । ਸਾਡੇ ਇੱਥੇ ਦਾ ਕਾਇਦਾ ਹੈ ਕਿ ਮਹਿਮਾਨ ਦੀ ਖਾਤਰ ਜੋ ਸਾਡੇ ਤੋਂ ਬਣ ਸਕੇ , ਕਰੀਏ । ਤੁਹਾਡੀ ਕ੍ਰਿਪਾ ਦੇ ਅਸੀ ਕ੍ਰਿਤਗ ਹਾਂ । ਦੱਸੋ  ਕਿ ਸਾਡੇ ਕੋਲ ਕਿਹੜੀ ਚੀਜ਼  ਹੈ , ਜੋ ਤੁਹਾਨੂੰ ਸਭ ਤੋਂ ਪਸੰਦ ਹਾਂ , ਤਾਂ ਕਿ ਅਸੀ ਉਸ ਨਾਲ ਤੁਹਾਡੀ ਖਾਤਰ ਕਰ ਸਕੀਏ ਦੀਨੇ  ਨੇ ਜਵਾਬ ਦਿੱਤਾ ਕਿ ਜਿਸ ਚੀਜ ਨੂੰ ਵੇਖਕੇ ਮੈਂ ਬਹੁਤ ਖੁਸ਼ ਹਾਂ , ਉਹ ਤੁਹਾਡੀ ਜਮੀਨ ਹੈ । ਸਾਡੇ ਉਥੇ ਜਮੀਨ ਦੀ ਕਮੀ ਹੈ ਅਤੇ ਉਹ ਉਪਜਾਊ ਵੀ ਬਹੁਤੀ ਨਹੀਂ ਹੁੰਦੀ , ਲੇਕਿਨ ਇੱਥੇ ਉਸਦਾ ਕੋਈ ਪਾਰਾਬਾਰ ਨਹੀਂ ਹੈ ਅਤੇ ਇਹ  ਜਮੀਨ ਉਪਜਾਊ ਵੀ ਖੂਬ ਹੈ । ਮੈਂ ਤਾਂ ਆਪਣੀ ਅੱਖਾਂ ਨਾਲ  ਇੱਥੇ ਵਰਗੀ ਧਰਤੀ ਹੋਰ ਕਿਤੇ ਵੇਖੀ ਨਹੀਂ ।

ਦੁਭਾਸ਼ੀਏ  ਨੇ ਦੀਨੇ  ਦੀ ਗੱਲ ਆਪਣੇ ਲੋਕਾਂ ਨੂੰ ਸਮਝਾ ਦਿੱਤੀ । ਕੁੱਝ ਦੇਰ ਉਹ ਆਪਸ ਵਿੱਚ ਸਲਾਹ ਕਰਦੇ ਰਹੇ । ਦੀਨਾ ਸਮਝ ਨਹੀਂ ਸੀ ਸਕਦਾ ਕਿ ਉਹ ਕੀ ਕਹਿ ਰਹੇ ਸਨ । ਲੇਕਿਨ ਉਸਨੇ ਵੇਖਿਆ ਕਿ ਉਹ ਬਹੁਤ ਖੁਸ਼ ਲਗਦੇ ਸਨ , ਖੂਬ ਹੱਸ ਰਹੇ ਸਨ ਅਤੇ ਜੋਰਜੋਰ ਨਾਲ ਬੋਲ ਰਹੇ ਸਨ । ਫਿਰ ਉਹ ਚੁਪ ਹੋ ਗਏ  ਅਤੇ ਦੀਨੇ ਵੱਲ ਦੇਖਣ ਲੱਗੇ ।

ਫਿਰ ਆਪਸ ਵਿੱਚ ਗੱਲ ਕਰਨ ਲੱਗੇ । ਉਹਨੂੰ ਲਗਿਆ  ਜਿਵੇਂ ਉਨ੍ਹਾਂ ਵਿੱਚ ਕੁੱਝ ਦੁਵਿਧਾ ਹੋਵੇ  । ਦੀਨੇ  ਨੇ ਪੁੱਛਿਆ ਕਿ ਉਨ੍ਹਾਂ ਲੋਕਾਂ ਵਿੱਚ ਹੁਣ ਕਿਸ ਗੱਲ ਦੀ ਅਟਕ ਹੈ । ਦੁਭਾਸ਼ੀਏ ਨੇ ਦੱਸਿਆ ਕਿ ਉਨ੍ਹਾਂ ਵਿੱਚ ਕੁੱਝ ਦੀ ਰਾਇ ਹੈ ਕਿ ਸਰਦਾਰ ਤੋਂ ਜਮੀਨ ਦੇਣ ਬਾਰੇ ਪੂਛ ਲੈਣਾ ਚਾਹੀਦਾ ਹੈ ,ਉਹਦੀ  ਗੈਰਹਾਜਰੀ ਵਿੱਚ ਫੈਸਲਾ ਕਰਨਾ ਠੀਕ ਨਹੀਂ । ਦੂਸਰਿਆਂ  ਦਾ ਖਿਆਲ  ਹੈ ਕਿ ਇਸ ਗੱਲ ਵਿੱਚ ਸਰਦਾਰ ਦੇ ਪਰਤਣ ਦਾ ਰਾਹ ਦੇਖਣ ਦੀ ਲੋੜ ਨਹੀਂ ਹੈ , ਜਰਾਜਿੰਨੀ  ਤਾਂ ਗੱਲ ਹੈ ।

ਇਹ ਵਿਵਾਦ ਚੱਲ ਰਿਹਾ ਸੀ ਕਿ ਇੱਕ ਆਦਮੀ ਵੱਡੀਜਿਹੀ ਜੱਤਦਾਰ ਟੋਪੀ ਪਹਿਨੀ  ਓਥੇ ਆ ਪਹੁੰਚਿਆ । ਸਭ ਚੁਪ ਹੋ ਗਏ ਅਤੇ  ਉਸਦੇ ਮਨ ਸਤਕਾਰ ਵਿੱਚ ਖੜੇ ਹੋ ਗਏ । ਦੁਭਾਸ਼ੀਏ ਨੇ ਕਿਹਾ ਕਿ ਇਹੀ ਸਾਡੇ ਸਰਦਾਰ ਹਨ।

ਦੀਨੇ ਨੇ ਝੱਟਪੱਟ ਆਪਣੇ ਸਾਮਾਨ ਵਿੱਚੋਂ ਇੱਕ ਵਧੀਆ ਲਬਾਦ ਕੱਢਿਆ ਅਤੇ ਚਾਹ ਦਾ ਇੱਕ ਵੱਡਾ ਡਿੱਬਾ , ਅਤੇ ਹੋਰ ਚੀਜਾਂ ਸਰਦਾਰ ਨੂੰ ਭੇਂਟ ਕੀਤੀਆਂ। ਸਰਦਾਰ ਨੇ ਭੇਂਟ ਸਵੀਕਾਰ ਕੀਤੀ ਅਤੇ ਆਪਣੇ ਆਸਨ ਤੇ ਜਾ ਬੈਠਾ । ਬੈਠਦੇ ਹੀ ਕੋਲ ਲੋਕਾਂ ਨੇ ਉਸਨੂੰ  ਕੁੱਝ ਕਹਿਣਾ ਸ਼ੁਰੂ ਕੀਤਾ । ਸਰਦਾਰ ਕੁੱਝ ਦੇਰ ਸੁਣਦਾ ਰਿਹਾ , ਫਿਰ ਉਸਨੇ ਉਨ੍ਹਾਂ ਨੂੰ ਚੁਪ ਰਹਿਣ ਦਾ ਇਸ਼ਾਰਾ ਕੀਤਾ । ਉਸ ਤੋਂ ਬਾਅਦ ਦੀਨੇ  ਦੀ ਤਰਫ ਮੁਖਾਤਿਬ  ਹੋਕੇ ਹਿੰਦੁਸਤਾਨੀ ਵਿੱਚ ਕਿਹਾ :

‘‘ਇਹਨਾਂ ਭਰਾਵਾਂ ਨੇ ਜੋ ਕਿਹਾ , ਠੀਕ ਹੈ। ਜਿੰਨੀ ਜਮੀਨ ਚਾਹੋ  ਛਾਂਟ ਲਓ । ਸਾਡੇ ਕੋਲ ਇਸਦਾ ਕੋਈ ਘਾਟਾ ਨਹੀਂ।’’

ਦੀਨੇ  ਨੇ ਸੋਚਿਆ ਕਿ ਮੈਂ ਮਨਚਾਹੇ ਜਿੰਨੀ ਜਮੀਨ ਕਿਵੇਂ ਲੈ ਸਕਦਾ ਹਾਂ । ਪੱਕਾ  ਕਰਨ ਲਈ ਦਸਤਾਵੇਜ ਵਗੈਰਾ ਵੀ ਤਾਂ ਚਾਹੀਦੇ ਹਨ , ਨਹੀਂ ਤਾਂ ਜਿਵੇਂ ਅੱਜ ਇਨ੍ਹਾਂ ਨੇ ਕਹਿ ਦਿੱਤਾ ਕਿ ਇਹ ਤੁਹਾਡੀ ਹੈ , ਪਿੱਛੇ ਉਂਜ ਹੀ ਉਸਨੂੰ ਵਾਪਸ ਵੀ ਲੈ ਸਕਦੇ ਹਾਂ ।

ਜ਼ਾਹਰਾ ਤੌਰ ਤੇ ਉਸਨੇ ਕਿਹਾ , ‘‘ਤੁਹਾਡੀ ਮਿਹਰਬਾਨੀ ਲਈ ਮੈਂ ਧੰਨਵਾਦੀ  ਹਾਂ । ਤੁਹਾਡੇ ਕੋਲ ਬਹੁਤ ਧਰਤੀ ਹੈ ਅਤੇ ਮੈਨੂੰ ਥੋੜ੍ਹੀ ਜਿਹੀ ਚਾਹੀਦੀ ਹੈ । ਲੇਕਿਨ ਮੈਨੂੰ ਪੱਕਾ ਪਤਾ ਹੋਣਾ ਚਾਹੀਦਾ ਹੈ ਕਿ ਮੇਰਾ ਆਪਣਾ ਨਿੱਕਾ ਜਿਹਾ ਟੁਕੜਾ ਕਿਹੜਾ ਹੈ ਅਤੇ ਇਹ ਵੀ ਕਿ ਉਹ ਮੇਰਾ ਹੀ ਹੈ । ਕੀ ਅਜਿਹਾ ਨਹੀਂ ਹੋ ਸਕਦਾ  ਕਿ ਜਮੀਨ ਨੂੰ ਮਾਪ ਲਿਆ ਜਾਵੇ ਅਤੇ ਓਨਾ ਟੁਕੜਾ ਫਿਰ ਮੇਰੇ ਹਵਾਲੇ ਕਰ ਦਿੱਤਾ ਜਾਵੇ ? ਮਰਨਾਜੀਣਾ ਰੱਬ ਦੇ ਹੱਥ ਹੈ ਅਤੇ ਸੰਸਾਰ ਵਿੱਚ ਇਹੀ ਚੱਕਰ ਚੱਲਦਾ ਹੈ । ਤੁਸੀ ਦਯਾਵਾਨ ਲੋਕ ਹੋ ਤਾਂ ਹੀ ਮੈਨੂੰ ਇਹ ਦਿੰਦੇ ਹੋ , ਤੇ ਹੋ ਸਕਦਾ  ਹੈ ਕਿ ਤੁਹਾਥੋਂ ਬਾਅਦ ਤੁਹਾਡੀ ਔਲਾਦ ਉਸ ਨੂੰ  ਵਾਪਸ ਲੈ ਲੈਣਾ ਚਾਹੇ ਤੱਦ ? ’’
ਸਰਦਾਰ ਨੇ ਕਿਹਾ , ‘‘ਤੁਹਾਡੀ ਗੱਲ ਠੀਕ ਹੈ । ਜਮੀਨ ਤੁਹਾਡੇ ਹਵਾਲੇ ਹੀ ਕਰ ਦਿੱਤੀ ਜਾਏਗੀ । ’’
ਦੀਨੇ  ਨੇ ਕਿਹਾ , ‘‘ਸੁਣਿਆ ਹੈ , ਇੱਥੇ ਇੱਕ ਸੌਦਾਗਰ ਆਇਆ ਸੀ । ਉਹਨੂੰ ਵੀ ਤੁਸੀਂ ਜਮੀਨ ਦਿੱਤੀ ਸੀ ਅਤੇ ਉਸ ਸਬੰਧ ਵਿੱਚ ਕਾਗਜ ਪੱਕਾ ਕਰ ਦਿੱਤਾ ਸੀ । ਉਂਜ ਹੀ ਮੈਂ ਚਾਹੁੰਦਾ ਹਾਂ ਕਿ ਕਾਗਜ ਪੱਕਾ ਹੋ ਜਾਵੇ । ’’
ਸਰਦਾਰ ਸਮਝ ਗਿਆ ।
ਬੋਲਿਆ , ‘‘ਹਾਂ , ਜਰੁਰ । ਇਹ ਤਾਂ ਸੌਖੀਆਂ ਹੀ  ਹੋ ਸਕਦਾ ਹੈ । ਸਾਡੇ ਇੱਥੇ ਇੱਕ ਮੁਨਸ਼ੀ ਹੈ , ਕਸਬੇ ਵਿੱਚ ਚਲਕੇ ਲਿਖ ਲਿਖਾ ਕਰ ਲਿਆ ਜਾਏਗੀ ਅਤੇ ਰਜਿਸਟਰੀ ਹੋ ਜਾਏਗੀ । ’’

ਦੀਨੇ  ਨੇ ਪੁੱਛਿਆ , ‘‘ ਦਰ ਕੀ ਹੋਵੇਗੀ ? ’’

‘‘ਸਾਡੀ ਦਰ ਤਾਂ ਇੱਕ ਹੀ ਹੈ । ਇੱਕ ਦਿਨ ਦੇ ਇੱਕ ਹਜਾਰ ਰੁਪਏ । ’’

ਦੀਨਾ ਸਮਝਿਆ ਨਹੀਂ । ਬੋਲਿਆ , ‘‘ਦਿਨ ! ਦਿਨ ਦਾ ਹਿਸਾਬ ਇਹ ਕਿਵੇਂ ਹੈ ? ਇਹ ਦੱਸੋ ਕਿੰਨੇ ਏਕਡ਼ ? ’’

ਸਰਦਾਰ ਨੇ ਕਿਹਾ , ‘‘ਇਹ ਸਭ ਗਿਣਨਾਗਿਣਾਉਣਾ ਸਾਡੇ ਤੋਂ ਨਹੀ ਹੁੰਦਾ । ਅਸੀ ਤਾਂ ਦਿਨ ਦੇ  ਹਿਸਾਬ  ਵੇਚਦੇ ਹਾਂ , ਜਿੰਨੀ ਜਮੀਨ ਇੱਕ ਦਿਨ ਵਿੱਚ ਪੈਦਲ ਚਲਕੇ ਤੂੰ ਵਲ ਲਏਂਗਾ , ਉਹੀ ਤੇਰੀ । ਤੇ  ਕੀਮਤ ਹੈ ਹੀ ਦਿਨ ਭਰ ਦੀ ਇੱਕ ਹਜਾਰ । ’’

ਦੀਨਾ ਅਚਰਜ ਵਿੱਚ ਪੈ ਗਿਆ ਕਿਹਾ, ‘‘ਇੱਕ ਦਿਨ ਵਿੱਚ ਤਾਂ ਬਹੁਤਸਾਰੀ ਜਮੀਨ ਵਲੀ ਜਾ ਸਕਦੀ ਹੈ । ’’

ਸਰਦਾਰ ਹੱਸਿਆ । ਬੋਲਿਆ , ‘‘ਹਾਂ , ਕਿਉਂ ਨਹੀ । ਬਸ , ਉਹ ਸਭ ਤੁਹਾਡੀ । ਲੇਕਿਨ  ਇੱਕ ਸ਼ਰਤ ਹੈ । ਜੇਕਰ ਤੂੰ ਉਸੇ  ਦਿਨ , ਉਸੇ ਜਗ੍ਹਾ ਨਾ ਆ ਗਏ , ਜਿੱਥੋਂ ਚਲੋਗੇ , ਤਾਂ ਕੀਮਤ ਜਬਤ ਸਮਝੀ ਜਾਏਗੀ । ’’

‘‘ਲੇਕਿਨ ਮੈਨੂੰ ਪਤਾ ਕਿਵੇਂ ਚੱਲੇਗਾ ਕਿ ਮੈਂ ਇਸ ਜਗ੍ਹਾ ਤੋਂ ਚਲਾ ਸੀ । ’’

‘‘ਕਿਉਂ , ਅਸੀ ਸਭ ਨਾਲ ਚੱਲਾਂਗੇ ਅਤੇ ਜਿੱਥੇ ਠਹਿਰਣ ਨੂੰ ਕਹੋਗੇ , ਠਹਿਰੇ ਰਹਾਂਗੇ । ਉਸ ਜਗ੍ਹਾ ਤੋਂ ਸ਼ੁਰੂ ਕਰਨਾ  ਅਤੇ ਉਥੇ ਹੀ ਪਰਤ ਆਉਣਾ । ਨਾਲ ਕਹੀ ਲੈ ਲੈਣਾ । ਜਿੱਥੇ ਜਰੂਰੀ ਸਮਝਿਆ, ਨਿਸ਼ਾਨ ਲੱਗਾ ਦਿੱਤਾ । ਹਰ ਮੋੜ ਤੇ ਮਿੱਟੀ ਦੀ ਇੱਕ ਢੇਰੀ ਦੀ ਨਿਸਾਨੀ ਲਾ ਦਿੱਤੀ । ਪਿੱਛੇ ਫਿਰ ਅਸੀਂ  ਲੋਕ ਚੱਲਾਂਗੇ ਅਤੇ  ਹੱਲ ਨਾਲ  ਇੱਕ ਨਿਸ਼ਾਨ ਨੂੰ  ਦੂਜੇ ਨਾਲ ਮਿਲਾ ਕੇ  ਹਦਬੰਦੀ ਦੀ ਲਕੀਰ ਖਿੱਚ ਦੇਵਾਂਗੇ । ਹੁਣ ਦਿਨ ਭਰ ਵਿੱਚ ਜਿੰਨਾ  ਚਾਹੋ , ਵੱਡੇਤੋਂਵੱਡਾ ਚੱਕਰ ਤੁਸੀਂ ਲੱਗਾ ਸਕਦੇ ਹੋ । ਤੇ ਸੂਰਜ ਛਿਪਣ ਤੋਂ ਪਹਿਲਾਂ ਜਿੱਥੋਂ ਚਲੇ ਸੀ , ਓਥੇ ਆ ਜਾਣਾ। ਜਿੰਨੀ ਜਮੀਨ ਤੁਸੀਂ ਇਸ ਤਰ੍ਹਾਂ ਵੱਲ ਲਓਗੇ , ਉਹ ਤੁਹਾਡੀ ਹੋ ਜਾਏਗੀ । ’’

ਦੀਨਾ ਖੁਸ਼ ਹੋਇਆ । ਤੈਅ ਹੋਇਆ ਕਿ ਅਗਲੇ ਸਵੇਰੇ ਹੀ ਚਲਨਾ ਸ਼ੁਰੂ ਕਰ ਦਿੱਤਾ ਜਾਏਗਾ । ਫਿਰ ਕੁੱਝ ਗੱਪਸ਼ੱਪ ਹੋਈ , ਖਾਨਾ ਪੀਣਾ ਹੋਇਆ । ਇੰਜ ਹੀ ਕਰਦੇ ਕਰਾਂਦੇ ਰਾਤ ਹੋ ਗਈ । ੀਨਾ ਲਈ ਉਨ੍ਹਾਂਨੇ ਖੂਬ ਆਰਾਮ ਦਾ ਪਰਾਂ ਦਾ ਬਿਸਤਰਾ ਲੱਗਾ ਦਿੱਤਾ ਅਤੇ ਉਹ ਲੋਕ ਰਾਤਭਰ ਲਈ ਵਿਦਾ ਹੋ ਗਏ । ਕਹਿ ਗਏ ਕਿ ਪੌ ਫਟਣ ਤੋਂ ਪਹਿਲਾਂ ਹੀ ਉਹ ਆ ਜਾਣਗੇ , ਤਾਂਕਿ ਸੂਰਜ ਨਿਕਲਣ ਤੋਂ ਪਹਿਲਾਂ ਪਹਿਲਾਂ ਮੁਕਾਮ ਤੇ ਪਹੁਂਚ ਜਾਇਆ ਜਾਵੇ ।

ਦੀਨਾ ਆਪਣੇ ਪਰਾਂ ਦੇ ਬਿਸਤਰੇ ਤੇ ਲਿਟਿਆ ਤਾਂ ਰਿਹਾ , ਪਰ ਉਸਨੂੰ ਨੀਂਦ ਨਾ  ਆਈ । ਰਹਿਰਹਿਕੇ ਉਹ ਜਮੀਨ ਦੇ ਬਾਰੇ ਸੋਚਣ ਲੱਗਦਾ ਸੀ :

‘‘ਚਲਕੇ ਮੈਂ ਕਿੰਨੀ ਜਮੀਨ ਮਿਣ ਲਵਾਂਗਾ ਕੁੱਝ ਠਿਕਾਣਾ ਹੈ ! ਇੱਕ ਦਿਨ ਵਿੱਚ ਪੈਂਤੀ ਮੀਲ ਤਾਂ ਮਾਮੂਲੀ ਗੱਲ ਹੈ। ਦਿਨ ਅੱਜ ਕੱਲ੍ਹ ਲੰਬੇ ਹੁੰਦੇ ਹਨ ਅਤੇ ਪੈਂਤੀ ਮੀਲ ! —ਕਿੰਨੀ ਜਮੀਨ ਉਸ ਵਿੱਚ ਆ ਜਾਏਗੀ ! ਉਸ ਵਿੱਚੋਂ  ਘੱਟੀਆ ਵਾਲੀ ਤਾਂ ਵੇਚ ਦੇਵਾਂਗਾ ਜਾਂ ਠੇਕੇ ਤੇ ਚਾੜ੍ਹ ਦੇਵਾਂਗਾ , ਲੇਕਿਨ ਜੋ  ਵਧੀਆ ਹੋਵੇਗੀ ਓਥੇ ਆਪਣਾ ਫਾਰਮ ਹਾਊਸ  ਬਣਾਵਾਂਗਾ । ਦੋ ਦਰਜਨ  ਬੈਲ ਤਾਂ ਫਿਲਹਾਲ ਕਾਫ਼ੀ ਹੋਣਗੇ । ਦੋ ਆਦਮੀ ਵੀ ਰਖਣੇ  ਹੋਣਗੇ । ਕੋਈ ਡੇਢ ਸੌ ਏਕਡ਼ ਵਿੱਚ ਤਾਂ ਕਾਸ਼ਤ ਕਰਾਂਗਾਂ । ਬਾਕੀ ਚਰਾਈ ਦੇ ਲਈ । ’’
ਦੀਨਾ ਰਾਤ ਭਰ ਪਿਆ ਜਮੀਨਅਸਮਾਨ ਦੇ ਕੁਲਾਬੇ ਮਿਲਾਉਂਦਾ ਰਿਹਾ । ਦੇਰਰਾਤ ਕਿਤੇ ਥੋੜ੍ਹੀ ਜਿਹੀ ਨੀਂਦ ਆਈ । ਅੱਖ ਝਪਕੀ  ਹੋਵੇਗੀ ਕਿਸੇ ਦੇ ਬਾਹਰ ਤੋਂ ਖਿੜ ਖਿੜ ਹੱਸਣ ਦੀ ਅਵਾਜ ਉਸਦੇ ਕੰਨਾਂ ਵਿੱਚ ਆਈ । ਅਚਰਜ ਹੋਇਆ ਕਿ ਇਹ ਕੌਣ ਹੋ ਸਕਦਾ ਹੈ ? ਉੱਠਕੇ ਬਾਹਰ ਆਕੇ ਵੇਖਿਆ ਕਿ ਕੋਲ ਲੋਕਾਂ ਦਾ ਉਹ ਸਰਦਾਰ ਹੀ ਬਾਹਰ ਬੈਠਾ ਜੋਰ ਜੋਰ ਨਾਲ ਹੱਸ ਰਿਹਾ ਸੀ । ਹਾਸੇ ਦੇ ਮਾਰੇ ਆਪਣਾ ਢਿੱਡ ਫੜ ਰੱਖਿਆ ਸੀ  । ਕੋਲ ਜਾਕੇ ਦੀਨੇ  ਨੇ ਪੁੱਛਣਾ ਚਾਹਿਆ , ‘‘ਤੁਸੀ ਏਸ ਤਰਾਂ ਹੱਸ ਕਿਉਂ ਰਹੇ ਹੋ ? ’’ ਲੇਕਿਨ ਅਜੇ  ਪੁਛਿਆ ਵੀ  ਨਹੀਂ ਸੀ ਕਿ ਵੇਖਦਾ ਕੀ ਹੈ ਕਿ ਓਥੇ ਸਰਦਾਰ ਤਾਂ ਹੈ ਨਹੀਂ,ਸਗੋਂ ਉਹ ਸੌਦਾਗਰ ਬੈਠਾ ਹੈ,ਜੋ ਅਜੇ ਕੁੱਝ ਦਿਨ ਪਹਿਲਾਂ ਉਸਨੂੰ ਆਪਣੇ ਦੇਸ਼ ਵਿੱਚ ਮਿਲਿਆ ਸੀ ਅਤੇ ਜੀਹਨੇ ਇਸ ਜਮੀਨ ਦੀ ਗੱਲ ਦੱਸੀ ਸੀ । ਤੱਦ ਦੀਨਾ  ਉਸਤੋਂ ਪੁੱਛਣ ਹੀ ਲੱਗਿਆ ਸੀ  ਕਿ ਇੱਥੇ ਤੁਸੀਂ  ਕਿਵੇਂ ਅਤੇ ਕਦੋਂ ਆਏ ? ਲੇਕਿਨ ਵੇਖਿਆ ਤਾਂ ਉਹ ਸੌਦਾਗਰ ਵੀ ਉਥੇ ਨਹੀਂ , ਸਗੋਂ ਉਹੀ ਪੁਰਾਣਾ ਕਿਸਾਨ ਸੀ  ਜਿਸਨੇ  ਮੁੱਦਤ ਹੋਈ ਸਤਲੁਜ ਪਾਰ ਦੀ ਜਮੀਨ ਦਾ ਪਤਾ ਦਿੱਤਾ ਸੀ । ਲੇਕਿਨ ਫਿਰ ਵੇਖਿਆ ਕਿ ਉਹ ਕਿਸਾਨ ਵੀ ਨਹੀਂ , ਸਗੋਂ  ਆਪ ਸ਼ੈਤਾਨ ਸੀ , ਜਿਸਦੇ ਖੁਰ ਵੀ ਸਨ ਅਤੇ ਸਿੰਗ ਵੀ । ਉਹ ਓਥੇ ਬੈਠਾ ਠਹਾਕੇ ਮਾਰ ਮਾਰ  ਹੱਸ  ਰਿਹਾ ਸੀ  । ਸਾਹਮਣੇ ਉਸਦੇ ਇੱਕ ਆਦਮੀ ਪਿਆ ਹੋਇਆ ਸੀ —ਨੰਗੇ ਪੈਰ , ਸ਼ਰੀਰ ਤੇ ਬਸ ਇੱਕ ਕੁੜਤਾਧੋਤੀ। ਜਮੀਨ ਤੇ ਉਹ ਆਦਮੀ ਮੂਧੇ ਮੂੰਹ ਬੇਹਾਲ ਪਿਆ ਸੀ । ਦੀਨੇ  ਨੇ ਸੁਪਨੇ ਵਿੱਚ ਹੀ ਧਿਆਨ ਨਾਲ ਵੇਖਿਆ ਕਿ ਇਹ ਪਿਆ ਹੋਇਆ ਆਦਮੀ ਕੌਣ ਸੀ  ਅਤੇ ਕਿਵੇਂ ? ਵੇਖਦਾ ਕੀ ਹੈ ਕਿ ਉਹ ਆਦਮੀ ਦੂਜਾ ਕੋਈ ਨਹੀਂ , ਖੁਦ ਦੀਨਾ ਹੀ ਸੀ ਅਤੇ ਉਸਦੀ ਜਾਨ ਨਿਕਲ ਚੁੱਕੀ ਸੀ। ਇਹ ਵੇਖਕੇ ਮਾਰੇ ਡਰ ਦੇ ਉਹ ਘਬਰਾ ਗਿਆ । ਇਨ੍ਹੇ ਵਿੱਚ ਉਸੀ ਅੱਖ ਖੁੱਲ ਗਈ ।
ਉੱਠਕੇ ਸੋਚਿਆ ਕਿ ਸੁਪਨੇ ਵਿੱਚ ਆਦਮੀ ਨਾ ਜਾਣੇ ਕੀ ਕੀ ਬੇਹੂਦਾ ਗੱਲਾਂ ਵੇਖ ਜਾਂਦਾ ਹੈ । ਅੰਹ ! ਇਹ ਸੋਚਕੇ ਮੂੰਹ ਮੋੜ  ਦਰਵਾਜੇ ਦੇ ਬਾਹਰ ਝਾਕ ਕੇ  ਵੇਖਿਆ ਤਾਂ ਸਵੇਰਾ ਹੋਣ ਵਾਲਾ ਸੀ । ਸੋਚਿਆ , ਸਮਾਂ ਹੋ ਗਿਆ । ਉਨ੍ਹਾਂ ਨੂੰ ਹੁਣ ਜਗਾ ਦੇਣਾ ਚਾਹੀਦਾ ਹੈ । ਚਲਣ ਵਿੱਚ ਦੇਰ ਠੀਕ ਨਹੀਂ ।
ਉਹ ਖਡ਼ਾ ਹੋ ਗਿਆ ਅਤੇ ਗੱਡੀ ਵਿੱਚ ਸੁਤੇ  ਹੋਏ ਆਪਣੇ ਆਦਮੀ ਨੂੰ ਜਗਾਇਆ । ਕਿਹਾ ਕਿ ਗੱਡੀ ਤਿਆਰ ਕਰੇ  ।  ਆਪ ਕੋਲ ਲੋਕਾਂ ਨੂੰ ਬੁਲਾਣ ਚੱਲ ਪਿਆ ।

ਜਾਕੇ ਕਿਹਾ , ‘‘ਸਵੇਰਾ ਹੋ ਗਿਆ ਹੈ।ਜਮੀਨ ਨਾਪਣ ਚੱਲ ਪੈਣਾ ਚਾਹੀਦਾ ਹੈ।’’ ਕੋਲ ਲੋਕ ਸਭ ਉੱਠੇ ਅਤੇ ਇੱਕਠੇ ਹੋਏ । ਸਰਦਾਰ ਵੀ ਆ ਗਏ । ਚਲਣ ਤੋਂ ਪਹਿਲਾਂ ਉਨ੍ਹਾਂ ਨੇ ਚਾਹ ਦੀ ਤਿਆਰੀ ਕੀਤੀ ਅਤੇ ਦੀਨੇ  ਨੂੰ ਚਾਹ ਲਈ ਪੁੱਛਿਆ । ਲੇਕਿਨ ਚਾਹ ਕਾਰਨ  ਦੇਰ ਹੋਣ ਬਾਰੇ ਸੋਚ ਕੇ  ਉਸਨੇ ਕਿਹਾ , ‘‘ਆਪਾਂ ਹੁਣ ਚੱਲੀਏ । ਵਕਤ ਬਹੁਤ ਹੋ ਗਿਆ । ’’
ਕੋਲ ਤਿਆਰ ਹੋਏ ਅਤੇ ਸਭ ਚੱਲ ਪਏ । ਕੁੱਝ ਘੋੜੇ ਤੇ , ਕੁੱਝ ਗੱਡੀ ਵਿੱਚ । ਦੀਨਾ  ਨੌਕਰ ਦੇ ਨਾਲ ਆਪਣੀ ਛੋਟੀ ਬੈਲਗੱਡੀ ਵਿੱਚ ਸਵਾਰ ਸੀ । ਕਹੀ  ਉਸਨੇ ਨਾਲ ਰੱਖ ਲਈ  ਸੀ । ਖੁੱਲੇ ਮੈਦਾਨ ਵਿੱਚ ਜਦੋਂ ਪੁੱਜੇ , ਪਹੁ ਅਜੇ ਫੁੱਟ ਹੀ ਰਹੀ  ਸੀ । ਕੋਲ ਇੱਕ ਉੱਚੀ ਥੜੀ ਸੀ , ਪਾਰ ਖੁੱਲ੍ਹਮ ਖੁੱਲ੍ਹਾ ਵਿਛਿਆ  ਮੈਦਾਨ । ਥੜੀ ਤੇ ਪਹੁੰਚਕੇ ਗੱਡੀਆਂ ਘੋੜਿਆਂ ਤੋਂ ਸਭ ਉੱਤਰ ਆਏ ਅਤੇ ਇੱਕ ਜਗ੍ਹਾ ਜਮ੍ਹਾ ਹੋ ਗਏ । ਸਰਦਾਰ ਨੇ ਫਿਰ ਅੱਗੇ ਜਾ ਕੇ ਕਿੰਨੀ ਦੂਰ ਤੱਕ ਫੈਲੇ ਮੈਦਾਨ ਦੀ ਤਰਫ ਹੱਥ ਚੁੱਕ ਕੇ ਦੀਨੇ ਨੂੰ ਕਿਹਾ,”ਵੇਖਦੇ ਹੋ , ਜਿਥੇ ਤਕ ਨਜਰ  ਜਾਂਦੀ ਹੈ ਉਥੇ ਤਕ , ਸਾਡੀ ਜਮੀਨ ਹੈ। ਉਸ ਵਿੱਚ ਜਿੰਨੀ ਤੁਸੀਂ ਚਾਹੋ , ਲੈ ਲਓ।”
ਦੀਨੇ  ਦੀਆਂ ਅੱਖਾਂ ਚਮਕ ਉਠੀਆਂ । ਧਰਤੀ ਇੱਕ ਦਮ ਅਛੂਤੀ ਪਈ ਸੀ । ਹਥੇਲੀ ਦੀ ਤਰ੍ਹਾਂ ਹਮਵਾਰ ਅਤੇ ਮੁਲਾਇਮ ਕੁਆਰੀ ਧਰਤੀ। ਵੜੇਵਿਆਂ ਵਰਗੀ ਕਾਲੀ  । ਅਤੇ ਜਿੱਥੇ ਕਿਤੇ ਜਰਾ ਨਿਵਾਣ ਸੀ , ਓਥੇ ਛਾਤੀਛਾਤੀ ਜਿੰਨੀ ਤਰ੍ਹਾਂ ਤਰ੍ਹਾਂ ਦੀ ਹਰਿਆਲੀ ਛਾਈ ਸੀ ।
ਸਰਦਾਰ ਨੇ ਆਪਣੇ ਸਿਰ ਦੀ ਜੱਤਦਾਰ ਟੋਪੀ ਉਤਾਰੀ ਅਤੇ ਧਰਤੀ ਤੇ ਰੱਖ ਦਿੱਤੀ । ਕਿਹਾ ‘‘ਇਹ ਨਿਸ਼ਾਨ ਰਿਹਾ । ਇੱਥੇ ਤੋਂ ਚੱਲੋ  ਅਤੇ ਇੱਥੇ ਆ ਜਾਇਓ  । ਜਿੰਨੀ ਜਮੀਨ ਵਲ  ਲਓਗੇ , ਉਹ ਹੀ ਤੁਹਾਡੀ । ’’
ਦੀਨਾ ਨੇ ਵੀ ਰੁਪਏ ਕੱਢੇ ਅਤੇ ਗਿਣ ਕੇ ਟੋਪੀ ਵਿੱਚ ਰੱਖ ਦਿੱਤੇ । ਫਿਰ ਉਸਨੇ ਪਾਇਆ ਹੋਇਆ ਆਪਣਾ ਕੋਟ ਉਤਾਰਿਆ ਅਤੇ ਲੰਗੋਟੀ ਕਸ ਲਈ । ਅੰਗੋਛੇ ਵਿੱਚ ਰੋਟੀ ਰੱਖੀ , ਆਸਤੀਨਾਂ ਚੜਾਈਆਂ , ਪਾਣੀ ਦਾ ਬੰਦੋਬਸਤ ਕੀਤਾ , ਆਪਣੇ ਆਦਮੀ ਤੋਂ ਕਹੀ ਲਈ , ਅਤੇ ਚਲਣ ਲਈ ਤਿਆਰ  ਹੋ ਗਿਆ । ਕੁੱਝ ਪਲ ਸੋਚਦਾ ਰਹਿ ਗਿਆ ਕਿ ਕਿਸ ਤਰਫ ਨੂੰ ਜਾਣਾ ਬਿਹਤਰ ਰਹੇਗਾ । ਹਰ ਪਾਸੇ ਲਲਚਾਈਆਂ ਨਜ਼ਰਾਂ ਦੀਆਂ ਲਾਲਾਂ ਸੁੱਟ ਰਿਹਾ ਸੀ ।

ਉਸਨੇ ਤੈਅ ਕੀਤਾ ਕਿ ਅੱਗੇ ਵੇਖਿਆ ਜਾਏਗਾ । ਪਹਿਲਾਂ ਤਾਂ ਸਾਹਮਣੇ ਸੂਰਜ ਦੀ ਤਰਫ ਹੀ  ਚੱਲਾਂ । ਇੱਕ ਵਾਰ ਪੂਰਬ ਦੇ ਵੱਲ ਮੁੰਹ ਕਰਕੇ ਖਡ਼ਾ ਹੋ ਗਿਆ , ਅੰਗੜਾਈ ਲੈ ਕੇ ਸ਼ਰੀਰ ਦੀ ਸੁਸਤੀ ਹਟਾਈ ਅਤੇ ਦੂਰ ਦੁਮੇਲ ਤੇ ਨਿਗਾਹ ਟਿਕਾ  ਸੂਰਜ ਦਾ  ਮੂੰਹ  ਚਮਕਣ ਦਾ ਇੰਤਜਾਰ ਕਰਨ ਲੱਗਾ ।

ਸੋਚਣ ਲੱਗਾ ਕਿ ਮੈਨੂੰ ਵਕਤ ਨਹੀਂ ਖੋਣਾ ਚਾਹੀਦਾ ਹੈ ਅਤੇ ਠੰਡਠੰਡ ਵਿੱਚ ਵਾਧੂ ਪੰਧ ਮੁਕਾ ਲਵਾਂਗਾ । ਸੂਰਜ ਦੀ ਪਹਿਲੀ ਕਿਰਨ ਆਉਂਦਿਆਂ ਹੀ ਦੀਨਾ ਮੋਢੇ ਤੇ ਕਹੀ ਸੰਭਾਲ ਵਡੀਆਂ ਵਡੀਆਂ ਪੁਲਾਘਾਂ ਭਰਦਾ ਖੁੱਲੇ ਮੈਦਾਨ ਵਿੱਚ ਠਿਲ੍ਹ ਪਿਆ
ਸ਼ੁਰੂ ਵਿੱਚ ਉਹ  ਹੌਲੀ ਚੱਲਿਆ ਨਾ ਹੀ ਬਹੁਤਾ ਤੇਜ । ਹਜਾਰ ਕੁ ਗਜ ਚਲਣ ਤੋਂ ਬਾਅਦ ਉਹ ਠਹਰਿਆ । ਓਥੇ ਇੱਕ ਢੇਰੀ ਬਣਾਈ ਤੇ ਉਤੇ ਦਭ ਗੱਡ ਦਿੱਤੀ ਤਾਂ ਜੋ  ਸੌਖ ਨਾਲ ਦਿਖ  ਸਕੇ । ਫਿਰ ਅੱਗੇ ਵਧਿਆ । ਉਸ ਦੇ  ਬਦਨ ਵਿੱਚ ਫੁਰਤੀ ਆ ਗਈ । ਉਸਨੇ ਚਾਲ ਤੇਜ ਕਰ ਦਿੱਤੀ । ਕੁੱਝ ਦੇਰ ਬਾਅਦ ਦੂਜੀ ਨਿਸ਼ਾਨੀ ਲਾਈ।
ਹੁਣ ਪਿੱਛੇ ਮੁੜ ਕੇ ਵੇਖਿਆ । ਸੂਰਜ ਦੀ ਧੁੱਪੇ ਥੇੜੀ ਸਾਫ਼ ਦਿਖਦੀ ਸੀ । ਉਸ ਤੇ ਆਦਮੀ ਖੜੇ ਸਨ ਅਤੇ ਗੱਡੀ ਦੇ ਪਹੀਆਂ ਦੇ ਆਰੇ ਤੱਕ ਚਮਕਦੇ ਦਿਖਦੇ ਸਨ । ਅੰਦਾਜਨ ਤਿੰਨ  ਮੀਲ ਤਾਂ ਉਹ ਆ ਗਿਆ ਹੋਵੇਗਾ । ਧੁੱਪ ਤਿੱਖੀ ਹੋ ਗਈ ਸੀ। ਬਾਸਕਟ ਉਤਾਰਕੇ ਉਸਨੇ ਮੋਢੇ ਤੇ ਰੱਖ ਲਈ ਅਤੇ ਫਿਰ ਚੱਲ ਪਿਆ । ਹੁਣ ਖਾਸੀ ਗਰਮੀ ਹੋਣ ਲੱਗੀ ਸੀ। ਉਸਨੇ ਸੂਰਜ ਦੀ ਤਰਫ ਵੇਖਿਆ । ਵਕਤ ਹੋ ਗਿਆ ਸੀ ਕਿ ਕੁੱਝ ਖਾਣਪੀਣ ਦਾ ਵੀ ਸੋਚਿਆ ਜਾਂਦਾ।
‘‘ਇੱਕ ਪਹਿਰ ਤਾਂ ਗੁਜ਼ਰ ਗਿਆ । ਲੇਕਿਨ ਦਿਨ ਵਿੱਚ ਚਾਰ ਪਹਿਰ ਹੁੰਦੇ ਹਨ। ਹੂੰ , ਅਜੇ  ਜਲਦੀ ਹੈ । ਲੇਕਿਨ ਜੁੱਤੇ ਉਤਾਰ ਲਵਾਂ।’’ ਇਹ ਸੋਚ ਉਸਨੇ ਜੁੱਤੇ ਉਤਾਰਕੇ ਆਪਣੀ ਲੰਗੋਟੀ ਵਿੱਚ ਵਿੱਚ ਅਡੁੰਗ ਲਏ ਅਤੇ ਰਵਾਂ ਹੋ ਗਿਆ  ।

ਸੋਚਿਆ , ‘‘ਅਜੇ  ਤਿੰਨ ਕੁ  ਮੀਲ ਹੋਰ ਵੀ ਚਲਾ ਚੱਲਾਂ । ਤੱਦ ਦੂਜੀ ਦਿਸ਼ਾ ਵੱਲ ਮੁੜਾਂਗਾ। ਕੈਸੀ  ਉਮਦਾ ਜਗਾਹ ਹੈ। ਇਸਨੂੰ ਹਥੋਂ ਜਾਣ ਦੇਣਾ ਹਿਮਾਕਤ ਹੈ ; ਲੇਕਿਨ ਕਿੰਨੀ  ਅਜਬ ਗੱਲ ਹੈ ਕਿ ਜਿਨ੍ਹਾਂ ਅੱਗੇ ਵਧੋ , ਓਨੀ ਜਮੀਨ ਹੋਰ ਚੱਕਵੀੰ ਮਿਲਦੀ ਹੈ । ’’

ਕੁੱਝ ਦੇਰ ਹੋਰ ਉਹ ਸਿੱਧਾ ਅੱਗੇ ਵੱਲ ਚੱਲਿਆ । ਫਿਰ ਪਿੱਛੇ ਮੁੜ ਕੇ ਵੇਖਿਆ ਤਾਂ ਥੇੜੀ ਮੁਸ਼ਕਲ ਨਾਲ ਦਿਖਾਈ ਦਿੰਦੀ   ਸੀ ਅਤੇ ਉਸ ਉੱਤੇ ਆਦਮੀ ਰੀਂਗਦੀ ਕੀੜੀ ਵਰਗੇ ਲੱਗਦੇ ਸਨ  …

ਦੀਨਾ ਨੇ ਸੋਚਿਆ , ‘‘ਓਹ , ਮੈਂ ਏਧਰ ਕਾਫ਼ੀ ਅੱਗੇ ਵੱਧ ਆਇਆ ਹਾਂ । ਹੁਣ ਪਰਤਣਾ ਚਾਹੀਦਾ ਹੈ । ’’ ਮੁੜ੍ਹਕਾ ਬੇਹੱਦ ਆ ਰਿਹਾ ਸੀ ਅਤੇ ਪਿਆਸ ਵੀ ਲੱਗ ਆਈ ਸੀ ।

ਇੱਥੇ ਠਹਿਰਕੇ ਉਸਨੇ ਢੇਰੀ ਬਣਾਈ , ਉੱਤੇ ਘਾਹ ਰੱਖ ਦਿੱਤਾ । ਉਸਦੇ ਬਾਅਦ ਪਾਣੀ ਪੀਕੇ ਸਿੱਧਾ ਖੱਬੇ  ਮੁੜ ਗਿਆ । ਚੱਲਦਾ ਚਲਾ ਗਿਆ , ਚੱਲਦਾ ਚਲਾ ਗਿਆ । ਦਭ ਕਾਈ ਉੱਚੀ ਸੀ ਅਤੇ ਗਰਮੀ ਵੱਧ ਰਹੀ ਸੀ । ਉਹਨੂੰ ਥਕਾਵਟ ਹੋਣ ਲੱਗੀ । ਉਸਨੇ ਸੂਰਜ ਦੀ ਤਰਫ ਵੇਖਿਆ । ਸਿਖਰ  ਦੁਪਹਿਰ ਹੋ ਆਈ ਸੀ ।

ਸੋਚਿਆ , ਹੁਣ ਜਰਾ ਆਰਾਮ ਕਰ ਲੈਣਾ ਚਾਹੀਦਾ ਹੈ । ਉਹ ਬੈਠ ਗਿਆ । ਰੋਟੀ ਕੱਢਕੇ ਖਾਧੀ ਅਤੇ ਕੁੱਝ ਪਾਣੀ ਪੀਤਾ । ਲਿਟਿਆ ਨਹੀਂ ਕਿ ਕਿਤੇ ਨੀਂਦ ਹੀ ਨਾ  ਆ ਜਾਵੇ । ਇਸ ਤਰ੍ਹਾਂ ਕੁੱਝ ਦੇਰ ਬੈਠ , ਫਿਰ ਅੱਗੇ ਵੱਧ ਚੱਲਿਆ ।

ਪਹਿਲਾਂ ਨਾਲੋਂ ਚਲਨਾ ਹੁਣ  ਆਸਾਨ ਹੋ ਗਿਆ ਸੀ  । ਖਾਣੇ ਨਾਲ ਉਸ ਵਿੱਚ  ਕੁਝ ਦਮ ਆ ਗਿਆ ਸੀ । ਲੇਕਿਨ ਗਰਮੀ ਤਿੱਖੀ ਹੋ ਚੱਲੀ ਅਤੇ  ਅੱਖਾਂ ਵਿੱਚ ਉਸਦੇ ਊਂਘ ਜਿਹੀ ਆਉਣ ਲੱਗੀ । ਤਾਂ ਵੀ ਉਹ ਚੱਲਦਾ ਹੀ ਚਲਾ ਗਿਆ । ਸੋਚਿਆ ਕਿ ਤਕਲੀਫ ਘੜੀ ਦੋ ਘੜੀ ਦੀ ਹੋਣੀ ਹੈ , ਆਰਾਮ ਜਿੰਦਗੀ ਭਰ ਦਾ ਹੋ ਜਾਏਗਾ ।

ਇਧਰ ਨੂੰ  ਵੀ ਉਸਨੇ ਕਾਫ਼ੀ ਲੰਬੀ ਵਾਟ ਕੀਤੀ । ਉਹ ਸੱਜੇ  ਪਾਸੇ ਮੁੜਣ ਵਾਲਾ ਹੀ ਸੀ ਕਿ ਅੱਗੇ ਜਮੀਨ ਉਪਜਾਊ ਵਿਖਾਈ ਦਿੱਤੀ । ਉਸਨੇ ਸੋਚਿਆ ਕਿ ਇਸ ਟੁਕੜੇ ਨੂੰ ਛੱਡਣਾ ਤਾਂ ਮੂਰਖਤਾ ਹੋਵੇਗੀ । ਇੱਥੇ ਫਸਲ ਅਜਿਹੀ ਉੱਗੇਗੀ ਕਿ ਕੀ ਕਹਿਣਾ ! ਇਹ ਸੋਚ ਉਸਨੇ ਉਸ ਟੁਕੜੇ ਨੂੰ ਵੀ ਵਲ ਲਿਆ  ਅਤੇ ਪਾਰ ਆਕੇ ਢੇਰੀ ਦੀ ਨਿਸ਼ਾਨੀ ਲਾ  ਦਿੱਤੀ  । ਫਿਰ ਦੂਜੇ ਪਾਸੇ ਮੁੜਿਆ । ਜਦੋਂ ਥੇੜੀ ਦੀ ਤਰਫ ਵੇਖਿਆ ਤਾਂ ਤਪਸ  ਦੇ ਮਾਰੇ ਹਵਾ ਕੰਬਦੀ ਜਿਹੀ ਲੱਗੀ । ਉਸ ਕਾਂਬੇ ਦੇ ਧੁੰਦਕਾਰੇ ਵਿੱਚੋਂ ਉਹ ਥੇੜੀ ਦੀ ਜਗ੍ਹਾ ਮੁਸ਼ਕਲ ਦਿਖਦੀ  ਸੀ ।

ਦੀਨੇ  ਨੇ ਸੋਚਿਆ ਕਿ ਖੇਤ ਦੀਆਂ  ਇਹ ਦੋ ਭੁਜਾਵਾਂ ਮੈਂ ਜਿਆਦਾ ਵਲ ਲਈਆਂ ਹਨ । ਹੁਣ ਏਧਰ ਕੁੱਝ ਘੱਟ ਹੀ ਰਹਿਣ ਦੇਵਾਂ । ਉਹ ਤੇਜ ਕਦਮਾਂ ਨਾਲ  ਤੀਜੀ ਤਰਫ ਵਧਿਆ । ਉਸਨੇ ਸੂਰਜ ਨੂੰ ਵੇਖਿਆ । ਸੂਰਜ ਕੋਈ ਦੋ ਤਿਹਾਈ । ਆਪਣਾ ਚੱਕਰ ਕੱਟ ਚੁਕਾ ਸੀ । ਮੁਕਾਮ ਤੋਂ ਅਜੇ  ਉਹ ਦਸ ਮੀਲ ਦੂਰ ਸੀ । ਉਸਨੇ ਸੋਚਿਆ ਕਿ ਹੁਣ ਜਾਣ ਹੀ ਦੇਵਾਂ । ਮੇਰੀ ਜਮੀਨ ਦੀ ਇੱਕ ਬਾਜੂ ਛੋਟੀ ਰਹਿ ਜਾਇਗੀ ਤਾਂ ਛੋਟੀ ਹੀ ਸਹੀ  । ਪਰ  ਹੁਣ ਸਿੱਧੀ ਲਕੀਰ ਵਿੱਚ ਮੈਨੂੰ ਵਾਪਸ ਚਲਣਾ ਚਾਹੀਦਾ ਹੈ । ਜੇ  ਕਿਤੇ ਦੂਰ ਨਿਕਲ ਗਿਆ ਤਾਂ ਬਾਜੀ ਗਈ । ਓਏ , ਐਨੀ  ਹੀ ਜਮੀਨ ਕੀ ਥੋੜ੍ਹੀ ਹੈ !

ਇਹ ਸੋਚ ਦੀਨੇ  ਨੇ ਓਥੇ ਇੱਕ ਹੋਰ  ਨਿਸ਼ਾਨੀ  ਲਾ ਦਿੱਤੀ  ਅਤੇ ਥੇੜੀ ਦੀ ਤਰਫ ਮੂੰਹ  ਕਰਕੇ  ਠੀਕ ਨੱਕ ਦੀ ਸੇਧ  ਵਿੱਚ ਚੱਲ ਪਿਆ ।

ਪਰ  ਹੁਣ ਚਲਣਾ  ਮੁਸ਼ਕਲ ਹੁੰਦਾ ਜਾਂਦਾ ਸੀ । ਧੁੱਪ ਨੇ  ਉਹਦੀ  ਨਾਂਹ ਕਰਾਈ ਪਈ ਸੀ । ਨੰਗੇ ਪੈਰ ਜਗ੍ਹਾਜਗ੍ਹਾ ਚੀਰੇ ਅਤੇ ਛਾਲੇ ਪੈ  ਗਏ ਸਨ ਅਤੇ ਲੱਤਾਂ  ਜਵਾਬ ਦੇ ਰਹੀਆਂ ਸਨ । ਜਰਾ ਆਰਾਮ ਕਰਨ ਲਈ  ਉਸਦਾ  ਜੀ ਕੀਤਾ , ਪਰ  ਇਹ ਕਿਵੇਂ ਹੋ ਸਕਦਾ ਸੀ ? ਸੂਰਜ ਛਿਪਣ ਤੋਂ ਪਹਿਲਾਂ ਉਸਨੇ ਓਥੇ ਪਹੁੰਚਣਾ ਸੀ । ਸੂਰਜ ਕਿਸੇ ਦੀ ਬਾਟ ਵੇਖਦਾ ਨਹੀਂ ਰਹਿੰਦਾ ! ਉਹ ਪਲਪਲ ਹੇਠਾਂ ਢਲਦਾ ਜਾ ਰਿਹਾ ਸੀ ।

ਉਸਨੂੰ   ਸੋਚ ਘੇਰਨ ਲੱਗੀ  ਕਿ ਮੇਰੇ ਤੋਂ ਵੱਡੀ ਭੁੱਲ ਹੋ ਗਈ। ਮੈਂ ਏਨੇ  ਪੈਰ ਪਸਾਰੇ ਕਿਉਂ ? ਜੇਕਰ ਕਿਤੇ ਵਕਤ ਨਾਲ ਨਾ  ਅੱਪੜਿਆ ਗਿਆ ਤਾਂ ?

ਉਸਨੇ ਫਿਰ ਥੇੜੀ ਦੀ ਤਰਫ ਵੇਖਿਆ , ਫਿਰ ਸੂਰਜ ਦੀ ਤਰਫ । ਮੁਕਾਮ ਤੋਂ ਅਜੇ  ਉਹ ਦੂਰ ਸੀ ਅਤੇ ਸੂਰਜ ਧਰਤੀ ਦੇ ਕੋਲ ਝੁਕ ਰਿਹਾ ਸੀ ।

ਦੀਨਾ ਜੀ ਤੋੜ ਚਲਣ ਲੱਗਾ । ਪਰ ਸਾਹ ਫੁਲਣ ਲੱਗ ਪਈ ਤੇ ਕਠਿਨਾਈ ਵਧ ਗਈ ਸੀ ; ਲੇਕਿਨ ਤੇਜ ਹੋਰ  ਤੇਜ ਕਦਮ ਉਹ ਰੱਖਦਾ ਗਿਆ । ਪਰ ਮੰਜਲ ਅਜੇ ਵੀ ਦੂਰ  ਸੀ । ਇਹ ਵੇਖ ਕੇ ਉਸਨੇ ਭੱਜਣਾ ਸ਼ੁਰੂ ਕਰ ਦਿੱਤਾ । ਮੋਢੇ ਤੋਂ ਵਾਸਕਟ ਸੁੱਟ ਦਿੱਤੀ , ਜੁੱਤੀ  ਵਗਾਹ ਮਾਰੀ ਤੇ ਟੋਪੀ ਵੀ , ਬਸ  ਨਿਸ਼ਾਨੀ ਲਗਾਉਣ ਲਈ ਕਹੀ ਰਹਿਣ ਦਿੱਤੀ  ।

ਰਹਿਰਹਿਕੇ ਸੋਚੇ ਕਿ ਮੈਂ ਕੀ ਕਰਾਂ ? ਮੈਂ ਪਹੁੰਚ ਤੋਂ ਬਾਹਰ ਚੀਜ ਹਥਿਆਉਣੀ ਚਾਹੀ ।

ਹੁਣ ਬਣਿਆ ਬਣਾਇਆ ਕੰਮ ਵਿਗੜਿਆ ਜਾ ਰਿਹਾ ਹੈ । ਹੁਣ  ਛਿਪਣ ਤੋਂ ਪਹਿਲਾਂ ਮੈਂ ਓਥੇ ਕਿਵੇਂ ਪਹੁੰਚਾਂਗਾ ?

ਇਸ ਸੋਚ ਅਤੇ ਡਰ ਦੇ ਕਾਰਨ ਉਹ ਹੋਰ ਵੀ ਵਧ  ਹੌਂਕਣ ਲੱਗ ਪਿਆ । ਉਹ ਮੁੜ੍ਹਕਾ ਮੁੜ੍ਹਕਾ ਹੋ ਰਿਹਾ ਸੀ , ਲੰਗੋਟੀ ਗਿੱਲੀ  ਹੋਕੇ ਚਿਪਕੀ ਜਾ ਰਹੀ ਸੀ ਅਤੇ ਮੂੰਹ ਸੁੱਕ ਗਿਆ ਸੀ । ਲੇਕਿਨ ਫਿਰ ਵੀ ਉਹ ਭੱਜਦਾ ਹੀ ਜਾਂਦਾ ਸੀ । ਛਾਤੀ ਉਸਦੀ ਲੁਹਾਰ ਦੀ ਧੌੰਕਣੀ ਦੀ ਤਰ੍ਹਾਂ ਚੱਲ ਉੱਠੀ , ਦਿਲ ਅੰਦਰ ਹਥੌੜੇ ਦੀ ਚੋਟ ਵਰਗੀ ਠੱਕ ਠੱਕ ਹੋਣ ਲੱਗੀ  । ਉੱਧਰ ਲੱਤਾਂ ਜਵਾਬ ਦੇ  ਰਹੀਆਂ ਸਨ । ਦੀਨੇ  ਨੂੰ ਡਰ ਲਗਿਆ ਕਿ ਥਕਾਣ ਦੇ ਮਾਰੇ ਕਿਤੇ ਡਿੱਗ ਕੇ ਢੇਰ ਹੀ ਨਾ ਹੋ ਜਾਵੇ ।

ਹਾਲ ਇਹ ਸੀ , ਤੇ ਰੁਕ ਉਹ ਨਹੀਂ ਸਕਿਆ । ਏਨਾ ਭੱਜਕੇ ਵੀ ਜੇਕਰ ਮੈਂ  ਰੂਕੂੰਗਾ ਤਾਂ ਉਹ ਸਭ ਲੋਕ ਮੇਰੇ ਤੇ ਹੱਸਣਗੇ ਅਤੇ ਮੈਨੂੰ  ਮੂਰਖ ਬਣਾਉਣਗੇ , ਇਸਲਈ ਉਸਨੇ ਦੌੜਨਾ ਨਹੀਂ ਛੱਡਿਆ ਭੱਜਦਾ ਹੀ ਗਿਆ । ਅੱਗੇ ਕੋਲ ਲੋਕਾਂ ਦੀ ਅਵਾਜ ਸੁਣਾਈ ਪੈਂਦੀ ਸੀ । ਉਹ ਉਹਨੂੰ ਜੋਰ ਜੋਰ ਨਾਲ ਹਾਕਾਂ ਮਾਰ ਰਹੇ ਸਨ । ਇਹਨਾਂ ਹਾਕਾਂ ਨਾਲ  ਉਸਦਾ ਦਿਲ ਹੋਰ  ਸੁਲਗ ਉੱਠਿਆ । ਆਪਣੀ ਆਖਰੀ ਤਾਕਤ ਸਮੇਟ ਉਹ ਭੱਜਿਆ ।

ਸੂਰਜ ਧਰਤੀ ਨਾਲ ਲੱਗਦਾ  ਜਾ ਰਿਹਾ ਸੀ । ਤਿਰਛੀ ਰੋਸ਼ਨੀ ਦੇ ਕਾਰਨ ਉਹ ਖੂਬ ਵੱਡਾ  ਅਤੇ ਲਹੂ ਵਰਗਾ ਲਾਲ ਦਿਖਾਈ ਦੇ ਰਿਹਾ ਸੀ । ਉਹ ਹੁਣ ਡੁੱਬਿਆ , ਹੁਣ ਡੁੱਬਿਆ । ਸੂਰਜ ਬਹੁਤ ਹੇਠਾਂ ਪਹੁੰਚ  ਗਿਆ ਸੀ । ਲੇਕਿਨ ਦੀਨਾ ਵੀ ਮੰਜਲ  ਦੇ ਬਿਲਕੁੱਲ ਕਿਨਾਰੇ ਆ ਲੱਗਾ ਸੀ । ਥੇੜੀ ਤੇ ਹੱਥ ਹਿਲਾ ਹਿਲਾਕੇ ਹੌਸਲਾ ਅਫਜਾਈ ਕਰਦੇ  ਕੋਲ ਲੋਕ ਉਸਨੂੰ ਸਾਹਮਣੇ ਵਿਖਾਈ ਦਿੰਦੇ ਸਨ । ਹੁਣ ਤਾਂ ਜਮੀਨ ਤੇ ਰੱਖੀ ਉਹ ਟੋਪੀ ਵੀ ਦਿਖਣ ਲੱਗ ਪਈ  ਸੀ , ਜਿਸ ਵਿੱਚ ਉਸਦੀ ਰਕਮ ਵੀ ਰੱਖੀ ਸੀ । ਓਥੇ ਬੈਠਾ ਸਰਦਾਰ ਵੀ ਵਿਖਾਈ ਦਿੱਤਾ ਉਹ ਢਿੱਡ ਫੜੀਂ ਹੱਸ ਰਿਹਾ ਸੀ ।

ਦੀਨੇ  ਨੂੰ ਸੁਪਨੇ ਦੀ ਯਾਦ ਹੋ ਆਈ ।

ਉਸਨੇ ਸੋਚਿਆ ਕਿ ਹਾਏ , ਜਮੀਨ ਤਾਂ ਕਾਫ਼ੀ ਵਲ ਲਈ  ਹੈ , ਲੇਕਿਨ ਕੀ ਰੱਬ ਮੈਨੂੰ ਉਹਨੂੰ ਭੋਗਣ ਲਈ ਜਿੰਦਾ ਵੀ ਰਹਿਣ ਦੇਵੇਗਾ ? ਮੇਰੀ ਜਾਨ ਤਾਂ ਨਿਕਲਦੀ ਲੱਗਦੀ ਹੈ । ਮੈਂ ਮੁਕਾਮ ਤੱਕ ਹੁਣ ਨਹੀਂ ਪਹੁੰਚ  ਸਕਾਂਗਾ । ਦੀਨੇ  ਨੇ ਹਸਰਤਭਰੀ ਨਜ਼ਰ ਨਾਲ  ਸੂਰਜ ਦੀ ਤਰਫ ਵੇਖਿਆ ਸੂਰਜ ਧਰਤੀ ਨੂੰ ਛੂ ਚੁਕਾ ਸੀ । ਉਹ ਬਚੀ ਖੁਚੀ ਆਪਣੀ ਸ਼ਕਤੀ ਨਾਲ ਅੱਗੇ ਵਧਿਆ । ਕਮਰ ਝੁਕਾ ਕੇ ਭੱਜਿਆ , ਜਿਵੇਂ ਕਿ ਲੱਤਾਂ ਸਾਥ ਨਾ  ਦਿੰਦੀਆਂ  ਹੋਣ । ਥੇੜੀ ਤੇ ਪੁੱਜਦੇ ਪੁੱਜਦੇ ਹਨੇਰਾ ਉੱਤਰ ਆਇਆ ਸੀ । ਉਸਨੇ ਉੱਤੇ ਵੇਖਿਆ ਸੂਰਜ ਲੁੱਕ ਚੁਕਾ ਸੀ । ਉਸਦੇ ਮੁੰਹ ਤੋਂ ਇੱਕਪਰ ਲੇਕਿਨ ਉਸਨੂੰ ਸੁਣਾਈ ਪਿਆ ਕਿ ਹੰਭਲਾ ਮਾਰ  ਅਤੇ ਉਨ੍ਹਾਂ ਨੂੰ ਸੂਰਜ ਅਜੇ  ਵੀ ਦਿਖ ਰਿਹਾ ਹੋਵੇਗਾ । ਸੂਰਜ ਲੁਕਾ ਨਹੀਂ ਹੈ , ਬਸ ਮੈਨੂੰ ਨਹੀਂ ਦਿਖਦਾ  । ਇਹ ਸੋਚਕੇ ਉਸਨੇ ਲੰਮੀ ਸਾਹ ਖਿੱਚੀ ਅਤੇ ਅੱਖਾਂ ਮੀਚ ਕੇ ਥੇੜੀ ਵੱਲ ਭੱਜਿਆ । ਸਿੱਖਰ ਤੇ ਅਜੇ  ਧੁੱਪ ਸੀ । ਕੋਲ ਅੱਪੜਿਆ ਅਤੇ ਸਾਹਮਣੇ ਟੋਪੀ ਵੇਖੀ । ਬਰਾਬਰ ਸਰਦਾਰ ਬੈਠਾ ਅਜੇ ਵੀ  ਢਿੱਡ ਫੜੀਂ ਹੱਸ ਰਿਹਾ ਸੀ । ਦੀਨੇ  ਨੂੰ ਫਿਰ ਆਪਣਾ ਸੁਫ਼ਨਾ ਯਾਦ ਆਇਆ ਅਤੇ ਉਸਦੇ ਮੂੰਹੋਂ  ਚੀਖ ਨਿਕਲ ਪਈ । ਲੱਤਾਂ  ਉੱਕਾ  ਜਵਾਬ ਦੇ ਗੀਆਂ ।

ਉਹ ਮੂੰਹ ਦੇ ਜੋਰ ਅੱਗੇ ਨੂੰ ਡਿਗਿਆ ਅਤੇ ਉਸਦੇ ਹੱਥ ਟੋਪੀ ਤੱਕ ਜਾ ਪੁੱਜੇ ।

ਖੂਬ ! ਖੂਬ ! ਸਰਦਾਰ ਨੇ ਕਿਹਾ , ਵੇਖੋ , ਉਸਨੇ ਕਿੰਨੀ ਜਮੀਨ ਮਾਰ ਲਈ !

ਦੀਨੇ  ਦਾ ਨੌਕਰ ਭੱਜਿਆ ਆਇਆ ਅਤੇ ਉਸਨੇ ਮਾਲਿਕ ਨੂੰ ਚੁੱਕਣਾ ਚਾਹਿਆ । ਲੇਕਿਨ ਵੇਖਦਾ ਕੀ ਹੈ ਕਿ ਮਾਲਿਕ ਦੇ ਮੂੰਹ ਤੋਂ ਖੂਨ ਨਿਕਲ ਰਿਹਾ ਹੈ ।
ਦੀਨਾ ਮਰ ਚੁਕਾ ਸੀ । ਕੋਲ ਲੋਕ ਤਰਸ ਨਾਲ ਅਤੇ ਵਿਅੰਗ ਨਾਲ  ਹੱਸਣ ਲੱਗੇ । ਨੌਕਰ ਨੇ ਕਹੀ ਫੜੀ  ਅਤੇ ਦੀਨੇ  ਲਈ ਕਬਰ ਪੁੱਟੀ ਅਤੇ ਉਸ ਵਿੱਚ ਲਿਟਾ ਦਿੱਤਾ । ਸਿਰ ਤੋਂ ਪੈਰ ਤੱਕ ਕੁਲ ਛੇ ਫੁੱਟ ਜਮੀਨ ਉਸ ਵਾਧੂ ਸੀ ।

About Satdeep ਸਤਦੀਪ ستدیپ

To the world you may be just one person, but to one person you may be the world. Brandi Snyder
This entry was posted in Uncategorized. Bookmark the permalink.

2 Responses to ਬੰਦੇ ਨੂੰ ਕਿੰਨੀ ਜ਼ਮੀਨ ਦੀ ਲੋੜ ?–ਤਾਲਸਤਾਏ ਦੀ ਅਮਰ ਕਹਾਣੀ

  1. Pingback: ਬੰਦੇ ਨੂੰ ਕਿੰਨੀ ਜ਼ਮੀਨ ਦੀ ਲੋੜ ?–ਤਾਲਸਤਾਏ ਦੀ ਅਮਰ ਕਹਾਣੀ « ਮੁੱਖ ਧਾਰਾ مُخ دھارا Mukh Dhara

  2. sandeep says:

    nice story

Leave a comment